ਬਰਸਾਤੀ ਮੌਸਮ ਦੇ ਮੱਦੇਨਜ਼ਰ ਸਿਹਤ ਵਿਭਾਗ ਨਥਾਣਾ ਦੀਆਂ ਟੀਮਾਂ ਨੇ ਸੁਰੱਖਿਆ ਸਬੰਧੀ ਨੁਕਤੇ ਦੱਸੇ
ਅਸ਼ੋਕ ਵਰਮਾ
ਨਥਾਣਾ, 28 ਅਗਸਤ 2025 :ਸਿਹਤ ਵਿਭਾਗ ਪੰਜਾਬ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਬਰਸਾਤਾਂ ਕਾਰਨ ਬੀਮਾਰੀਆਂ ਤੋਂ ਬਚਾਅ ਲਈ ਬਲਾਕ ਭਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਾ. ਸਰਾਂ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਦੌਰਾਨ ਵੱਖ-ਵੱਖ ਕਿਸਮ ਦੀਆਂ ਬਿਮਾਰੀਆਂ ਦੇ ਫੈਲਣ ਦਾ ਖਤਰਾ ਵਧ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਨੂੰ ਸਾਫ਼ ਰੱਖਣ 'ਚ ਸਹਿਯੋਗ ਦੇਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣਾ ਅਤੇ ਆਪਣੇ ਪਰਿਵਾਰ ਦਾ ਸਿਹਤਮੰਦ ਭਵਿੱਖ ਨਿਸ਼ਚਤ ਬਣਾਉਣ।
ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਕਿਹਾ ਕਿ ਨਮੀ ਅਤੇ ਗੰਦਗੀ ਕਾਰਨ ਇਨਫੈਕਸ਼ਨ ਤੇ ਮੱਛਰ ਪੈਦਾ ਹੋਣ ਦੇ ਮੌਕੇ ਵੱਧ ਜਾਂਦੇ ਹਨ, ਜਿਸ ਨਾਲ ਵੱਖ-ਵੱਖ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ, ਟਾਈਫਾਇਡ, ਹੈਜ਼ਾ, ਚਿਕਨਗੁਨਿਆ, ਵਾਇਰਲ ਬੁਖਾਰ ਅਤੇ ਪੇਟ ਦੀਆਂ ਬਿਮਾਰੀਆਂ ਫੈਲ ਸਕਦੀਆਂ ਹਨ। ਉਹਨਾਂ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਪਾਣੀ ਦੀ ਸਹੀ ਨਿਕਾਸੀ ਯਕੀਨੀ ਬਣਾਓ ਅਤੇ ਘਰ/ਮੁਹੱਲੇ 'ਚ ਪਾਣੀ ਇਕੱਠਾ ਨਾ ਹੋਣ ਦਿਓ, ਪੀਣ ਵਾਲਾ ਪਾਣੀ ਹਮੇਸ਼ਾ ਉਬਾਲ ਕੇ ਜਾਂ ਫਿਲਟਰ ਰਾਹੀਂ ਵਰਤੋ, ਨਾਲੀਆਂ ਅਤੇ ਗਲੀਆਂ ਵਿੱਚ ਸਾਫ਼-ਸਫਾਈ ਬਣਾਈ ਰੱਖੋ, ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀਆਂ, ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਫੌਗਿੰਗ ਆਦਿ ਦੀ ਵਰਤੋਂ ਕਰੋ।
ਉਨ੍ਹਾਂ ਕਿਹਾ ਕਿ ਬਿਮਾਰੀ ਦੇ ਲੱਛਣ ਜਿਵੇਂ ਕਿ ਬੁਖਾਰ, ਉਲਟੀ, ਦਸਤ, ਪੇਟ ਦਰਦ, ਜੋੜਾਂ ਦੀ ਦਰਦ ਆਦਿ ਆਉਣ 'ਤੇ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ 'ਤੇ ਸੰਪਰਕ ਕਰੋ।ਘਰ ਵਿੱਚ ਪੱਕਾ ਭੋਜਨ ਵਰਤੋ, ਖੁੱਲ੍ਹਾ ਖਾਣਾ ਖਾਣ ਤੋਂ ਬਚੋ। ਖਾਣਾ ਖਾਣ ਤੋਂ ਪਹਿਲਾਂ ਹਮੇਸ਼ਾ ਹੱਥਾਂ ਦੀ ਸਫਾਈ ਯਕੀਨੀ ਬਣਾਈ ਜਾਵੇ। ਹਮੇਸ਼ਾ ਸੁੱਕੇ ਕੱਪੜੇ ਅਤੇ ਸੁੱਕੇ ਜੁੱਤੇ ਪਹਿਨੋ ਤਾਂ ਕਿ ਚਮੜੀ ਦੀ ਬੀਮਾਰੀਆਂ ਤੋਂ ਬਚਿਆ ਜਾ ਸਕੇ। ਅਜਿਹੇ ਮੌਸਮ ਵਿੱਚ ਸੱਪਾਂ ਅਤੇ ਜ਼ਹਿਰੀਲੇ ਕੀੜਿਆਂ ਤੋਂ ਬਚਾਅ ਲਈ ਪਾਣੀ ਨਾਲ ਭਰੇ ਖੇਤਰਾਂ ਵਿੱਚ ਲਾਠੀ ਜਾਂ ਟਾਰਚ ਨਾਲ ਹੀ ਜਾਓ। ਸੰਘਣੇ ਘਾਹ ਜਾਂ ਖੁੱਡਾਂ ਵਿੱਚ ਹੱਥ ਪੈਰ ਨਾ ਪਾਓ। ਇਸ ਮੌਕੇ ਸੀ.ਐਚ.ਓ. ਵੀਰਪਾਲ ਕੌਰ ਨੇ ਕਿਹਾ ਕਿ ਜੇ ਕਿਸੇ ਨੂੰ ਦਸਤ, ਬੁਖਾਰ, ਖਾਰਿਸ਼, ਲਾਲੀ ਜਾਂ ਕੋਈ ਹੋਰ ਬਿਮਾਰੀ ਦੇ ਲੱਛਣ ਨਜ਼ਰ ਆਉਣ ਤਾਂ ਉਹ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਡਾਕਟਰ ਨਾਲ ਸੰਪਰਕ ਕਰੇ।