ਬਠਿੰਡਾ ਪ੍ਰੈੱਸ ਕਲੱਬ ਵੱਲੋਂ ਪੱਤਰਕਾਰ ਖਿਲਾਫ ਮੁਕੱਦਮਾ ਰੱਦ ਕਰਨ ਲਈ 48 ਘੰਟਿਆਂ ਦਾ ਅਲਟੀਮੇਟਮ
ਅਸ਼ੋਕ ਵਰਮਾ
ਬਠਿੰਡਾ , 29 ਸਤੰਬਰ 2025 : ਬਠਿੰਡਾ ਤੋਂ ਪੱਤਰਕਾਰ ਭਾਰਤ ਭੂਸ਼ਣ ਮਿੱਤਲ ਖਿਲਾਫ ਦਰਜ ਮਾਮਲੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਬਠਿੰਡਾ ਪ੍ਰੈੱਸ ਕਲੱਬ ਦਾ ਵਫਦ ਅੱਜ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਮਿਲਿਆ ਅਤੇ 48 ਘੰਟਿਆਂ ਦੇ ਅੰਦਰ ਅੰਦਰ ਮੁਕੱਦਮਾ ਰੱਦ ਕਰਨ ਲਈ ਅਲਟੀਮੇਟਮ ਵੀ ਦਿੱਤਾ। ਵਫ਼ਦ ਨੇ ਜਿਥੇ ਪੱਤਰਕਾਰ ਖਿਲਾਫ ਦਰਜ ਕੀਤਾ ਝੂਠਾ ਕੇਸ ਰੱਦ ਕਰਨ ਦੀ ਮੰਗ ਕੀਤੀ, ਉਥੇ ਚਿਤਾਵਨੀ ਦਿੱਤੀ ਕਿ ਜੇਕਰ 48 ਘੰਟਿਆਂ ਦੇ ਅੰਦਰ ਅੰਦਰ ਕੇਸ ਰੱਦ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਪ੍ਰੈੱਸ ਕਲੱਬ ਦੇ ਪ੍ਰਧਾਨ ਬਖਤੌਰ ਸਿੰਘ ਢਿੱਲੋ, ਸੀਨੀਅਰ ਮੀਤ ਪ੍ਰਧਾਨ ਸੁਖਮੀਤ ਸਿੰਘ ਭਸੀਨ, ਜਨਰਲ ਸਕੱਤਰ ਸਵਰਨ ਸਿੰਘ ਦਾਨੇਵਾਲੀਆ, ਸੰਯੁਕਤ ਸਕੱਤਰ ਬਿਕਰਮ ਬਿੰਨੀ, ਐਡੀਸ਼ਨਲ ਸੈਕਟਰੀ ਕੁਲਬੀਰ ਬੀਰਾ, ਸੈਕਟਰੀ ਗੁਰਤੇਜ ਸਿੰਘ ਸਿੱਧੂ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਪੱਤਰਕਾਰ ਭਾਰਤ ਭੂਸ਼ਣ ਮਿੱਤਲ ਨੇ ਗੋਡਿਆਂ ਦੀ ਸਰਜਰੀ ਦੇ ਹੋਏ ਵੱਡੇ ਘੁਟਾਲੇ ਸਬੰਧੀ ਇਕ ਆਰਟੀਆਈ ਪਾ ਕੇ ਜਾਣਕਾਰੀ ਮੰਗੀ ਸੀ, ਪਰ ਸਿਹਤ ਵਿਭਾਗ ਦੇ ਅਧਿਕਾਰੀ ਲਗਾਤਾਰ ਸੂਚਨਾ ਦੇਣ ਤੋਂ ਆਨਾਕਾਨੀ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਿਵਲ ਹਸਪਤਾਲ ਦੀ ਐਸਐਮਓ ਡਾਕਟਰ ਸੋਨੀਆ ਗੁਪਤਾ ਦੇ ਦਫਤਰ ਵੱਲੋਂ ਭਾਰਤ ਭੂਸ਼ਣ ਨੂੰ ਆਰਟੀਆਈ ਦੇ ਖਰਚੇ ਬਦਲੇ 10,000 ਜਮਾਂ ਕਰਵਾਉਣ ਲਈ ਕਿਹਾ। ਇਸ ਤੋਂ ਪਹਿਲਾਂ ਆਰਟੀਆਈ ਤਹਿਤ ਜਾਣਕਾਰੀ ਲੈਣ ਲਈ ਰਿਕਾਰਡ ਚੈੱਕ ਕਰਨ ਖਾਤਰ ਪੱਤਰਕਾਰ ਤੋਂ ਪੈਸੇ ਜਮਾਂ ਕਰਵਾਏ ਗਏ। ਉਨ੍ਹਾਂ ਮਸਲਾ ਉਠਾਇਆ ਕਿ ਜਦੋਂ ਆਰਟੀਆਈ ਤਿਆਰ ਹੀ ਨਹੀਂ ਕੀਤੀ ਗਈ ਸੀ ਤਾਂ ਫਿਰ ਪੈਸੇ ਕਿਸ ਗੱਲ ਤੋਂ ਜਮਾਂ ਕਰਵਾਉਣ ਲਈ ਕਿਹਾ ਗਿਆ, ਜਿਹੜਾ ਕਿ ਇਸ ਮਾਮਲੇ ਵਿਚ ਵੱਡਾ ਸ਼ੱਕ ਪੈਦਾ ਕਰਦਾ ਹੈ। ਹਾਲਾਂਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਉਮੀਦ ਸੀ ਕਿ ਪੱਤਰਕਾਰ ਇੰਨ੍ਹੇ ਪੈਸੇ ਜਮਾ ਨਹੀਂ ਕਰਵਾ ਸਕੇਗਾ। ਗੋਡਿਆਂ ਦੀ ਸਰਜਰੀ ਵਿਚ ਹੋਏ ਕਥਿਤ ਇੱਕ ਦਿਨ ਇੱਕ ਘੁਟਾਲੇ ਸਬੰਧੀ ਪੱਤਰਕਾਰ ਭਾਰਤ ਭੂਸ਼ਨ ਵੱਲੋਂ ਆਪਣੇ ਅਖਬਾਰ ਵਿੱਚ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ।
ਇਸ ਖਬਰ ਵਿੱਚ ਬਕਾਇਦਾ ਐਸਐਮਓ ਸੋਨੀਆ ਗੁਪਤਾ ਦਾ ਪੱਖ ਵੀ ਪਾਇਆ ਗਿਆ ਸੀ। ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਤੋਂ ਮੰਗ ਕੀਤੀ ਹੈ ਕਿ ਪੱਤਰਕਾਰ ਖਿਲਾਫ ਦਰਜ ਕੀਤਾ ਝੂਠਾ ਕੇਸ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਅਲਟੀਮੇਟਮ ਦਿੱਤਾ ਕਿ ਜੇਕਰ 48 ਘੰਟਿਆਂ ਅੰਦਰ ਦਰਜ ਕੀਤਾ ਕੇਸ ਵਾਪਸ ਨਾ ਲਿਆ ਗਿਆ ਤਾਂ ਪੱਤਰਕਾਰ ਭਾਈਚਾਰਾ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਹਾਜ਼ਰ ਰਿਹਾ। ਡਿਪਟੀ ਕਮਿਸ਼ਨਰ ਨੂੰ ਮਿਲਣ ਤੋਂ ਪਹਿਲਾਂ ਪ੍ਰੈੱਸ ਕਲੱਬ ਵਿਚ ਇਕ ਹੰਗਾਮੀ ਮੀਟਿੰਗ ਪ੍ਰਧਾਨ ਬਖਤੌਰ ਢਿੱਲੋਂ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਤੁਰੰਤ ਇਸ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਦੂਜੇ ਪਾਸੇ ਪ੍ਰੈਸ ਕਲੱਬ ਅੱਗੇ ਸਵੇਰੇ ਹੀ ਐਸਐਚਓ ਕੋਤਵਾਲੀ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲਿਸ ਫੋਰਸ ਲਗਾ ਦਿੱਤੀ ਗਈ, ਪਰ ਜਦੋਂ ਪੱਤਰਕਾਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਿਸ ਉਥੋਂ ਚਲੀ ਗਈ।