ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਿਆ! ਡੀਸੀ ਵੱਲੋਂ ਅਚਨਚੇਤ ਦੌਰਾ
ਹਰੀਕੇ ਹੈਡ ਵਰਕਸ ਤੋਂ ਲੈ ਕੇ ਗੁਰੂਹਰਸਹਾਏ ਤੱਕ ਲੰਘਦੇ ਸਤਲੁਜ ਦਰਿਆ ਤੇ ਨਾਲ ਵਸੇ ਪਿੰਡਾਂ ਦੇ ਨਿਵਾਸੀਆਂ ਨਾਲ ਲਗਾਤਾਰ ਕੀਤਾ ਜਾ ਰਿਹਾ ਹੈ ਸੰਪਰਕ
ਫਿਲਹਾਲ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਨਾਲ ਹੈ ਕੰਟਰੋਲ - ਡੀਸੀ ਦਾ ਦਾਅਵਾ
ਫਿਰੋਜ਼ਪੁਰ, 20 ਅਗਸਤ 2025- ਡਿਪਟੀ ਕਮਿਸ਼ਨਰ ਦੀਪਸਿਖ਼ਾ ਸ਼ਰਮਾ ਨੇ ਪਿੰਡ ਧੀਰਾ ਘਾਰਾਂ ਅਤੇ ਆਲੇ ਵਾਲਾ ਵਿਖੇ ਸਤਲੁਜ ਦਰਿਆ ਦੇ ਬੰਨਾ ਦਾ ਦੌਰਾ ਕਰਕੇ ਮਜ਼ਬੂਤੀ ਦਾ ਜਾਇਜਾ ਲਿਆ| ਇਸ ਮੌਕੇ ਤੇ ਉਹਨਾਂ ਦੇ ਨਾਲ ਐਸਡੀਐਮ ਫਿਰੋਜ਼ਪੁਰ ਗੁਰਮੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਥੋੜਾ ਜਿਹਾ ਵਧਿਆ ਹੈ, ਫਿਰ ਵੀ ਪਾਣੀ ਲਗਾਤਾਰ ਨਿਕਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬੀਤੇ ਦਿਨ ਵੀ ਪਿੰਡ ਟੇਂਡੀ ਵਾਲਾ ਵਿਖੇ ਬੰਨ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮਿੱਟੀ ਦੇ ਗੱਟੇ ਲਗਾ ਕੇ ਬੰਨ ਨੂੰ ਮਜ਼ਬੂਤ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਸਨ।
ਅਧਿਕਾਰੀਆਂ ਵੱਲੋਂ ਅੱਜ ਸਵੇਰੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਗੱਟੇ ਲਗਾ ਕੇ ਬੰਨ ਨੂੰ ਮਜ਼ਬੂਤ ਕੀਤਾ ਗਿਆ ਹੈ| ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਧੀਰਾ ਘਾਰਾਂ ਅਤੇ ਆਲੇਵਾਲਾ ਵਿਖੇ ਵੀ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ।
ਪਿੰਡ ਵਾਸੀਆਂ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪਸ਼ੂਆਂ ਦੀਆਂ ਦਵਾਈਆਂ ਸਬੰਧੀ ਵਿਸ਼ੇਸ਼ ਕੈਂਪ ਦੀ ਜ਼ਰੂਰਤ ਹੈ ਇਸ ਦੇ ਲਈ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਅਤੇ ਹਰੀਕੇ ਹੈੱਡਵਰਕਸ ਤੋਂ ਲੈ ਕੇ ਗੁਰੂਹਰਸਹਾਇ ਦੇ ਖੇਤਰ ਤੱਕ ਜਿੱਥੋਂ ਕਿਥੋਂ ਵੀ ਦਰਿਆ ਲੰਘਦਾ ਹੈ ਸੰਬੰਧਿਤ ਐਸਡੀਐਮ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਦਰਿਆ ਦੇ ਨੇੜੇ ਰਹਿਣ ਵਾਲੇ ਪਿੰਡ ਵਾਸੀਆਂ ਦੇ ਨਾਲ ਜ਼ਿਲਾ ਪ੍ਰਸ਼ਾਸਨ ਲਗਾਤਾਰ ਸੰਪਰਕ ਦੇ ਵਿੱਚ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੁਤਬੂਦੀਨ ਵਾਲਾ, ਨਿਹਾਲਾ ਲਵੇਰਾ, ਨਵੀ ਗਟੀ ਰਾਜੋਕੇ ਸਮੇਤ ਵੱਖ ਵੱਖ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਪਿੰਡ ਵਾਸੀਆਂ ਨੂੰ ਮੁਢਲੀ ਸਹਾਇਤਾ ਮੌਕੇ ਤੇ ਪ੍ਰਧਾਨ ਕੀਤੀ ਜਾ ਸਕੇ|
ਉਹਨਾਂ ਨੇ ਕਿਹਾ ਕਿ ਦਰਿਆ ਕਿਨਾਰੇ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਲੋੜ ਪੈਣ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਨੰਬਰ 01632 244017 'ਤੇ ਸੰਪਰਕ ਕੀਤਾ ਜਾ ਸਕਦਾ ਹੈ|