ਬਾਬਾ ਬਲਬੀਰ ਸਿੰਘ ਨਗਰ ਕੀਰਤਨ ਚ ਸ਼ਾਮਿਲ ਹੋਣ ਲਈ ਔਰੰਗਾਬਾਦ ਤੋਂ ਅਸਾਮ ਪੁਜੇ
ਅੰਮ੍ਰਿਤਸਰ:- 20 ਅਗਸਤ 2025 ਨਿਹੰਗ ਸਿੰਘਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮਹਾਰਾਸਟਰ ਵਿਖੇ ਆਪਣੀ ਧਰਮ ਪ੍ਰਚਾਰ ਲਹਿਰ ਸੰਪੂਰਨ ਕਰਨ ਉਪਰੰਤ ਅੱਜ ਔਰੰਗਾਬਾਦ ਤੋਂ ਗੁਰਦੁਆਰਾ ਤੇਗ਼ ਬਹਾਦਰ ਸਾਹਿਬ ਧੋਬੜੀ ਅਸਾਮ ਪੁੱਜ ਗਏ ਹਨ।
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਧੋਬੜੀ ਸਾਹਿਬ ਅਸਾਮ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੀਕ ਸ਼ਹੀਦੀ ਨਗਰ ਕੀਰਤਨ ਦੀ ਆਰੰਭਤਾ ਅਰਦਾਸ ਵਿੱਚ ਸ਼ਾਮਿਲ ਹੋਣਗੇ। ਇਸ ਤੋਂ ਪਹਿਲਾਂ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ ਸਜੇ ਗੁਰਮਤਿ ਸਮਾਗਮ ਵਿੱਚ ਉਨ੍ਹਾਂ ਨੇ ਹਾਜ਼ਰੀ ਭਰੀ। ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਸ ਪਾਵਨ ਪਵਿੱਤਰ ਅਸਥਾਨ ਤੇ ਜਿਥੇ ਅਸੀਂ ਜੁੜ ਬੈਠੇ ਹਾਂ ਇਥੋਂ ਹੀ ਨੌਵੇਂ ਪਾਤਸ਼ਾਹ ਜੀ ਨੇ ਸਾਂਤੀ ਦਾ ਉਪਦੇਸ਼ ਦਿੱਤਾ ਅਤੇ ਆਪਸੀ ਮਿਲਜੁਲ ਕੇ ਰਹਿਣ ਦੀ ਪ੍ਰੇਰਨਾ ਦਾ ਉਦੇਸ਼ ਦਿਤਾ। ਉਨ੍ਹਾਂ ਕਿਹਾ ਨਗਰ ਕੀਰਤਨ ਕੌਮ ਅੰਦਰ ਚੜਦੀਕਲਾ ਦੀ ਰੂਹ ਉਜਾਗਰ ਕਰਦੇ ਹਨ, ਸੰਗਤ ਗੁਰੂ ਜੀ ਦੇ ਦਰਸ਼ਨ ਕਰ ਕੇ ਅਸੀਸਾਂ ਦੀ ਭਾਗੀ ਬਣਦੀ ਹੈ ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਥਾਨ ਤੋਂ ਨਗਰ ਕੀਰਤਨ ਵੱਖ-ਵੱਖ ਸ਼ਹਿਰਾਂ ਥਾਈ ਗੁ: ਸੀਸ ਗੰਜ ਤੀਕ ਲੈ ਕੇ ਜਾਣਾ ਇਤਿਹਾਸਿਕ ਤੇ ਯਾਦਗਾਰੀ ਫੈਸਲਾ ਹੈ।