ਸੰਤ ਹਰਚੰਦ ਸਿੰਘ ਲੌਗੋਵਾਲ ਦੀ ਬਰਸੀ ‘ਤੇ ਹੋਵੇਗਾ ਅਸਲੀ ਅਤੇ ਨਕਲੀ ਅਕਾਲੀ ਦਲ ਦਾ ਨਿਤਾਰਾ: ਪ੍ਰੋ. ਚੰਦੂਮਾਜਰਾ
ਚੰਡੀਗੜ 19 ਅਗਸਤ 2025
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ ਬਿਆਨਜਾਰੀ ਜਾਰੀ ਕਰਦਿਆਂ ਆਖਿਆ ਕਿ ਪੰਥਕ ਖੇਤਰ ਵਿੱਚ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ, ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਖਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਤੁਰਿਆ ਅਸਲੀ ਅਕਾਲੀ ਦਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਇੱਕ ਨਵੀਂ ਮੁਹਿੰਮ ਦਾ ਆਗਾਜ਼ ਕਰੇਗਾ। ਉਨ੍ਹਾਂ ਆਖਿਆ ਕਿ ਬਰਸੀ ਉੱਤੇ ਪੰਜਾਬ ਦੇ ਲੋਕਾਂ ਸਾਹਮਣੇ ਅਸਲੀ ਅਤੇ ਨਕਲੀ ਅਕਾਲੀ ਦਲ ਦਾ ਵੀ ਨਿਤਾਰਾ ਵੀ ਹੋਵੇਗਾ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਆਪਣੇ ਆਪ ਨੂੰ ਅਕਾਲੀ ਅਖਵਾਉਣ ਅਤੇ ਪੰਜਾਬ ਤੇ ਪੰਥ ਹਿਤੈਸ਼ੀ ਲੋਕਾਂ ਨੂੰ ਇਕੱਠੇ ਹੋਕੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਨਾਕਾਮ ਕਰਨ ਦੀ ਲੋੜ ਹੈ।
ਪ੍ਰੋ ਚੰਦੂਮਾਜਰਾ ਨੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਪੰਜਾਬ ਨੂੰ ਵੱਡੀ ਆਰਥਿਕ ਕੰਗਾਲੀ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਸਿਰ 4 ਲੱਖ ਕਰੋੜ ਕਰਜ਼ੇ ਦਾ ਬੋਝ ਹੈ, ਜੋ ਪ੍ਰਤੀ ਦਿਨ ਵਧ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਇਸ ਮਾੜੇ ਆਰਥਿਕ ਦੌਰ ਵਿੱਚੋਂ ਕੱਢਣ ਲਈ ਸਮੂਹ ਪੰਜਾਬੀਆਂ ਨੂੰ ਇਕੱਠੇ ਹੋਕੇ ਹੰਭਲਾ ਮਾਰਨਾ ਪਵੇਗਾ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਤੌਰ ਉੱਤੇ ਬਹੁ ਪਰਤੀ ਸੰਕਟਾਂ ਵਿੱਚ ਘਿਰਿਆ ਨਜ਼ਰ ਆ ਰਿਹਾ ਹੈ। ਜਿਸ ਵਿੱਚ ਮੁੱਖ ਸੰਕਟ ਡੈੱਮਾਂ ਉੱਤੋ ਪੰਜਾਬ ਦਾ ਕੰਟਰੋਲ ਖ਼ਤਮ ਕਰ ਦੇਣਾ, ਬੀਬੀਐੱਮਬੀ ਤੇ ਸੀਆਈਐੱਸਐੱਫ ਨੂੰ ਤਾਇਨਾਤ ਕਰ ਦੇਣਾ, ਕੇਂਦਰ ਵੱਲੋਂ ਸੂਬੇ ਦੇ ਦਿਹਾਤੀ ਫੰਡਾਂ ਦੇ ਸੈਂਕੜੇ ਕਰੋੜ ਰੁਪਏ ਨਾ ਦੇਣਾ, ਪੰਜਾਬ ਦੀ ਰਾਜਧਾਨੀ ਚੰਡੀਗੜ ਵਿੱਚੋਂ ਮੁਲਾਜ਼ਮਾਂ ਦੀ 60:40 ਅਨੁਪਾਤ ਦੀ ਸ਼ਰਤ ਖ਼ਤਮ ਕਰ ਦੇਣਾ ਆਦਿ ਉੱਤੇ ਸੂਬੇ ਦੀ ਲੀਡਰਸ਼ਿਪ ਨੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਸਮੁੱਚੇ ਪੰਜਾਬੀਆਂ ਨੂੰ ਪੰਜਾਬ ਦੇ ਅਸਲੀ ਵਾਰਿਸ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋਕੇ ਹੰਭਲਾ ਮਾਰਨਾ ਪਵੇਗਾ, ਜਿਸਦੀ ਸ਼ੁਰੂਆਤ ਸਮੂਹ ਪੰਜਾਬੀਆਂ ਦੇ ਸਹਿਯੋਗ ਤੇ ਪੰਥਕ ਧਿਰਾਂ ਦੀ ਹਿਮਾਇਤ ਨਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਉੱਤੇ ਹੋਵੇਗੀ।