ਰਾਤ ਦੇ ਹਨੇਰੇ ਵਿੱਚ ਵਾਹਨ ਰੋਕ ਦੁਧ ਵਿੱਚ ਕੁਝ ਮਿਲਾ ਰਿਹਾ ਸੀ ਵਿਅਕਤੀ!
ਰਾਹਗੀਰਾਂ ਨੇ ਪਾ ਲਿਆ ਪੇਚਾ, ਕਹਿੰਦੇ ਦੁੱਧ 'ਚ ਕੈਮੀਕਲ ਨਾਲ ਮਿਲਾਵਟ ਕਰਦਾ ਵੇਖਿਆ, ਮੌਕੇ ਤੇ ਪਹੁੰਚ ਗਈ ਪੁਲਿਸ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 20 ਅਗਸਤ 2025
ਦੁੱਧ ਸਾਡੀ ਰੋਜ਼ਾਨਾ ਦੀ ਖੁਰਾਕ ਦਾ ਅਹਿਮ ਹਿੱਸਾ ਹੈ। ਇਸ ਦੀ ਵਰਤੋਂ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਸ਼ਾਮ ਦੀ ਚਾਹ ਤੱਕ ਕੀਤੀ ਜਾਂਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਬਾਜ਼ਾਰ ਤੋਂ ਜੋ ਦੁੱਧ ਖਰੀਦਦੇ ਹਾਂ, ਉਹ ਸ਼ੁੱਧ ਹੋਵੇ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਦੁੱਧ ਦੀ ਸ਼ੁੱਧਤਾ ਲੋਕਾਂ ਲਈ ਵੱਡੀ ਚਿੰਤਾ ਬਣ ਗਈ ਹੈ। ਮੁਨਾਫਾ ਕਮਾਉਣ ਲਈ ਬਹੁਤ ਸਾਰੇ ਲੋਕ ਦੁੱਧ ਵਿੱਚ ਨੁਕਸਾਨਦੇਹ ਚੀਜ਼ਾਂ ਮਿਲਾ ਰਹੇ ਹਨ, ਜਿਸ ਕਾਰਨ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ।
ਅਜਿਹਾ ਹੀ ਇਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ ਜਿੱਥੇ ਨਕਲੀ ਦੁੱਧ ਬਣਾ ਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਨੁੱਖੀ ਸਿਹਤ ਦੇ ਇੱਕ ਦੁਸ਼ਮਣ ਨੂੰ ਰਾਹਗੀਰਾਂ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੋਸ਼ ਇਹ ਹਨ ਕਿ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਮਾਰਗ ਤੇ ਪਿੰਡ ਮੇਵਾ ਸਿੰਘ ਵਾਲਾ ਵਿਖੇ ਇੱਕ ਵਿਅਕਤੀ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਦੁੱਧ ਵਿੱਚ ਕੋਈ ਕੈਮੀਕਲ ਮਿਲਾ ਕੇ ਨਕਲੀ ਦੁੱਧ ਤਿਆਰ ਕਰ ਰਿਹਾ ਸੀ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਰਾਹਗੀਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਤਲਵੰਡੀ ਚੌਧਰੀਆਂ ਵਲੋਂ ਆ ਰਿਹਾ ਸੀ ਇਸ ਦੌਰਾਨ ਇੱਕ ਵਾਹਨ ਰਸਤੇ ਵਿੱਚ ਹੀ ਰੁਕ ਗਿਆ।
ਜਿੱਥੇ ਅਸੀਂ ਪਿੰਡ ਮੇਵਾ ਸਿੰਘ ਵਾਲਾ ਦੇ ਨਜਦੀਕ ਵੇਖਿਆ ਕਿ ਵਿਅਕਤੀ ਦੁੱਧ ਦੇ ਵਿੱਚ ਕੋਈ ਕੈਮੀਕਲ ਮਿਲਾ ਰਿਹਾ ਹੈ। ਜਿਸ ਨੂੰ ਅਸੀਂ ਸ਼ੱਕ ਦੇ ਅਧਾਰ ਤੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਇੱਥੇ ਸੈਂਪਲ ਚੈੱਕ ਕਰ ਰਿਹਾ ਹਾਂ। ਜਿਸ ਨੂੰ ਅਸੀਂ ਪੁੱਛਿਆ ਕਿ ਇੱਥੇ ਸੈਂਪਲ ਦਾ ਕੀ ਕਨੈਕਸ਼ਨ ਹੈ। ਜਦ ਕਿ ਤੂੰ ਦੁੱਧ ਕਿਤੋਂ ਹੋਰੋਂ ਲੈ ਕੇ ਆਇਆ ਤੇ ਇੱਥੇ ਸੈਂਪਲ ਚੈੱਕ ਕਰ ਰਿਹਾ ਹੈ। ਜਿਸ ਤੋਂ ਬਾਅਦ ਉਸਨੇ ਡਰਦੇ ਮਾਰਿਆ ਇੱਕ ਬੋਤਲ ਕਿਸੇ ਕੈਮੀਕਲ ਦੀ ਦੂਰ ਸੁੱਟ ਦਿੱਤੀ। ਚੈੱਕ ਕਰਨ ਤੇ ਸਾਨੂੰ ਉਸ ਵਾਹਨ ਵਿੱਚੋਂ ਇੱਕ ਪਾਣੀ ਦਾ ਡਰੱਮ, ਹੋਰ ਕੈਮੀਕਲ ਵੇਖੇ ਗਏ। ਜਦੋਂ ਅਸੀਂ ਕਿਹਾ ਕਿ ਇਹ ਸਭ ਕੀ ਹੈ ਤਾਂ ਇਹ ਸਾਨੂੰ ਕਹਿਣ ਲੱਗਾ ਕਿ ਤੁਸੀਂ ਕੌਣ ਹੁੰਦੇ ਹੋ ਮੈਨੂੰ ਪੁੱਛਣ ਵਾਲੇ ਅਤੇ ਸਾਨੂੰ ਧਮਕਾਉਣ ਲੱਗ ਪਿਆ। ਜਿਸ ਤੋਂ ਬਾਅਦ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਤੇ ਉਕਤ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਦੋਂ ਇਸ ਬਾਬਤ ਉਕਤ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਮੈਂ ਸਿਰਫ ਗੱਡੀ ਰੋਕ ਕੇ ਇੱਥੇ ਪਾਣੀ ਭਰ ਰਿਹਾ ਸੀ। ਇਹ ਦੁੱਧ ਬਿਲਕੁਲ ਵੀ ਨਕਲੀ ਨਹੀਂ ਹੈ ਇਸ ਨੂੰ ਜਿੱਥੇ ਮਰਜ਼ੀ ਚੈੱਕ ਕਰਵਾ ਲਓ। ਗੱਡੀ ਚ ਰੱਖੀ ਕੈਮੀਕਲ ਬਾਰੇ ਸਵਾਲ ਕਰਨ ਤੇ ਉਸਨੇ ਕਿਹਾ ਕਿ ਮੇਰੀ ਜਰੂਰਤ ਦਾ ਸਮਾਨ ਹੈ ਇਸ ਤੋਂ ਇਲਾਵਾ ਕੁਝ ਵੀ ਨਹੀਂ।
ਉਧਰ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਕਿਹਾ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਇਸ ਦੁੱਧ ਦੀ ਜਾਂਚ ਤੋਂ ਬਾਅਦ ਕੀ ਸਪਸ਼ਟ ਹੁੰਦਾ ਹੈ ਕਿ ਵਾਕੇ ਹੀ ਇਹ ਦੁੱਧ ਵਿੱਚ ਕਿਸੇ ਕਿਸਮ ਦੀ ਮਿਲਾਵਟ ਸੀ ਜਾਂ ਨਹੀਂ।
ਜਿਕਰ ਯੋਗ ਹੈ ਕਿ ਅੱਜਕੱਲ ਦੇ ਗਰਮੀ ਦੇ ਮੌਸਮ ਦੌਰਾਨ ਪਸ਼ੂਆਂ ਦਾ ਦੁੱਧ ਘੱਟ ਹੋ ਜਾਂਦਾ ਹੈ ਪਰੰਤੂ ਦੁੱਧ ਦੀ ਖਪਤ ਪਹਿਲਾਂ ਵਾਂਗ ਹੀ ਰਹਿਣ (ਜਾਂ ਪਹਿਲਾਂ ਤੋਂ ਵੀ ਜਿਆਦਾ ਵੱਧ ਜਾਣ) ਕਾਰਨ ਨਕਲੀ ਅਤੇ ਮਿਲਾਵਟੀ ਦੁੱਧ ਦਾ ਕਾਲਾ ਕਾਰੋਬਾਰ ਜੋਰ ਫੜ ਜਾਂਦਾ ਹੈ। ਅਜਿਹਾ ਹਰ ਸਾਲ ਵੇਖਣ ਵਿੱਚ ਆਉਂਦਾ ਹੈ ਕਿ ਇਸ ਮੌਸਮ ਦੌਰਾਨ ਨਕਲੀ ਦੁੱਧ ਅਤੇ ਉਸਤੋਂ ਤਿਆਰ ਵਸਤਾਂ ਦੀ ਸਪਲਾਈ ਕਰਨ ਵਾਲੇ ਕੁੱਝ ਨਾਂ ਕੁੱਝ ਵਿਅਕਤੀ ਜਰੂਰ ਫੜੇ ਜਾਂਦੇ ਹਨ ਪਰੰਤੂ ਇਹ ਕਾਲਾ ਕਾਰੋਬਾਰ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਹਤ ਵਿਭਾਗ ਵਲੋਂ ਜਿਹੜੇ ਵਿਅਕਤੀ ਕਾਬੂ ਕੀਤੇ ਜਾਂਦੇ ਹਨ ਉਹ ਇਸ ਕਾਲੇ ਕਾਰੋਬਾਰ ਦੇ ਮਾਮੂਲੀ ਕਰਿੰਦੇ ਹੀ ਹੁੰਦੇ ਹਨ ਅਤੇ ਇਸਦੇ ਵੱਡੇ ਕਾਰੋਬਾਰੀਆਂ ਦੇ ਨਾ ਫੜੇ ਜਾਣ ਕਾਰਨ ਇਹ ਕਾਰੋਬਾਰ ਲਗਾਤਾਰ ਚਲਦਾ ਰਹਿੰਦਾ ਹੈ।
ਕਾਬਲੇ ਗੌਰ ਹੈ ਕਿ ਪੰਜ ਦਹਾਕੇ ਪਹਿਲਾਂ ਆਏ ਹਰੇ ਇਨਕਲਾਬ ਤੋਂ ਬਾਅਦ ਜਦੋਂ ਪੰਜਾਬ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੇ ਦੁੱਧ ਦਾ ਚਿੱਟਾ ਇਨਕਲਾਬ ਲਿਆਂਦਾ ਤਾਂ ਪੂਰੀ ਦੁਨੀਆਂ ਨੂੰ ਪੰਜਾਬੀਆਂ ਦੇ ਰਿਸਟ ਪੁਸ਼ਟ ਹੋਣ ਦੇ ਇਸ ਪ੍ਰਮੁਖ ਸਰੋਤ ਦਾ ਪਤਾ ਚੱਲ ਗਿਆ ਸੀ। ਉਸ ਵੇਲੇ ਦੁੱਧ ਪੂਰੀ ਤਰ੍ਹਾਂ ਸ਼ੁੱਧ ਹੁੰਦਾ ਸੀ ਅਤੇ ਇਸ ਵਿੱਚ ਕਿਸੇ ਕਿਸਮ ਦੀ ਕੋਈ ਮਿਲਾਵਟ ਨਹੀਂ ਹੁੰਦੀ ਸੀ। ਪਰੰਤੂ ਹੌਲੀ ਹੌਲੀ ਦੁੱਧ ਦੀ ਵਿਕਰੀ ਵਿੱਚ ਵਾਧਾ ਹੁੰਦਾ ਰਿਹਾ ਅਤੇ ਇਸਦੀ ਵੱਧਦੀ ਖਪਤ ਦੇ ਮੁਕਾਬਲੇ ਦੁਧਾਰੂ ਪਸ਼ੂਆਂ ਦੀ ਗਿਣਤੀ ਘੱਟ ਹੁੰਦੀ ਗਈ। ਇਸ ਦੌਰਾਨ ਵਲੈਤੀ ਗਾਵਾਂ ਵੀ ਆਈਆਂ ਪਰੰਤੂ ਦੁੱਧ ਦੇ ਉਤਪਾਦਨ ਅਤੇ ਖਪਤ ਦਾ ਖੱਪਾ ਲਗਾਤਾਰ ਵੱਡਾ ਹੁੰਦਾ ਗਿਆ। ਸ਼ੁਰੂ ਸ਼ੁਰੂ ਵਿੱਚ ਦੁੱਧ ਵਿੱਚ ਪਾਣੀ ਦੀ ਮਿਲਾਵਟ ਕੀਤੀ ਜਾਂਦੀ ਸੀ ਪਰੰਤੂ ਫਿਰ ਬਾਜਾਰ ਵਿੱਚ ਨਕਲੀ ਦੁੱਧ ਵੀ ਵਿਕਣ ਲੱਗ ਗਿਆ।