ਹੜ੍ਹ ਪੀੜਤਾਂ ਲਈ ਸੁਖਬੀਰ ਬਾਦਲ ਦਾ ਵੱਡਾ ਯੋਗਦਾਨ, ਪਸ਼ੂਆਂ ਲਈ ਭੇਜਿਆ 200 ਟਰਾਲੀਆਂ ਚਾਰਾ
ਗੁਰਦਾਸਪੁਰ, 28 ਸਤੰਬਰ 2025: ਪੰਜਾਬ ਵਿਚ ਆਏ ਹੜ੍ਹਾਂ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਸਭ ਤੋਂ ਔਖਾ ਸਮਾਂ ਲੋਕਾਂ ਦੇ ਨਾਲ ਨਾਲ ਪਸ਼ੂਆਂ ਦਾ ਰਿਹਾ ਹੈ। ਸੂਬੇ ਅੰਦਰ ਜਿੱਥੇ ਲੱਖਾਂ ਹੈਕਟੇਅਰ ਫਸਲਾਂ ਤਬਾਹ ਹੋ ਗਈਆਂ ਅਤੇ ਹਜ਼ਾਰਾਂ ਪਸ਼ੂ ਭੁੱਖੇ-ਪਿਆਸੇ ਰਹਿ ਗਏ ਅਤੇ ਕਈ ਮਰ ਗਏ। ਸਭ ਤੋਂ ਵੱਧ ਮਾਝੇ ਵਿੱਚ ਹੜ੍ਹਾਂ ਨੇ ਮਾਰ ਕੀਤੀ ਹੈ। ਡੇਰਾ ਬਾਬਾ ਨਾਨਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹੁੰਚ ਕੇ, ਉਥੋਂ ਦੇ ਪਿੰਡ ਕਲਿਆਣਪੁਰ ਵਿੱਚ ਹੜ੍ਹ ਪੀੜਤਾਂ ਦੀ ਮਦਦ ਕੀਤੀ। ਉਨ੍ਹਾਂ ਨੇ ਆਪਣੀ ਪਾਰਟੀ ਵੱਲੋਂ 200 ਤੋਂ ਵੱਧ ਟਰਾਲੀਆਂ ਵਿੱਚ ਚਾਰਾ ਭਰ ਕੇ ਪਸ਼ੂਆਂ ਲਈ ਰਵਾਨਾ ਕੀਤਾ। ਇਹ ਮਦਦ ਨਾ ਸਿਰਫ਼ ਪਸ਼ੂ ਪਾਲਕਾਂ ਨੂੰ ਰਾਹਤ ਪਹੁੰਚਾਏਗੀ, ਸਗੋਂ ਕਿਸਾਨਾਂ ਦੇ ਆਰਥਿਕ ਨੁਕਸਾਨ ਨੂੰ ਵੀ ਘੱਟ ਕਰੇਗੀ।
ਸਮਾਗਮ ਵਿੱਚ ਸੁਖਬੀਰ ਬਾਦਲ ਨੇ ਆਪ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਕਿਹਾ, "ਬੜੀ ਸ਼ਰਮ ਦੀ ਗੱਲ ਹੈ ਕਿ ਸਰਕਾਰ ਨੇ ਹੜ੍ਹਾਂ ਦੇ ਪ੍ਰਬੰਧ ਅਤੇ ਪੀੜਤਾਂ ਦੀ ਮਦਦ ਲਈ ਕੋਈ ਵੱਡਾ ਪੈਕੇਜ ਨਹੀਂ ਐਲਾਨਿਆ। ਹੜ੍ਹਾਂ ਲਈ ਸਰਕਾਰ ਅਤੇ ਅਧਿਕਾਰੀ ਜ਼ਿੰਮੇਵਾਰ ਹਨ, ਪਰ ਉਹ ਆਪਣੀ ਨਾਕਾਮੀ ਛੁਪਾਉਣ ਲਈ ਬੇਲੋੜੀਆਂ ਚਰਚਾਵਾਂ ਵਿੱਚ ਲੱਗੇ ਹੋਏ ਹਨ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ। "ਕਿਸਾਨ ਆਪਣੇ ਪੱਲਿਓਂ ਪੈਸੇ ਖਰਚ ਕਰਕੇ ਜ਼ਮੀਨਾਂ ਨੂੰ ਠੀਕ ਕਰ ਰਹੇ ਹਨ, ਪਰ ਸਰਕਾਰ ਚੁੱਪ ਬੈਠੀ ਹੈ। ਇਹ ਨਾ ਸਿਰਫ਼ ਅਨਿਆਂ ਹੈ, ਸਗੋਂ ਕਿਸਾਨਾਂ ਦੀ ਮਿਹਨਤ ਨੂੰ ਬੇਇੱਜ਼ਤ ਕਰਨ ਵਾਲਾ ਕਦਮ ਹੈ।"