ਪੁਸਤਕ ਦਾ ਨਾਂਅ:- ਮੁਹੱਬਤ ਜ਼ਿੰਦਾਬਾਦ
ਲੇਖਕ:- ਦਰਸ਼ਨ ਸਿੰਘ ' ਦਰਸ਼ ਪਸਿਆਣਾ '
ਪਬਲੀਸ਼ਰ:- ਕੈਲੀਬਰ ਪਬਲੀਕੇਸ਼ਨ, ਪਟਿਆਲਾ
ਕੀਮਤ:- 290/- ਰੁਪਏ
ਕਾਵਿ-ਪੁਸਤਕ ' ਮੁਹੱਬਤ ਜ਼ਿੰਦਾਬਾਦ ' ਪ੍ਰੌੜ ਉਮਰ ਦੇ ਕਵੀ ਦਰਸ਼ਨ ਸਿੰਘ 'ਦਰਸ਼ ਪਸਿਆਣਾ ' ਦੀ ਪਲੇਠੀ ਪੁਸਤਕ ਹੈ। ਦਰਸ਼ ਪਸਿਆਣਾ ਭਾਣੇ ਵਿੱਚ ਰਹਿਣ ਵਾਲਾ ਨੇਕ ਸ਼ਖ਼ਸ ਹੈ। ਉਹ ਖੁੱਲ੍ਹ-ਦਿਲਾ ਇਨਸਾਨ ਹੈ ਜਿਹੜਾ ਬਿਨਾ ਕਿਸੇ ਵਲ਼- ਛਲ਼ ਦੇ ਬੇਬਾਕੀ ਨਾਲ਼ ਗੱਲ ਕਰਦਾ ਹੈ। ਉਹ ਵਾਦਾਂ ( isms) ਵਿੱਚ ਨਹੀਂ ਪੈਂਦਾ ਅਤੇ ਉਲਾਰ ਵੀ ਨਹੀਂ ਹੁੰਦਾ। ਉਸ ਦੇ ਸੁਭਾਅ ਦੀ ਤਰ੍ਹਾਂ ਹੀ ਇਸ ਪੁਸਤਕ ਵਿਚਲੀਆਂ ਕਵਿਤਾਵਾਂ, ਗੀਤ, ਪ੍ਰਗੀਤ ਸਾਦੀ ਤੇ ਸਪਸ਼ਟ ਭਾਸ਼ਾ ਵਿੱਚ ਲਿਖੇ ਗਏ ਹਨ।
ਕਵੀ ਨੇ ਆਪਣੀ ਇਸ ਪੁਸਤਕ ਵਿੱਚ ਬਹੁਤ ਸਾਰੇ ਭਖਦੇ ਮਸਲਿਆਂ ਨੂੰ ਛੋਹਿਆ ਹੈ। ਉਸ ਦੀਆਂ ਰਚਨਾਵਾਂ ਵਿੱਚ ਇਹਨਾਂ ਮਸਲਿਆਂ ਦਾ ਸਿਰਫ਼ ਜ਼ਿਕਰ ਤੇ ਫ਼ਿਕਰ ਹੀ ਨਹੀਂ, ਬਲਕਿ ਉਹ ਇਹਨਾਂ ਦਾ ਚਿੰਤਨ ਕਰਦਾ ਹੋਇਆ ਪਾਠਕਾਂ ਨੂੰ ਸੁਚੇਤ ਵੀ ਕਰਦਾ ਹੈ। ਉਹ ਪੰਜਾਬ, ਪੰਜਾਬੀ,
ਸੱਭਿਆਚਾਰ, ਨਾਇਕਾਂ, ਰੀਤੀ-ਰਿਵਾਜਾਂ, ਫੋਕੇ ਨਾਅਰਿਆਂ, ਲੀਡਰਾਂ/ ਧਰਮ ਦੇ ਠੇਕੇਦਾਰਾਂ ਦੇ ਦੋਹਰੇ ਕਿਰਦਾਰ ਆਦਿ ਬਹੁਤ ਸਾਰੇ ਵਿਸ਼ਿਆਂ ਨੂੰ ਲੈ ਕੇ ਸਾਰਥਿਕ ਗੱਲ ਕਰਦਾ ਹੈ।
ਪੇਸ਼ ਹਨ ਇਸ ਪੁਸਤਕ ਵਿਚਲੀਆਂ ਕੁਝ ਵੰਨਗੀਆਂ:-
ਆਬਸ਼ਾਰ ਜਿਹੀ ਨਿਰਮਲ ਮਿੱਠੀ
ਹਾਂ ਖੰਡ ਮਿਸ਼ਰੀ ਤੋਂ
'ਦਰਸ਼' ਅੰਬਰ ਨੂੰ ਛੂੰਹਦੀਆਂ ਸਾਉਣ
ਘਟਾਵਾਂ ਵਰਗੀ ਆਂ।
( ਬੋਲੀ ਪੰਜ ਦਰਿਆਵਾਂ ਦੀ )
ਕਿਸੇ ਕੰਮ ਨਾ ਜਪ ਤਪ
ਪੂਜਾ ਪਾਠ ਕਰੇ
ਮਨ ਅੰਦਰ ਜੇ ਪਾਪ
ਮੁਹੱਬਤ ਜ਼ਿੰਦਾਬਾਦ
( ਮੁਹੱਬਤ ਜ਼ਿੰਦਾਬਾਦ )
ਕਦੇ ਸੁਰਗਾਂ ਵਰਗੀ ਸੀ
ਤੇਰੀ ਸੁਹਣੀ ਧਰਤ ਨਿਰਾਲੀ
ਕੁਦਰਤ ਵੀ ਡੁਸਕ ਰਹੀ
ਹੁਣ ਤਾਂ ਦੇਖ ਤੇਰੀ ਮੰਦਹਾਲੀ
ਨਾ ਪੀਣ ਦੇ ਯੋਗ ਰਿਹਾ
ਤੇਰਾ ਅੰਮ੍ਰਿਤ ਵਰਗਾ ਪਾਣੀ
ਮੁੱਖੋਂ ਬੋਲ---- ( ਪੰਜਾਬ ਸਿਆਂ )
ਹੁਣ ਰਿਹਾ ਨਾ ਭੁਲੇਖਾ ਸਭ ਜਾਣਦੇ
ਵਾਇਦੇ ਤੇਰੇ ਫੋਕਿਆਂ ਨੂੰ ਹਾਕਮਾ।
( ਫੋਕੇ ਵਾਇਦੇ )
ਧਰਮਾਂ ਵਿਚਲੀ ਈਰਖਾ ਜਿਸ ਦਿਨ
ਮਿਟ ਗਈ 'ਦਰਸ਼ ' ਮਨਾਂ 'ਚੋਂ
ਸਾਰੀ ਧਰਤੀ 'ਤੇ ਹਰ ਪਾਸੇ
ਦਿਸਣਗੇ ਇਨਸਾਨ
( ਦਿਸਦੇ ਨੇ ਇਨਸਾਨ )
ਜੋਗੀਆਂ ਸੂਫ਼ੀ ਭਗਤਾਂ
ਗੁਰੂਆਂ ਨੇ ਵਰੋਸਾਈ ਏ
' ਦਰਸ਼ ਪਸਿਆਣੇ ' ਸਿਜਦਾ
ਹੈ ਲੱਖ ਵਾਰ ਪੰਜਾਬੀ ਨੂੰ
( ਕਰੀਏ ਪਿਆਰ ਪੰਜਾਬੀ ਨੂੰ )
ਸਾਹਵੇਂ ਕੁਦਰਤ ਦੀ ਤਾਕਤ ਦੇ
ਤੇਰਾ ਕੀੜੀ ਵੱਤ ਵਜੂਦ ਨਹੀਂ
ਮਾਇਆ ਦੇ ਸਿਰ ' ਤੇ ਹੁੱਬਦਾ ਏਂ
( ਕੁਦਰਤ ਦੀ ਥਾਹ )
ਚੰਗਾ ਜਿੱਤਿਆ ਵੀ ਨਹੀਂ
ਜੰਗ ਹਾਰਿਆ ਵੀ ਮਾੜਾ
( ਨਾਮ ਜੰਗ ਦਾ ਏ ਮਾੜਾ )
ਸੋ ਕੁੱਲ ਮਿਲਾ ਕੇ, ਖ਼ੂਬਸੂਰਤ ਦਿੱਖ ਤੇ ਢੁਕਵੇਂ ਟਾਈਟਲ ਵਾਲ਼ੀ, ਸਰਬੱਤ ਦਾ ਭਲਾ ਮੰਗਦੀ, ਵਿਸ਼ਾਲ ਅਰਥਾਂ ਵਿੱਚ ਮੁਹੱਬਤ ਦਾ ਸੁਨੇਹਾ ਦਿੰਦੀ ਇਹ ਪੁਸਤਕ ਪੜ੍ਹਨ ਤੇ ਮਾਨਣਯੋਗ ਹੈ। ਅਦਬ ਜਗਤ ਵਿੱਚ ਇਸ ਦਾ ਸਵਾਗਤ ਕਰਨਾ ਬਣਦਾ ਹੈ।
ਆਮੀਨ !
ਬਚਨ ਸਿੰਘ ਗੁਰਮ
ਮੋਬਾਈਲ :- 98723-61424

-
ਬਚਨ ਸਿੰਘ ਗੁਰਮ, writer
jakhwali89@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.