ਉਦਯੋਗਿਕ ਦਿੱਗਜ਼ਾਂ ਵੱਲੋਂ ਸਨਅਤੀ ਵਿਕਾਸ ਲਈ ਸੁਖਾਵਾਂ ਮਾਹੌਲ ਪ੍ਰਦਾਨ ਕਰਨ ‘ਤੇ ਭਗਵੰਤ ਮਾਨ ਸਰਕਾਰ ਦੀ ਸ਼ਲਾਘਾ
ਗੁਰੂਗ੍ਰਾਮ, 29 ਸਤੰਬਰ 2025- ਉਦਯੋਗ ਜਗਤ ਦੇ ਦਿੱਗਜ਼ਾਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਉਦਯੋਗ ਪੱਖੀ ਨੀਤੀਆਂ ਦੀ ਭਰਵੀਂ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦਿੱਤਾ ਹੈ।
ਏਪੀਜੇ ਸੁਰਿੰਦਰ ਪਾਰਕ ਹੋਟਲਜ਼ ਦੀ ਚੇਅਰਪਰਸਨ ਪ੍ਰਿਆ ਪਾਲ ਨੇ ਇਨਵੈਸਟ ਪੰਜਾਬ ਨਾਲ ਕੰਮ ਕਰਨ ਦਾ ਆਪਣਾ ਸਕਾਰਾਤਮਕ ਤਜਰਬਾ ਸਾਂਝਾ ਕੀਤਾ ਅਤੇ ਸੂਬਾ ਸਰਕਾਰ ਤੋਂ ਪ੍ਰਾਪਤ ਸਹਿਯੋਗ ਖਾਸ ਕਰਕੇ ਪ੍ਰਾਹੁਣਚਾਰੀ ਖੇਤਰ ਵਿੱਚ ਦਿੱਤੇ ਸਹਿਯੋਗ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੈਰ-ਸਪਾਟਾ ਉਦਯੋਗ ਵਿੱਚ ਇਸ ਦੀ ਅਥਾਹ ਸੰਭਾਵਨਾ ਦੇ ਕਾਰਨ ਨਿਵੇਸ਼ਕਾਂ ਵਿੱਚ ਦਿਲਚਸਪੀ ਵਧ ਰਹੀ ਹੈ।
ਓਸਵਾਲ ਗਰੁੱਪ ਦੇ ਕਮਲ ਓਸਵਾਲ ਨੇ ਸੂਬੇ ਵਿੱਚ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਦਲੇਰਾਨਾ ਪਹਿਲਕਦਮੀਆਂ ਅਪਣਾਉਣ ਲਈ ਸਰਕਾਰ ਦੀ ਸ਼ਲਾਘਾ ਕਰਦਿਆਂ ਪੰਜਾਬ ਨੂੰ “ਵਾਅਦਿਆਂ ਦੀ ਧਰਤੀ” ਦੱਸਿਆ। ਉਨ੍ਹਾਂ ਨੇ ਮੁੱਖ ਮੰਤਰੀ ਦੀ ਦੀ ਦੂਰਦਰਸ਼ੀ ਅਗਵਾਈ ਲਈ ਧੰਨਵਾਦ ਕੀਤਾ, ਜੋ ਪੰਜਾਬ ਨੂੰ ਅੱਗੇ ਵਧਾਉਣ ਵਿੱਚ ਸਹਾਈ ਸਾਬਤ ਹੋਈ ਹੈ। ਉਨ੍ਹਾਂ ਨੇ ਸੂਬੇ ਦੀ ਹੁਨਰਮੰਦ ਕਿਰਤ ਸ਼ਕਤੀ ਅਤੇ ਅਨੁਕੂਲ ਉਦਯੋਗਿਕ ਮਾਹੌਲ ਨੂੰ ਮਹੱਤਵਪੂਰਨ ਦੱਸਦੇ ਹੋਏ ਆਪਣੇ ਕਾਰਜਾਂ ਨੂੰ ਵਧਾਉਣ ਲਈ 500 ਕਰੋੜ ਰੁਪਏ ਦੇ ਨਿਵੇਸ਼ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ।
ਸ਼੍ਰੀਮਤੀ ਬੈਕਟਰਸ ਦੇ ਪ੍ਰਬੰਧ ਨਿਰਦੇਸ਼ਕ ਅਨੂਪ ਬੈਕਟਰ ਨੇ ਕੰਪਨੀ ਦੀ ਮਾਮੂਲੀ ਸ਼ੁਰੂਆਤ ਤੋਂ ਅੰਤਰਰਾਸ਼ਟਰੀ ਕਾਰੋਬਾਰ ਤੱਕ ਦੇ ਵਾਧੇ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਪੰਜਾਬ ਵਿੱਚ 500 ਕਰੋੜ ਰੁਪਏ ਦੇ ਆਉਣ ਵਾਲੇ ਨਿਵੇਸ਼ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਕੰਪਨੀ ਅੱਠ ਰਾਜਾਂ ਵਿੱਚ ਕੰਮ ਕਰਦੀ ਹੈ। ਪੰਜਾਬ ਉਦਯੋਗ ਲਈ ਜ਼ਮੀਨ ਦੀ ਉਪਲਬਧਤਾ, ਬੁਨਿਆਦੀ ਢਾਂਚਾ, ਹੁਨਰਮੰਦ ਕਿਰਤ, ਹਵਾਈ ਸੰਪਰਕ, ਨਿਰਵਿਘਨ ਬਿਜਲੀ ਸਪਲਾਈ, ਵਿੱਤੀ ਪ੍ਰੋਤਸਾਹਨ ਅਤੇ ਸਰਕਾਰੀ ਸਹਾਇਤਾ ਲਈ ਸਭ ਤੋਂ ਵਧੀਆ ਮਾਹੌਲ ਦੀ ਪੇਸ਼ਕਸ਼ ਕਰਦਾ ਹੈ ਜਿਸ ਕਰਕੇ ਇਹ ਸਾਰੇ ਪੰਜਾਬ ਨੂੰ ਨਿਵੇਸ਼ ਲਈ ਆਕਰਸ਼ਕ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ।
ਨੈਸਲੇ ਇੰਡੀਆ ਦੇ ਤਕਨੀਕੀ ਮੁਖੀ ਸੰਦੀਪ ਗੋਇਲ ਨੇ ਕਿਹਾ ਕਿ ਕੰਪਨੀ ਛੇ ਸਾਲਾਂ ਤੋਂ ਵੱਧ ਸਮੇਂ ਤੋਂ ਪੰਜਾਬ ਵਿੱਚ ਕੰਮ ਕਰ ਰਹੀ ਹੈ ਅਤੇ ਮੌਜੂਦਾ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆ ਸਹੂਲਤਾਂ ਤੋਂ ਲਾਭ ਉਠਾ ਰਹੀ ਹੈ। ਉਨ੍ਹਾਂ ਨੇ ਉਦਯੋਗਿਕ ਵਿਕਾਸ ਨੂੰ ਸੁਚਾਰੂ ਬਣਾਉਣ ਲਈ ਸਰਕਾਰ ਦੀ ਮਜ਼ਬੂਤ ਵਿਵਸਥਾ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਨੂੰ ਭਾਰਤ ਵਿੱਚ ਮੋਹਰੀ ਉਦਯੋਗਿਕ ਰਾਜ ਵਜੋਂ ਸਥਾਪਤ ਕਰਨ ਲਈ ਇਸਦੇ ਨਿਰੰਤਰ ਯਤਨਾਂ ਨੂੰ ਜ਼ਰੂਰੀ ਦੱਸਿਆ।
ਜੇਨਪੈਕਟ ਦੇ ਸਾਬਕਾ ਪ੍ਰਧਾਨ ਅਤੇ ਸੀਈਓ ਪ੍ਰਮੋਦ ਭਸੀਨ ਨੇ ਕਿਹਾ ਕਿ ਕੰਪਨੀ ਨੇ ਪਹਿਲਾਂ ਹੀ ਪੰਜਾਬ ਵਿੱਚ 1400 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜਿਸ ਵਿੱਚ ਜਲਦੀ ਹੀ 1600 ਕਰੋੜ ਰੁਪਏ ਦਾ ਹੋਰ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਦੀ ਖਾਸ ਕਰਕੇ ਸੜਕ ਅਤੇ ਹਵਾਈ ਸੰਪਰਕ ਦੇ ਨਾਲ-ਨਾਲ ਇਸ ਦੀ ਅਮੀਰ ਪ੍ਰਤਿਭਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਰਕਾਰ ਦੇ ਸਮਰਥਨ ਅਤੇ ਉਦਯੋਗ-ਅਨੁਕੂਲ ਨੀਤੀਆਂ ਨੂੰ ਕਾਰੋਬਾਰ ਕਰਨ ਦੀ ਸੌਖ ਨੂੰ ਬਿਹਤਰ ਬਣਾਉਣ ਅਤੇ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ ਦਾ ਸਿਹਰਾ ਦਿੱਤਾ।
ਐਵਰਾਈਜ਼ ਇੰਡੀਆ ਦੇ ਸਲਾਹਕਾਰ ਸ਼ਿਵ ਰਾਜ ਪਲਟਾ ਨੇ ਵੀ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਣ ਅਤੇ ਪੰਜਾਬ ਨੂੰ ਵਿਕਾਸ ਦੇ ਰਾਹ ‘ਤੇ ਪਾਉਣ ਲਈ ਰਾਜ ਸਰਕਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨਵੈਸਟ ਪੰਜਾਬ ਉੱਦਮੀਆਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਦਾ ਹੈ, ਜੋ ਕਿ ਰਾਜ ਦੇ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਹਨ।