Punjab Breaking : MLA ਦੀ ਰਿਹਾਇਸ਼ ਅਤੇ ਪਿੰਡ ਦੀਆਂ ਕਈ ਥਾਵਾਂ ਉੱਪਰ ਖ਼ਾਲਿਸਤਾਨ ਦੇ ਨਾਅਰੇ ਲਿਖਣ ਦੇ ਮਾਮਲੇ ‘ਚ ਤਿੰਨ ਨੌਜਵਾਨ ਗ੍ਰਿਫ਼ਤਾਰ
ਅਮਰੀਕਾ ਵਿੱਚ ਰਹਿ ਰਹੇ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਕੀਤਾ ਨਾਮਜਦ
ਕਮਲਜੀਤ ਸਿੰਘ
ਬਰਨਾਲਾ : ਥਾਣਾ ਮਹਿਲ ਕਲਾਂ ਪੁਲਿਸ ਨੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ 14 ਅਗਸਤ ਦੀ ਰਾਤ ਪਿੰਡ ਪੰਡੋਰੀ ਵਿਖੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਹਾਇਸ਼ ਅਤੇ ਪਿੰਡ ਦੀਆਂ ਹੋਰ ਕਈ ਥਾਵਾਂ ਉੱਪਰ ਖਾਲਿਸਤਾਨ ਦੇ ਨਾਅਰੇ ਲਿਖਣ ਦੇ ਮਾਮਲੇ ‘ਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ 14 ਅਗਸਤ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਹਾਇਸ਼ ਸਮੇਤ ਪਿੰਡ ਦੀਆਂ ਹੋਰ ਕਈ ਥਾਵਾਂ ਉੱਪਰ ਖਾਲਿਸਤਾਨ ਜ਼ਿੰਦਾਬਾਦ, 15 ਅਗਸਤ ਕਾਲਾ ਦਿਨ ਆਦਿ ਨਾਅਰੇ ਲਿਖੇ ਗਏ ਸਨ। ਇਸ ਮਾਮਲੇ 'ਚ ਵਿਧਾਇਕ ਦੇ ਗੰਨਮੈਨ ਹਰਦੀਪ ਸਿੰਘ ਵਾਸੀ ਲੇਲਿਆਂ ਵਾਲੀ (ਮਾਨਸਾ) ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਮਹਿਲ ਕਲਾਂ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਜਾਂਚ ਪੜਤਾਲ ਦੌਰਾਨ ਤਿੰਨ ਨੌਜਵਾਨਾਂ ਗੁਰਮੀਤ ਸਿੰਘ, ਗੁਰਸੇਵਕ ਸਿੰਘ ਮਨੀ, ਅਤੇ ਕਿਰਪਾ ਸਿੰਘ, ਵਾਸੀਆਨ ਮਹਿਲ ਖੁਰਦ( ਬਰਨਾਲਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੌਰਾਨੇ ਪੁੱਛ ਗਿੱਛ ਇਹੀ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਵਿੱਚ ਰਹਿ ਰਹੇ ਸੁਰਿੰਦਰ ਸਿੰਘ ਠੀਕਰੀਵਾਲ ਨੇ ਪੈਸਿਆਂ ਦੇ ਲਾਲਚ ਦੇ ਕੇ ਸਮਾਜ ਵਿੱਚ ਦਹਿਸ਼ਤ ਫੈਲਾਉਣ ਲਈ ਇਸ ਘਟਨਾ ਨੂੰ ਅੰਜਾਮ ਦਵਾਇਆ ਹੈ। ਜਿਸ ਨੂੰ ਮੁਕਦਮੇ ਵਿੱਚ ਨਾਮਜਦ ਕੀਤਾ ਗਿਆ ਹੈ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਤਿੰਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ।