ਹੜ੍ਹ ਪੀੜਤ ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਰੋਜ਼ਾਨਾ ਚੱਲ ਰਹੇ ਹਨ 8 ਘੰਟੇ ਟਰੈਕਟਰ
50 ਦਿਨਾਂ ਤੋਂ ਸੰਤ ਸੀਚੇਵਾਲ ਦੀ ਹੜ੍ਹ ਪੀੜਤਾਂ ਦੀ ਕਰ ਰਹੇ ਹਨ ਮਦਦ
ਹੜ੍ਹ ਪੀੜਤਾਂ ਲਈ ਕਿਸੇ ਐਮਪੀ ਵੱਲੋਂ ਰੋਜ਼ਾਨਾ ਏਨਾ ਸਮਾਂ ਦੇਣਾ ਆਪਣੇ ਵਿੱਚ ਇੱਕ ਮਿਸਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 29 ਸਤੰਬਰ 2025 - ਬਾਊਪੁਰ ਮੰਡ ਇਲਾਕੇ ਵਿੱਚ ਹੜ੍ਹ ਪੀੜਤਾਂ ਦੀ ਮੱਦਦ ਕਰ ਰਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਅੱਜ 50 ਦਿਨ ਪੂਰੇ ਹੋ ਗਏ ਹਨ। ਬਾਊਪੁਰ ਮੰਡ ਇਲਾਕੇ ਵਿੱਚ ਕਿਸਾਨਾਂ ਵੱਲੋਂ ਬਿਆਸ ਦਰਿਆ ਦਾ ਪਾਣੀ ਰੋਕਣ ਲਈ 32 ਕਿਲੋਮੀਟਰ ਦੇ ਘੇਰੇ ਵਾਲਾ ਆਰਜ਼ੀ 8 ਥਾਵਾਂ ਤੋਂ ਟੱੁਟ ਗਿਆ ਸੀ। ਬੰਨ੍ਹਾਂ ਵਿੱਚ ਵੱਖ-ਵੱਖ ਪਾੜਾ ਕਾਰਨ ਮਚੀ ਤਬਾਹੀ ਦਾ ਅਸਲ ਹਿਸਾਬ ਅਜੇ ਤੱਕ ਨਹੀਂ ਲੱਗ ਸਕਿਆ। ਪਰ ਸੰਤ ਸੀਚੇਵਾਲ ਹੜ੍ਹ ਵਿੱਚ ਘਿਰੇ ਲੋਕਾਂ ਦੀ ਪਹਿਲੇ ਦਿਨ 11 ਅਗਸਤ ਤੋਂ ਹੀ ਮੱਦਦ ਕਰਦੇ ਆ ਰਹੇ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਰੋਜ਼ਾਨਾ ਸਵੇਰੇ ਸਾਢੇ 7 ਵਜੇ ਤੋਂ ਲੈਕੇ ਦੇਰ ਸ਼ਾਮ ਸਾਢੇ 7 ਵਜੇ ਤੱਕ ਕਰੀਬ 12 ਘੰਟੇ ਆਪਣੀਆਂ ਸੇਵਾਵਾਂ ਹੜ੍ਹ ਪੀੜਤਾਂ ਨੂੰ ਦੇ ਰਹੇ ਹਨ। ਉਹ ਰੋਜ਼ਾਨਾ ਸੁਲਤਾਨਪੁਰ ਲੋਧੀ ਤੋਂ ਸਵੇਰੇ ਸਿੱਧਾ ਬਾਊਪੁਰ ਮੰਡ ਇਲਾਕੇ ਵਿੱਚ ਪਹੁੰਚਦੇ ਹਨ। ਪੰਜਾਬ ਅਤੇ ਹੋਰ ਦੁਜੇ ਸੂਬਿਆਂ ਤੋਂ ਖੇਤ ਪੱਧਰ ਕਰਨ ਲਈ ਆਏ ਟ੍ਰੈਕਟਰਾਂ ਨੂੰ ਜਿੱਥੇ ਡਿਊਟੀਆਂ ਵੰਡ ਕੇ ਦਿੰਦੇ ਹਨ ਉਥੇ ਆਪ ਵੀ ਲੱਕ ਬੰਨ੍ਹ ਕੇ ਟਰੈਕਟਰ ‘ਤੇ ਬੈਠ ਜਾਂਦੇ ਹਨ। ਬਾਊਪੁਰ ਮੰਡ ਦੇ ਪਿੰਡ ਭੈਣੀ ਕਾਦਰ ਬਖ਼ਸ਼ ਦੇ ਚਾਰ ਕਿਸਾਨ ਭਾਰਵਾਂ ਦੀ ਜ਼ਮੀਨ ਵਿੱਚ 35 ਤੋਂ 40 ਫੁੱਟ ਡੂੰਘੇ ਪਏ ਟੋਏ ਨੂੰ ਭਰਨ ਸੰਤ ਸੀਚੇਵਾਲ ਲੱਗੇ ਹੋਏ ਹਨ।
“ਜਾਗਦਾ ਪੰਜਾਬ” ਦੇ ਪ੍ਰਧਾਨ ਰਾਕੇਸ਼ ਸ਼ਾਂਤੀ ਦੂਤ ਨੇ ਹੜ੍ਹ ਪੀੜਤਾਂ ਲਈ ਦੇਸ਼ ਦੇ ਕਿਸੇ ਐਮਪੀ ਵੱਲੋਂ ਰੋਜ਼ਾਨਾ ਏਨਾ ਸਮਾਂ ਦੇਣਾ ਆਪਣੇ ਆਪ ਵਿੱਚ ਹੀ ਇੱਕ ਬੇਮਿਸਾਲ ਉਦਾਹਰਣ ਹੈ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਰਾਹ ਦਸੇਰਾ ਬਣੇਗੀ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਸਾਰੇ ਰਾਜਨੀਤਿਕ ਆਗੂਆਂ ਦੀ ਕਾਰਜ਼ਸ਼ੈਲੀ ਸੰਤ ਸੀਚੇਵਾਲ ਵਰਗੀ ਬਣ ਜਾਵੇ ਤਾਂ ਲੋਕ ਰਾਜਨੀਤੀ ਨੂੰ ਗੰਦਗੀ ਭਰੀ ਸਿਆਸਤ ਕਹਿਣਾ ਬੰਦ ਕਰ ਦੇਣਗੇ।
ਅੱਜ 100 ਦੇ ਕਰੀਬ ਟ੍ਰੈਕਟਰ ਟੋਏ ਨੂੰ ਪੂਰਨ ਲਈ ਲੱਗੇ ਹੋਏ ਹਨ। ਇਹ ਟੋਇਆ ਏਨਾ ਜ਼ਿਆਦਾ ਡੂੰਘਾ ਹੈ ਕਿ ਪਿਛਲੇ 7 ਦਿਨਾਂ ਤੋਂ ਰੋਜ਼ਾਨਾ 100 ਟ੍ਰੈਕਟਰ ਇਸ ਵਿੱਚ ਮਿੱਟੀ ਪਾ ਰਹੇ ਹਨ। ਸੰਤ ਸੀਚੇਵਾਲ ਨੇ 11 ਅਗਸਤ ਤੋਂ ਲੈਕੇ ਰੋਜ਼ਾਨਾ ਹੜ੍ਹ ਪੀੜਤਾਂ ਦੀ ਮੱਦਦ ਲਈ ਹੀ ਸਾਰਾ ਸਮਾਂ ਰੱਖਿਆਂ ਹੋਇਆ ਹੈ, ਉਹਨਾਂ ਵੱਲੋਂ ਆਪਣੇ ਵਿਦੇਸ਼ ਦਾ ਦੌਰਾ ਵੀ ਰੱਦ ਕੀਤਾ ਕਰ ਦਿੱਤਾ ਗਿਆ ਸੀ। ਭੈਣੀ ਕਾਦਰ ਬਾਖਸ਼ ਦੇ ਬੰਨ੍ਹ ਤੱਕ ਜਾਣ ਲਈ ਪਹਿਲਾਂ ਟਰੈਕਟਰ ਪਾਣੀ ਵਿੱਚ ਦੀ ਲੈਕੇ ਜਾਣਾ ਪੈਂਦਾ ਸੀ। ਇਸ ਕਾਰਜ ਲਈ ਬਦਲਵਾਂ ਰਾਹ ਬਣਾਇਆ ਗਿਆ ਤੇ ਸਾਰੇ ਟ੍ਰੈਕਟਰਾਂ ਦੀ ਬੰਨ੍ਹ ਤੱਕ ਪਹੁੰਚ ਅਸਾਨ ਬਣਾਈ।
ਬਾਊਪੁਰ ਮੰਡ ਇਲਾਕੇ ਲਈ ਮਸੀਹਾ ਬਣੇ ਸੰਤ ਸੀਚੇਵਾਲ*
ਜਿੰਨ੍ਹਾਂ ਕਿਸਾਨ ਭਰਾਵਾਂ ਦੀ ਜ਼ਮੀਨ ਵਿੱਚਲਾ ਟੋਇਆ ਪੂਰਿਆ ਜਾ ਰਿਹਾ ਹੈ। ਉਨ੍ਹਾਂ ਕਿਸਾਨ ਭਰਾਵਾਂ ਦਾ ਕਹਿਣਾ ਸੀ ਕਿ ਸੰਤ ਸੀਚੇਵਾਲ ਜੀ ਉਨ੍ਹਾਂ ਲਈ ਤਾਂ ਮਸੀਹਾ ਬਣ ਕੇ ਆਏ ਹਨ। ਏਨਾ ਡੂੰਘਾ ਤੇ ਚੌੜਾ ਟੋਇਆ ਕਿਸ ਨੇ ਪੂਰਨ ਸੀ। ਉਨ੍ਹਾਂ ਦੇ 20 ਖੇਤਾਂ ਵਿੱਚੋਂ ਵੀ ਰੇਤਾ ਚੁੱਕੀ ਜਾ ਰਹੀ ਹੈ। ਸਾਂਗਰਾ ਪਿੰਡ ਦੇ ਸਰਪੰਚ ਕਮਰਜੀਤ ਸਿੰਘ ਦਾ ਕਹਿਣਾ ਸੀ ਕਿ 30 ਦਿਨਾਂ ਤੱਕ ਸੰਤ ਸੀਚੇਵਾਲ ਜੀ ਕਿਸ਼ਤੀ ਰਾਹੀ ਪ੍ਰਸ਼ਾਦਾ ਲਿਆ ਕੇ ਵਰਤਾਉਂਦੇ ਰਹੇ। ਏਨੇ ਡੂੰਘੇ ਪਾਣੀਆਂ ਵਿੱਚ ਜਦੋਂ ਕੋਈ ਵੀ ਡੇਰੇ ਵਿੱਚੋਂ ਨਿਕਲਣ ਵਿੱਚ ਅਸਮਰੱਥ ਸੀ ਤਾਂ ਉਸ ਔਖੇ ਵੇਲੇ ਸਭ ਤੋਂ ਪਹਿਲਾਂ ਸਵੇਰ ਦੇ ਟਾਈਮ ਦਾ ਖਾਣਾ ਹਰ ਘਰ ਤੱਕ ਪਹੁੰਚ ਜਾਂਦਾ ਸੀ। ਪਿੰਡ ਬਾਊਪੁਰ ਦੇ ਰਹਿਣ ਵਾਲੇ ਸਤਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਹੜ੍ਹ ਦੌਰਾਨ ਸੰਤ ਸੀਚੇਵਾਲ ਵੱਲੋਂ ਪਹਿਲੇ ਦਿਨ ਤੋਂ ਇਸ ਇਲਾਕੇ ਲਈ ਮਸੀਹਾ ਬਣ ਕਿ ਆਏ ਸਨ, ਜਿਹਨਾਂ ਨੇ ਇਨਸਾਨਾਂ ਤੋਂ ਲੈ ਕੇ ਘਰਾਂ ਵਿੱਚ ਰੱਖੇ ਪਾਲਤੂ ਕੁੱਤਿਆਂ ਅਤੇ ਡੰਗਰਾਂ ਦੇ ਖਾਣੇ ਅਤੇ ਚਾਰੇ ਦਾ ਪ੍ਰਬੰਧ ਕੀਤਾ।