SDM ਵੱਲੋਂ ਝੋਨੇ ਦੀ ਪਰਾਲੀ ਤੇ ਰਹਿੰਦ ਖੂਹੰਦ ਸਬੰਧੀ ਕਲੱਸਟਰ/ਨੋਡਲ ਅਫਸਰਾਂ ਨੂੰ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਹਦਾਇਤ ਜਾਰੀ
ਰੂਪਨਗਰ, 29 ਸਤੰਬਰ : ਐਸ.ਡੀ.ਐਮ. ਰੂਪਨਗਰ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਝੋਨੇ ਦੀ ਪਰਾਲੀ ਤੇ ਰਹਿੰਦ ਖੂਹੰਦ ਸਬੰਧੀ ਪਿੰਡ ਪੱਧਰ ਤੇ ਲਗਾਏ ਗਏ ਕਲੱਸਟਰ/ਨੋਡਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਵਿਗਿਆਨਿਕ ਢੰਗ ਨਾਲ ਸੰਭਾਲਣ ਅਤੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਰੋਕਣ ਲਈ ਰੂਪਨਗਰ ਸਬ-ਡਿਵਿਜ਼ਨ ਨੂੰ 13 ਕਲੱਸਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਕਲੱਸਟਰ ਲਈ ਅਫਸਰ ਨਿਯੁਕਤ ਕੀਤੇ ਗਏ ਹਨ।
ਇਸ ਮੀਟਿੰਗ ਦੌਰਾਨ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਹਰੇਕ ਕਲੱਸਟਰ ਅਫਸਰ ਆਪਣੇ ਅਲਾਟ ਕੀਤੇ ਖੇਤਰ ਵਿੱਚ ਨੋਡਲ ਅਫਸਰਾਂ ਦੀ ਸੁਪਰਵੀਜ਼ਨ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਝੋਨੇ ਦੀ ਪਰਾਲੀ ਸਾੜਨ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਨਵੀਂ ਦਿੱਲੀ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪੂਰੀ ਪਾਲਣਾ ਹੋਵੇ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਕਿਸਾਨ ਭਰਾਵਾਂ ਨੂੰ SMS ਸੇਵਾ ਅਤੇ ਹੋਰ ਸਾਧਨਾਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ, ਤਾਂ ਜੋ ਉਹ ਪਰਾਲੀ ਦੀ ਸੰਭਾਲ ਲਈ ਵਿਗਿਆਨਿਕ ਤਰੀਕਿਆਂ ਨੂੰ ਅਪਣਾਉਣ। ਇਸ ਤੋਂ ਇਲਾਵਾ, ਕਲੱਸਟਰ ਅਤੇ ਨੋਡਲ ਅਫਸਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ ਅਤੇ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਇਹ ਪ੍ਰਭਾਵੀ ਤਰੀਕੇ ਨਾਲ ਸੰਦੇਸ਼ ਦਿੱਤਾ ਜਾਵੇ ਕਿ ਸਰਕਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਵਚਨਬੱਧ ਹੈ।