← ਪਿਛੇ ਪਰਤੋ
Babushahi Special ਸੌ ਰੁਪਈਆਂ ਦੀ ਵੱਢੀਖੋਰੀ ਦੇ ਦੋਸ਼ਾਂ ਕਾਰਨ ਇਸ ਅਦਾਲਤ ’ਚ ਬਿਰਖ ਹੋ ਗਿਆ ਜਗੇਸ਼ਵਰ ਪ੍ਰਸਾਦ ਅਸ਼ੋਕ ਵਰਮਾ ਬਠਿੰਡਾ,28 ਸਤੰਬਰ 2025:ਛੱਤੀਸਗੜ੍ਹ ਹਾਈ ਕੋਰਟ ਨੇ ਜਗੇਸ਼ਵਰ ਪ੍ਰਸਾਦ ਅਵਧੀਆ ਨੂੰ 39 ਸਾਲ ਪੁਰਾਣੇ 100 ਰੁਪਏ ਦੇ ਰਿਸ਼ਵਤ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਮੱਧ ਪ੍ਰਦੇਸ਼ ਰਾਜ ਸੜਕ ਆਵਾਜਾਈ ਨਿਗਮ ਰਾਏਪੁਰ ਵਿੱਚ ਬਿੱਲ ਸਹਾਇਕ ਜਾਗੇਸ਼ਵਰ ਪ੍ਰਸਾਦ ਅਵਧੀਆ ਆਪਣੀ ਜਿੰਦਗੀ ਦਾ ਸੁਨਹਿਰੀ ਸਮਾਂ ਮੁਲਕ ਦੀ ਨਿਆਂ ਵਿਵਸਥਾ ਦੀ ਭੇਂਟ ਚੜ੍ਹਾਉਣ ਮਗਰੋਂ ਦੋਸ਼ ਮੁਕਤ ਹੋਇਆ ਹੈ। ਜਾਣਕਾਰੀ ਅਨੁਸਾਰ 10 ਮਈ 1943 ਨੂੰ ਜਨਮ ਲੈਣ ਵਾਲੇ ਹੁਣ 83 ਸਾਲ ਤੋਂ ਵੱਧ ਦੀ ਉਮਰ ਤੱਕ ਪੁੱਜ ਚੁੱਕੇ ਜਗੇਸ਼ਵਰ ਦੀਆਂ ਸੁੰਨੀਆਂ ਅੱਖਾਂ , ਉੱਜੜ ਚੁੱਕੀ ਜਿੰਦਗੀ ਦੀਆਂ ਕੁਸੈਲੀਆਂ ਯਾਦਾਂ ਥਕਾਵਟ ਨਾਲ ਝੁਕਿਆ ਹੋਇਆ ਸਰੀਰ ਅਤੇ ਅੱਖਾਂ ਵਿੱਚ ਇੱਕ ਖਾਲੀਪਣ ਤੋਂ ਸਿਵਾਏ ਕੁੱਝ ਵੀ ਨਹੀਂ ਬਚਿਆ ਹੈ। ਜਗੇਸ਼ਵਰ ਦੇ ਮਨਹੂਸ ਸਾਲ 1986 ਅੱਜ ਵੀ ਚੇਤਿਆਂ ਵਿੱਚ ਵਸਿਆ ਹੋਇਆ ਹੈ ਜਿਸ ਦੌਰਾਨ ਉਸ ਤੇ ਲੱਗੇ ਸੌ ਰੁਪਏ ਦੀ ਮਾਮੂਲੀ ਰਿਸ਼ਵਤ ਦੇ ਕਲੰਕ ਨੇ ਉਸ ਦੇ ਪੂਰੇ ਪਰਿਵਾਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਸਾਲ 1986 ਵਿੱਚ ਜਾਗੇਸ਼ਵਰ ਪ੍ਰਸਾਦ ਮੱਧ ਪ੍ਰਦੇਸ਼ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਰਾਏਪੁਰ ’ਚ ਬਿੱਲ ਸਹਾਇਕ ਵਜੋਂ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਕੋਲ ਅਸ਼ੋਕ ਕੁਮਾਰ ਵਰਮਾ ਨਾਂ ਦਾ ਇੱਕ ਵਿਅਕਤੀ ਆਇਆ ਅਤੇ ਬਿੱਲ ਪਾਸ ਕਰਨ ਦਾ ਦਬਾਅ ਪਾਉਣ ਲੱਗ ਪਿਆ। ਇਸ ਮੌਕੇ ਜਾਗੇਸ਼ਵਰ ਪ੍ਰਸਾਦ ਨੇ ਕਿਹਾ ਕਿ ਜਦੋਂ ਤੱਕ ਉੱਪਰੋਂ ਹੁਕਮ ਨਹੀਂ ਆਉਂਦੇ ਉਹ ਬਿੱਲ ਪਾਸ ਨਹੀਂ ਕਰ ਸਕਦਾ ਹੈ। ਅਗਲੇ ਦਿਨ ਉਹੀ ਵਿਅਕਤੀ ਰਿਸ਼ਵਤ ਵਜੋਂ 20 ਰੁਪਏ ਲੈਕੇ ਆਇਆ ਤਾਂ ਜਾਗੇਸ਼ਵਰ ਨੇ ਗੁੱਸੇ ’ਚ ਨੋਟ ਵਾਪਿਸ ਕਰ ਦਿੱਤੇ ਅਤੇ ਭਜਾ ਦਿੱਤਾ। ਉਸ ਵਕਤ ਜਾਗੇਸ਼ਵਰ ਨੂੰ ਇਲਮ ਨਹੀਂ ਸੀ ਕਿ ਇਸ ਘਟਨਾ ਤੋਂ ਬਾਅਦ ਉਸ ਦੀ ਜਿੰਦਗੀ ’ਚ ਇਸ ਤਰਾਂ ਉਥਲ ਪੁਥਲ ਮੱਚ ਜਾਏਗੀ। ਅਗਲੇ ਦਿਨ 24 ਅਕਤੂਬਰ 1986 ਨੂੰ ਸਵੇਰ ਵਕਤ ਜਦੋਂ ਜਾਗੇਸ਼ਵਰ ਪ੍ਰਸਾਦ ਘਰੋਂ ਤਿਆਰ ਹੋਕੇ ਦਫਤਰ ਜਾ ਰਿਹਾ ਸੀ ਤਾਂ ਲਾਗਲੀ ਕਰਿਆਨੇ ਦੀ ਦੁਕਾਨ ਤੇ ਉਹੀ ਅਸ਼ੋਕ ਕੁਮਾਰ ਫਿਰ ਆ ਧਮਕਿਆ । ਇਸ ਮੌਕੇ ਗੱਲਾਂ ਗੱਲਾਂ ਵਿੱਚ ਅਸ਼ੋਕ ਕੁਮਾਰ ਨੇ ਜਬਰਦਸਤੀ 50-50 ਰੁਪਏ ਦੇ ਦੋ ਨੋਟ ਉਸ ਦੀ ਜੇਬ ਵਿੱਚ ਪਾ ਦਿੱਤੇ। ਇਸ ਮੌਕੇ ਜਾਗੇਸ਼ਵਰ ਅਜੇ ਨੋਟ ਆਪਣੀ ਜੇਬ ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਇਸ ਦੌਰਾਨ ਵਿਜੀਲੈਂਸ ਦੀ ਟੀਮ ਪੁੱਜ ਗਈ ਜਿਸ ਨੇ ਉਸ ਨੂੰ ਫੜ ਲਿਆ ਤਾਂ ਮੌਕੇ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ। ਭਾਰੀ ਭੀੜ ਦੀ ਮੌਜੂਦਗੀ ਵਿੱਚ ਜਾਗੇਸ਼ਵਰ ਪ੍ਰਸਾਦ ਦੇ ਹੱਥ ਧੁਆਏ ਗਏ ਤਾਂ ਹੱਥਾਂ ਨੂੰ ਰੰਗ ਚੜ੍ਹ ਗਿਆ। ਇਸ ਮੌਕੇ ਵਿਜੀਲੈਂਸ ਵੱਲੋਂ ਲੋਕਾਂ ਨੂੰ ਦਿਖਾਉਣ ਲਈ ਕੈਮੀਕਲ ਲੱਗੇ ਨੋਟਾਂ ਨੂੰ ਲਹਿਰਾਇਆ ਗਿਆ। ਜਾਗੇਸ਼ਵਰ ਪ੍ਰਸ਼ਾਦ ਨੇ ਕਿਹਾ ਕਿ ਉਹ ਨਿਰਦੋਸ਼ ਹੈ। ਉਸ ਨੇ ਦੁਹਾਈ ਦਿੱਤੀ ਕਿ ਉਸ ਨੇ ਰਿਸ਼ਵਤ ਨਹੀਂ ਲਈ ਪਰ ਉਸ ਦੀ ਕਿਸੇ ਨੇ ਇੱਕ ਨਾਂ ਸੁਣੀ। ਇਕੱਠੀ ਹੋਈ ਭੀੜ ਦੀਆਂ ਨਜ਼ਰਾਂ ਵਿਚ ਜਾਗੇਸ਼ਵਰ ਦੀ ਪਛਾਣ ਬਦਲ ਗਈ ਅਤੇ ਲੋਕਾਂ ਨੇ ਇੱਕ ਇਮਾਨਦਾਰ ਮੁਲਾਜਮ ਨੂੰ ਰਿਸ਼ਵਤਖੋਰ ਕਰਾਰ ਦਿੱਤਾ ਗਿਆ। ਇਸ ਮੌਕੇ ਵਿਜੀਲੈਂਸ ਨੇ ਸੌ ਰੁਪਏ ਰਿਸ਼ਵਤ ਲੈਣ ਦੇ ਮਾਮਲੇ ’ਚ ਜਾਗੇਸ਼ਵਰ ਖਿਲਾਫ ਕੇਸ ਦਰਜ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਤਾਂ ਉਸ ਆਦਮੀ ਨੂੰ ਜਾਣਦਾ ਤੱਕ ਨਹੀਂ ਪਰ ਇਸ ਤੋਂ ਬਾਅਦ ਇਸ ਮਾਮਲੇ ਨੇ ਉਸ ਦੀ ਅਤੇ ਉਸ ਦੇ ਪ੍ਰੀਵਾਰ ਦੀ ਦੁਨੀਆਂ ਹੀ ਬਦਲ ਦਿੱਤੀ। ਦੇਖਦਿਆਂ ਹੀ ਦੇਖਦਿਆਂ ਉਸ ਦੀ ਇੱਜਤ ਅਤੇ ਨੌਕਰੀ ਚਲੀ ਗਈ ਤੇ ਪ੍ਰੀਵਾਰ ਸਮੇਤ ਸਭ ਕੁੱਝ ਤਬਾਹੋ ਬਰਬਾਦ ਹੋ ਗਿਆ। ਸਾਲ 1988 ਤੋਂ 1994 ਤੱਕ ਜਾਗੇਸ਼ਵਰ ਮੁਅੱਤਲ ਰਿਹਾ ਅਤੇ ਪਿੱਛੋਂ ਰੀਵਾ ਦੀ ਬਦਲੀ ਕਰ ਦਿੱਤੀ ਗਈ। ਅੱਧੀ ਤਨਖਾਾਹ ਵਿੱਚ ਕੰਮ ਕਰਨਾ ਪਿਆ ਅਤੇ ਤਰੱਕੀ ਤੇ ਇੰਕਰੀਮੈਂਟ ਸਮੇਤ ਸਭ ਲਾਭ ਬੰਦ ਕਰ ਦਿੱਤੇ ਗਏ। ਉਹ ਦੱਸਦਾ ਹੈ ਕਿ ਢਾਈ ਹਜ਼ਾਰ ਤਨਖਾਹ ਨਾਲ ਕਿੱਦਾਂ ਘਰ ਚੱਲਦਾ । ਜਦੋਂ ਫੀਸ ਨਾਂ ਭਰੀ ਤਾਂ ਚਾਰਾਂ ਬੱਚਿਆਂ ਦੀ ਪੜ੍ਹਾਈ ਤੱਕ ਬੰਦ ਕਰਨੀ ਪਈ। ਪਤਨੀ ਲਗਾਤਾਰ ਤਣਾਅ ’ਚ ਰਹੀ ਤੇ ਅੰਤ ਨੂੰ ਇਸ ਜਹਾਨੋਂ ਚਲੀ ਗਈ। ਉਸ ਨੇ ਦੱਸਿਆ ਕਿ ਉਹ ਸਮਾਜ ਵਿੱਚ ਇਮਾਨਦਾਰੀ ਲਈ ਜਾਣਿਆ ਜਾਂਦਾ ਸੀ ਪਰ ਇਸ ਕਲੰਕ ਨੇ ਸਭ ਖਤਮ ਕਰ ਦਿੱਤਾ। ਰਿਟਾਇਰਮੈਂਟ ਉਪਰੰਤ ਪੈਂਸ਼ਨ ਵੀ ਨਹੀਂ ਮਿਲੀ ਅਤੇ ਪ੍ਰੀਵਾਰ ਪਾਲਣ ਲਈ ਚੌਕੀਦਾਰੀ ਕਰਨੀ ਪਈ। ਜਗੇਸ਼ਵਰ ਨੇ ਕਿਹਾ ਕਿ ਉਸ ਕੋਲ ਹੁਣ ਅਦਾਲਤ ਦੇ ਚੱਕਰ ਕੱਟਣ ਦੀ ਹਿੰਮਤ ਨਹੀਂ ਹੈ। ਚਾਰ ਦਹਾਕਿਆਂ ਦੀ ਥਕਾਵਟ ਨੇ ਉਸ ਨੂੰ ਬੁਰੀ ਤਰਾਂ ਥਕਾ ਦਿੱਤਾ ਹੈ। ਉਸ ਨੇ ਕਿਹਾ ਕਿ ਸਰਕਾਰ ਨੂੰ ਇਸ ਉਮਰ ਵਿੱਚ ਉਸ ਨੂੰ ਲੋੜੀਂਦੀ ਵਿੱਤੀ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ। ਉਸ ਦਾ ਲੜਕਾ ਨੀਰਜ ਅਵਧੀਆ ਦੱਸਦਾ ਹੈ ਕਿ ਜਦੋਂ ਇਹ ਘਟਨਾਂ ਵਾਪਰੀ ਤਾਂ ਉਹ 12 ਸਾਲ ਦਾ ਸੀ ਅਤੇ ਹੁਣ ਉਸ ਦੀ ਉਮਰ 50 ਸਾਲ ਦੀ ਹੋ ਗਈ ਹੈ। ਉਸ ਨੇ ਦੱਸਿਆ ਕਿ ਹਾਈਕੋਰਟ ਨੇ ਪਿਤਾ ਨੂੰ ਤਾਂ ਬਰੀ ਕਰ ਦਿੱਤਾ ਹੈ ਪਰ ਜੋ ਕੁੱਝ ਉਨ੍ਹਾਂ ਨਾਲ ਵਾਪਰਿਆ ਉਸ ਦੀ ਵਾਪਿਸੀ ਕੋਈ ਵੀ ਅਦਾਲਤ ਨਹੀਂ ਕਰ ਸਕੇਗੀ। ਸਾਲ 2014 ’ਚ ਹੋਈ ਸਜ਼ਾ ਜਾਗੇਸ਼ਵਰ ਨੂੰ 2004 ਵਿੱਚ ਟਰਾਇਲ ਕੋਰਟ ਨੇ ਇੱਕ ਸਾਲ ਦੀ ਕੈਦ ਅਤੇ 1000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਜਾਗੇਸ਼ਵਰ ਨੇ ਹਿੰਮਤ ਨਹੀਂ ਹਾਰੀ ਅਤੇ ਹਾਈਕੋਰਟ ’ਚ ਅਪੀਲ ਕਰ ਦਿੱਤੀ ਜਿੱਥੋਂ ਉਸ ਨੂੰ ਦੋਸ਼ਮੁਕਤ ਕੀਤਾ ਗਿਆ ਹੈ। ਜਾਗੇਸ਼ਵਰ ਆਖਦਾ ਹੈ ਕਿ ਦੇਰੀ ਨਾਲ ਮਿਲਿਆ ਨਿਆਂ ਨਾਂ ਮਿਲਣ ਦੇ ਬਰਾਬਰ ਹੈ। ਉਸ ਨੇ ਕਿਹਾ ਕਿ ਬੇਸ਼ੱਕ ਉਹਂ ਬਰੀ ਹੋ ਗਿਆ ਪਰ ਉਨ੍ਹਾਂ ਦਾ ਯਭ ਕੁੱਝ ਤਬਾਹ ਹੋ ਗਿਆ ਹੈ।
Total Responses : 658