ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਪਹਿਲਕਦਮੀਆਂ ਵਿੱਚ ਵਾਧਾ ਕਰਨ ਲਈ ਡੈਲੋਇਟ ਨਾਲ ਸਮਝੌਤਾ ਸਹੀਬੱਧ
ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇਸ ਪ੍ਰੋਗਰਾਮ ਤਹਿਤ ਕਈ ਆਊਟਰੀਚ ਗਤੀਵਿਧੀਆਂ ਚਲਾਈਆਂ ਜਾਣਗੀਆਂ: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ
ਪਟਿਆਲਾ ਵਿੱਚ ਸਫਲ ਪਾਇਲਟ ਪ੍ਰੋਜੈਕਟ, ਜਿਸ ਸਦਕਾ ਖੇਤਾਂ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ 80 ਫੀਸਦ ਤੋਂ ਵੱਧ ਕਮੀ ਆਈ, ਦੇ ਸੂਬਾ ਪੱਧਰੀ ਵਿਸਥਾਰ ਦਾ ਰਾਹ ਪੱਧਰਾ ਹੋਇਆ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਚੰਡੀਗੜ੍ਹ, 29 ਸਤੰਬਰ:
ਹਵਾ ਪ੍ਰਦੂਸ਼ਣ ਨੂੰ ਰੋਕਣ ਅਤੇ ਕਿਸਾਨਾਂ ਦੀ ਸਹਾਇਤਾ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਸਫ਼ਲ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਪਹਿਲਕਦਮੀਆਂ ਲਾਗੂ ਕਰਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਵਾਸਤੇ ਡੈਲੋਇਟ ਨਾਲ ਇੱਕ ਸਮਝੌਤਾ (ਐਮਓਯੂ) ਸਹੀਬੱਧ ਕੀਤਾ ਹੈ।
ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਡੈਲੋਇਟ ਦੇ ਕਾਰਜਕਾਰੀ ਡਾਇਰੈਕਟਰ ਵਿਵੇਕ ਮਿੱਤਲ ਅਤੇ ਖੇਤੀਬਾੜੀ ਕਮਿਸ਼ਨਰ ਸ੍ਰੀਮਤੀ ਬਬੀਤਾ ਨੇ ਇਸ ਸਮਝੌਤੇ 'ਤੇ ਹਸਤਾਖਰ ਕੀਤੇ।
ਇਹ ਭਾਈਵਾਲੀ ਪਿਛਲੇ ਸਾਲ ਡੈਲੋਇਟ ਵੱਲੋਂ ਪਟਿਆਲਾ ਜ਼ਿਲ੍ਹੇ ਦੇ 17 ਪਿੰਡਾਂ ਵਿੱਚ ਲਾਗੂ ਕੀਤੇ ਗਏ ਸਫਲ ਪਾਇਲਟ ਪ੍ਰੋਜੈਕਟ ਜਿਸ ਸਦਕਾ ਖੇਤਾਂ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ 80 ਫ਼ੀਸਦ ਤੋਂ ਵੱਧ ਦੀ ਕਮੀ ਆਈ ਹੈ, ਉਪਰੰਤ ਅਮਲ ਵਿੱਚ ਲਿਆਂਦੀ ਗਈ ਹੈ।
ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਿੰਡ ਪੱਧਰੀ ਮੀਟਿੰਗਾਂ ਅਤੇ ਘਰ-ਘਰ ਜਾਗਰੂਕਤਾ ਮੁਹਿੰਮਾਂ ਰਾਹੀਂ ਕਈ ਸੂਚਨਾ, ਸਿੱਖਿਆ ਅਤੇ ਸੰਚਾਰ (ਆਈ.ਈ.ਸੀ.) ਗਤੀਵਿਧੀਆਂ ਚਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪ੍ਰੇਰਣਾਦਾਇਕ ਵੀਡੀਓਜ਼ ਅਤੇ ਇੱਕ ਪ੍ਰਗਤੀਸ਼ੀਲ ਕਿਸਾਨ "ਉਨਤ ਸਿੰਘ" ਦੇ ਮਾਸਕੌਟ ਵਾਲੀ ਇੱਕ ਡਿਜੀਟਲ ਜਾਗਰੂਕਤਾ ਵੈਨ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰੇਗੀ। ਇਸ ਦੇ ਨਾਲ ਹੀ ਨਵੀਨਤਾਕਾਰੀ ਨਾਅਰਿਆਂ ਵਾਲੀਆਂ ਟੀ-ਸ਼ਰਟਾਂ, ਕੈਲੰਡਰ, ਕੱਪ ਅਤੇ ਟੋਟ ਬੈਗਾਂ ਸਮੇਤ ਵੱਖ-ਵੱਖ ਵਸਤਾਂ ਵੰਡੀਆਂ ਜਾਣਗੀਆਂ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਖੇਤੀ ਉਪਕਰਣਾਂ ਦੀ ਆਸਾਨ ਬੁਕਿੰਗ ਅਤੇ ਸ਼ਡਿਊਲਿੰਗ ਲਈ ਇੱਕ ਉਪਭੋਗਤਾ ਪੱਖੀ 'ਕ੍ਰਿਸ਼ੀ ਯੰਤਰ ਸਾਥੀ' (ਕੇਵਾਈਐਸ) ਮੋਬਾਈਲ ਐਪਲੀਕੇਸ਼ਨ ਵੀ ਲਾਂਚ ਕੀਤੀ ਜਾ ਰਹੀ ਹੈ।
ਡੈਲੋਇਟ ਦੀ ਪਹਿਲ ਦੀ ਸ਼ਲਾਘਾ ਕਰਦਿਆਂ ਡਾ. ਬਲਬੀਰ ਸਿੰਘ ਨੇ ਖੇਤਾਂ ਵਿੱਚ ਲੱਗੀ ਅੱਗ ਅਤੇ ਜਨਤਕ ਸਿਹਤ ਦਰਮਿਆਨ ਮਹੱਤਵਪੂਰਨ ਸਬੰਧ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, "ਪਰਾਲੀ ਸਾੜਨ ਕਾਰਨ ਨਿਕਲਣ ਵਾਲਾ ਧੂੰਆਂ ਹਵਾ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਸਾਡੇ ਨਾਗਰਿਕਾਂ ਵਿੱਚ ਸਾਹ ਅਤੇ ਹੋਰ ਸਿਹਤ ਸਮੱਸਿਆਵਾਂ ਵਿੱਚ ਵਾਧਾ ਹੁੰਦਾ ਹੈ। ਪਟਿਆਲਾ ਵਿੱਚ ਮਿਲੀ ਸਫਲਤਾ ਵਾਤਾਵਰਣ ਅਤੇ ਸਾਡੇ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਇੱਕ ਵਿਹਾਰਕ ਮਾਡਲ ਨੂੰ ਪੇਸ਼ ਕਰਦੀ ਹੈ।"
ਸਿਹਤ ਮੰਤਰੀ ਨੇ ਇਸ ਪਹਿਲਕਦਮੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਹੁਰਾਉਂਦਿਆਂ ਕਿਹਾ, "ਡੈਲੋਇਟ ਨਾਲ ਸਾਡੀ ਭਾਈਵਾਲੀ ਹਰਿਆ-ਭਰਿਆ ਅਤੇ ਸਿਹਤਮੰਦ ਪੰਜਾਬ ਸਿਰਜਣ ਪ੍ਰਤੀ ਸਾਡੀ ਵਚਨਬੱਧਤਾ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਹੈ। ਇਨ੍ਹਾਂ ਪ੍ਰਭਾਵਸ਼ਾਲੀ ਰਣਨੀਤੀਆਂ ਨੂੰ ਸੂਬੇ ਭਰ ਵਿੱਚ ਲਾਗੂ ਕਰਕੇ, ਅਸੀਂ ਪਟਿਆਲਾ ਵਿੱਚ ਮਿਲੀ ਸਫਲਤਾ ਨੂੰ ਦੁਹਰਾਉਣ ਅਤੇ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਲਈ ਇੱਕ ਸਥਾਈ ਹੱਲ ਪ੍ਰਦਾਨ ਕਰਨ ਲਈ ਦ੍ਰਿੜ ਹਾਂ, ਜਿਸ ਨਾਲ ਸਾਡੇ ਕਿਸਾਨਾਂ ਨੂੰ ਲਾਭ ਮਿਲੇਗਾ ਅਤੇ ਜਨਤਕ ਸਿਹਤ ਦੀ ਰੱਖਿਆ ਕੀਤੀ ਜਾ ਸਕੇਗੀ।"
ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਸਕੱਤਰ ਖੇਤੀਬਾੜੀ ਬਸੰਤ ਗਰਗ ਅਤੇ ਡੇਲੋਇਟ ਦੇ ਡਾਇਰੈਕਟਰ ਪ੍ਰਤੀਕ ਕੰਵਲ, ਐਸੋਸੀਏਟ ਡਾਇਰੈਕਟਰ ਸ਼ਾਕਿਆ ਸੇਨਗੁਪਤਾ ਅਤੇ ਸਲਾਹਕਾਰ ਪ੍ਰਕਾਸ਼ ਝਾਅ ਸਮੇਤ ਹੋਰ ਅਧਿਕਾਰੀ ਸ਼ਾਮਲ ਸਨ।