ਨਾਟਕਾਂ ਅਤੇ ਗੀਤਾਂ ਭਰਿਆ ਹੋਏਗਾ ਮੇਲਾ ਗ਼ਦਰੀ ਬਾਬਿਆਂ ਦਾ
ਜਲੰਧਰ, 29 ਸਤੰਬਰ -
ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਨੂੰ ਸਮਰਪਿਤ 30,31 ਅਕਤੂਬਰ ਅਤੇ ਪਹਿਲੀ ਨਵੰਬਰ ਦੇਸ਼ ਭਗਤ ਯਾਦਗਾਰ ਹਾਲ ਚ ਲੱਗ ਰਿਹਾ 34ਵਾਂ ਮੇਲਾ ਗਦਰੀ ਬਾਬਿਆਂ ਦਾ ਪਹਿਲੀ ਨਵੰਬਰ ਨੂੰ ਦਿਨ ਰਾਤ ਨਾਟਕਾਂ ਅਤੇ ਗੀਤਾਂ ਦੇ ਦਿਲਕਸ਼ ਰੰਗਾਂ ਦੀ ਸਤਰੰਗੀ ਪੀਂਘ ਅੰਬਰਾਂ ਤੇ ਪਾਏਗਾ ।
ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਹੋਣ ਕਾਰਨ ਇਸ ਵਾਰ ਮੇਲੇ 'ਚ ਗ਼ਦਰੀ ਗੁਲਾਬ ਕੌਰ ਬਾਰੇ ਦਿਨੇ ਅਤੇ ਰਾਤ ਵੇਲੇ ਦੋ ਨਾਟਕ ਹੋਣਗੇ। ਦਿਨ ਵੇਲੇ ਸ਼ਾਮ ਨੂੰ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਚ 'ਧਰਤ ਵੰਗਾਰੇ ਤਖਤ ਨੂੰ' ਨਾਟਕਾਂ ਦੀ ਰਾਤ ਦਾ ਆਗਾਜ਼ ਲੋਕ ਕਲਾ ਮੰਚ ਮਾਨਸਾ ਵੱਲੋਂ ਪ੍ਰੋ. ਅਜਮੇਰ ਸਿੰਘ ਔਲਖ ਦੇ ਲਿਖੇ ਅਤੇ ਡਾ. ਅਜਮੀਤ ਦੁਆਰਾ ਨਿਰਦੇਸ਼ਤ 'ਤੂੰ ਚਰਖਾ ਘੁਕਦਾ ਰੱਖ ਜ਼ਿੰਦੇ' ਨਾਲ਼ ਹੋਏਗਾ।
ਇਸ ਤੋਂ ਇਲਾਵਾ ਨਾਟਕਾਂ ਭਰੀ ਰਾਤ ਵੇਲੇ ਦੂਰ ਦਰਸ਼ਨ ਦੇ ਸਾਬਕਾ ਨਿਰਦੇਸ਼ਕ ਹਰਜੀਤ ਦੁਆਰਾ ਲਿਖਿਆ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਚ ਨਾਟਕ ਹੋਏਗਾ 'ਸਾਂਦਲ ਬਾਰ, ' ਮਾਲਾ ਹਾਸ਼ਮੀ ਨਵੀਂ ਦਿੱਲੀ ਤੋਂ ਆਪਣੀ ਜਨ ਨਾਟਿਆ ਮੰਚ ਮੰਡਲੀ ਵੱਲੋਂ ਫਿਰਕਾ ਪ੍ਰਸਤੀ ਗੁੰਡਾਗਰਦੀ ਅਤੇ ਹਕੂਮਤੀ ਗੱਠ ਜੋੜ ਦਾ ਪਰਦਾ ਫਾਸ ਕਰਦਾ ਨਾਟਕ ਪੇਸ਼ ਕਰਨਗੇ। ਸੰਗੀਤਾ ਗੁਪਤਾ ਚੰਡੀਗੜ੍ਹ ਦੀ ਨਿਰਦੇਸ਼ਨਾ ਚ ਨਾਟਕ ਹੋਏਗਾ 'ਮੁਝੇ ਪੰਖ ਦੇ ਦੋ' ਡਾ. ਸਾਹਿਬ ਸਿੰਘ ਦੁਆਰਾ ਰਚਿਤ ਅਤੇ ਨਿਰਦੇਸ਼ਤ ਨਾਟਕ ਹੋਏਗਾ, 'ਤੂੰ ਅਗਲਾ ਵਰਕਾ ਫੋਲ' । ਹੜ ਪੀੜਤਾਂ ਨਾਲ ਹਾਕਮਾਂ ਵੱਲੋਂ ਕੀਤੇ ਜਾ ਰਹੇ ਕੋਝੇ ਮਜ਼ਾਕ ਉੱਪਰ ਵਿਅੰਗ ਕਸਦਾ ਗੁਰਸ਼ਰਨ ਸਿੰਘ ਦਾ ਨਾਟਕ 'ਰਾਹਤ' ਖੇਡੇਗਾ ਇਕੱਤਰ ਅਤੇ ਇਪਟਾ ਮੋਗਾ ਅਵਤਾਰ ਚੜਿੱਕ ਅਤੇ ਸਾਥੀ ਨਿਵੇਕਲਾ ਰੰਗ ਭਰਨਗੇ, 'ਭੰਡ ਆਏ ਮੇਲੇ 'ਤੇ ।
ਮੇਲੇ ਚ ਸੰਗੀਤ ਦੀਆਂ ਸੁਰਾਂ ਛੇੜਨਗੇ ਛੱਤੀਸਗੜ ਤੋਂ 'ਰੇਲਾ ਸੰਗੀਤਕ ਗਰੁੱਪ, ਦਸਤਕ ਸਭਿਆਚਾਰਕ ਮੰਚ( ਸਾਰਾ), ਲੋਕ ਸੰਗੀਤ ਮੰਡਲੀ ਭਦੌੜ( ਮਾਸਟਰ ਰਾਮ ਕੁਮਾਰ), ਇਨਕਲਾਬੀ ਕਵੀਸਰੀ ਜੱਥਾ ਰਸੂਲਪੁਰ (ਸਵਰਨ ਧਾਲੀਵਾਲ ਅਤੇ ਸਾਥੀ )ਲੋਕ ਸੰਗੀਤ ਮੰਡਲੀ ਮਸਾਣੀ( ਧਰਮਿੰਦਰ ਮਸਾਣੀ), ਲੋਕ ਸੰਗੀਤ ਮੰਡਲੀ ਗੜ੍ਹਦੀਵਾਲਾ ( ਗੁਰਪਿੰਦਰ ਸਿੰਘ), ਗੁਲਾਮ ਅਲੀ, ਇਕਬਾਲ ਉਦਾਸੀ, ਨਰਗਿਸ, ਅਜਮੇਰ ਅਕਲੀਆ ਅਤੇ ਅੰਮ੍ਰਿਤਪਾਲ ਬੰਗੇ।
ਪ੍ਰੈੱਸ ਨਾਲ਼ ਇਹ ਜਾਣਕਾਰੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਾਂਝੀ ਕੀਤੀ।
ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਸੰਸਥਾਵਾਂ ਅਤੇ ਪਰਿਵਾਰਾਂ ਨੂੰ ਮੇਲੇ 'ਚ ਪੁੱਜਣ ਅਤੇ ਸਹਿਯੋਗ ਦੇਣ ਦੀ ਜ਼ੋਰਦਾਰ ਅਪੀਲ ਵੀ ਕੀਤੀ ਗਈ।