ਵਿਧਾਨ ਸਭਾ ਸੈਸ਼ਨ: ਅਮਨ ਅਰੋੜਾ ਨੇ ਹੜ੍ਹਾਂ ਦੇ ਮੁੱਦੇ 'ਤੇ ਘੇਰੀ ਮੋਦੀ ਸਰਕਾਰ..., ਕਾਂਗਰਸ ਨੂੰ ਵੀ ਸੁਣਾਈਆਂ ਖ਼ਰੀਆਂ ਖੋਟੀਆਂ
ਚੰਡੀਗੜ੍ਹ, 29 ਸਤੰਬਰ 2025- ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਆਖ਼ਰੀ ਦਿਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹੜ੍ਹਾਂ ਦੇ ਮੁੱਦੇ ਤੇ ਜਿੱਥੇ ਕੇਂਦਰ ਸਰਕਾਰ ਨੂੰ ਘੇਰਿਆ ਉਥੇ ਹੀ ਕਾਂਗਰਸ ਨੂੰ ਵੀ ਖ਼ਰੀਆਂ ਖ਼ਰੀਆਂ ਸੁਣਾਈਆਂ। ਅਮਨ ਅਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹੜ ਪ੍ਰਬੰਧਾਂ ਲਈ ਕੀ ਕੀਤਾ ਸਿਰਫ ਘੁਟਾਲਿਆਂ ਤੋਂ ਸਿਵਾਏ ਇਹਨਾਂ ਨੇ ਕੁਝ ਨਹੀਂ ਕੀਤਾ। ਅਮਨ ਅਰੋੜਾ ਨੇ ਕਿਹਾ ਕਿ ਸਿੰਚਾਈ ਘੁਟਾਲਾ ਅਜੇ ਤੱਕ ਕੋਈ ਨਹੀਂ ਭੁੱਲਿਆ ਜਿਹੜਾ ਪਿਛਲੀਆਂ ਸਰਕਾਰਾਂ ਵਿੱਚ ਹੋਇਆ ਸੀ। ਤਿੰਨ ਸਾਲਾਂ ਵਿੱਚ ਅਸੀਂ ਡਰੇਨਾਂ ਦੀ ਸਫਾਈ ਕਰਵਾਈ। ਅਮਨ ਅਰੋੜਾ ਨੇ ਇਹ ਵੀ ਆਖਿਆ ਕਿ 20 ਅਗਸਤ ਤੋਂ ਅਸੀਂ ਬੈਠਕਾਂ ਸ਼ੁਰੂ ਕਰ ਦਿੱਤੀਆਂ, ਸਾਡੇ ਵਿਧਾਇਕਾਂ ਅਤੇ ਮੰਤਰੀਆਂ ਨੇ ਗਰਾਊਂਡ ਤੇ ਉੱਤਰ ਕੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕੀਤਾ, ਅਸੀਂ ਬੰਬੂ ਘਾਟ ਚ ਫੋਟੋਆਂ ਨਹੀਂ ਖਿਚਵਾਈਆਂ। ਅਮਨ ਅਰੋੜਾ ਨੇ ਕਿਹਾ ਕਿ ਅੰਦਰਰਾਸ਼ਟਰੀ ਸਰਹੱਦ ਤੇ ਪੰਜ ਕਿਲੋਮੀਟਰ ਤੱਕ ਡੀਸਿਲਟਿੰਗ ਦੀ ਇਜਾਜ਼ਤ ਨਹੀਂ ਹੁੰਦੀ, ਇਸ ਲਈ ਕੇਂਦਰ ਸਰਕਾਰ ਨੂੰ ਕੋਈ ਫੈਸਲਾ ਲੈਣਾ ਪੈਂਦਾ ਹੈ। ਅਮਨ ਅਰੋੜਾ ਨੇ ਕਿਹਾ ਕਿ ਸਾਡੀਆਂ ਮੰਗਾਂ ਅਤੇ ਮੁੱਦਿਆਂ ਤੇ ਹਾਲੇ ਤੱਕ ਕੇਂਦਰ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ, ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਪੰਜਾਬ ਵਿਰੋਧੀ ਹੈ। ਅਰੋੜਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੋ ਵਾਰ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਪੰਜਾਬ ਦੇ ਹਾਲਾਤ ਦੱਸੇ ਗਏ ਪਰ ਕੇਂਦਰ ਨੇ ਇਸ ਤੇ ਗੌਰ ਨਹੀਂ ਕੀਤਾ ਅਤੇ ਨਾ ਹੀ ਉਕਤ ਚਿੱਠੀਆਂ ਦਾ ਹਾਲੇ ਤੱਕ ਜਵਾਬ ਦਿੱਤਾ।