ਕਸੂਰ' ਸਾਡਾ ਨਹੀਂ, ਪਰ ਡੁੱਬਾਂਗੇ ਅਸੀਂ...!
ਗੁਰਪ੍ਰੀਤ
ਚੰਡੀਗੜ੍ਹ / ਫਿਰੋਜ਼ਪੁਰ, 20 ਅਗਸਤ 2025: ਕਸੂਰੀ ਜੁੱਤੀ ਦੇ ਨਾਲ ਮਸ਼ਹੂਰ "ਲਹਿੰਦੇ ਪੰਜਾਬ ਦਾ ਕਸੂਰ ਜ਼ਿਲ੍ਹਾ" ਇਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਕਿਉਂਕਿ ਕਸੂਰ ਦੇ ਨਾਲ ਲੱਗਦੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਧੁੱਸੀ ਬੰਨ ਟੁੱਟ ਗਿਆ ਹੈ। ਅੰਤਰਰਾਸ਼ਟਰੀ ਮੀਡੀਏ ਦੇ ਮੁਤਾਬਿਕ, ਇਹ ਧੁੱਸੀ ਬੰਨ੍ਹ ਕਸੂਰ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਮੂਹਰੇ ਬਣਿਆ ਹੋਇਆ ਹੈ, ਜੋ ਕਿ ਲੰਘੀ ਰਾਤ ਹੌਲੀ ਹੌਲੀ ਟੁੱਟਣਾ ਸ਼ੁਰੂ ਹੋ ਗਿਆ ਅਤੇ ਬੁੱਧਵਾਰ ਦੁਪਹਿਰੇ ਇਸ ਨੇ ਤਬਾਹੀ ਦਾ ਵੱਖਰਾ ਹੀ ਰੂਪ ਲੈ ਲਿਆ।
ਭਾਵੇਂ ਕਿ ਕਸੂਰ ਸਾਡਾ ਨਹੀਂ, ਇਹ ਗੁਆਂਢੀ ਮੁਲਕ ਪਾਕਿਸਤਾਨ ਦਾ ਹੈ। ਪਰ ਇਸ ਕਸੂਰ ਦਾ ਖਮਿਆਜਾ ਚੜਦੇ ਪੰਜਾਬ ਯਾਨੀਕਿ ਭਾਰਤ ਦੇ ਲੋਕਾਂ ਨੂੰ ਭੁਗਤਣਾ ਪਵੇਗਾ। ਚੜਦੇ ਪੰਜਾਬ ਵਿੱਚ ਫਿਰੋਜ਼ਪੁਰ ਦੇ ਕਈ ਪਿੰਡ ਅਜਿਹੇ ਹਨ, ਜਿਸ ਦੇ ਨਾਲ ਸਤਲੁਜ ਦਾ ਦਰਿਆ ਲੱਗਦਾ ਹੈ ਅਤੇ ਕਸੂਰ ਦਾ ਇਹ ਬੰਨ ਟੁੱਟਣ ਦੇ ਨਾਲ ਜਿੱਥੇ ਪਹਿਲਾ ਤੋਂ ਹੜਾਂ ਦੀ ਲਪੇਟ ਵਿੱਚ ਆਏ ਪਿੰਡ ਹੋਰ ਤਬਾਹੀ ਵੱਲ ਵਧਣਗੇ, ਉਥੇ ਹੀ ਜਾਨੀ ਮਾਲੀ ਨੁਕਸਾਨ ਦਾ ਖਦਸ਼ਾ ਵੀ ਬਣਿਆ ਹੋਇਆ ਹੈ।

ਚੜਦੇ ਪੰਜਾਬ ਦੇ ਲੋਕਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ 'ਕਸੂਰ ਸਾਡਾ ਨਹੀਂ', ਕਸੂਰ ਸਰਕਾਰਾਂ ਦਾ ਹੈ ਜਿਨਾਂ ਨੇ ਹੜਾਂ ਤੋਂ ਪਹਿਲਾਂ ਪ੍ਰਬੰਧ ਨਹੀਂ ਕੀਤੇ। ਕਸੂਰ ਪਾਕਿਸਤਾਨ ਦਾ ਹੈ, ਜਿਹੜਾ ਚੜਦੇ ਪੰਜਾਬ ਦੇ ਕਈ ਪਿੰਡਾਂ ਨੂੰ ਡੋਬ ਕੇ ਸਾਹ ਲਵੇਗਾ। ਕਸੂਰ ਦੇ ਕੋਲੋਂ ਟੁੱਟੇ ਸਤਲੁਜ ਦਰਿਆ ਦੇ ਨਾਲ ਬਣੇ ਧੁੱਸੀ ਬੰਨ੍ਹ ਨੇ ਚੜਦੇ ਪੰਜਾਬ ਦੇ ਲੋਕਾਂ ਦੇ ਸਾਹ ਸੁਕਾ ਕੇ ਰੱਖ ਦਿੱਤੇ ਨੇ।

ਪਿੰਡਾਂ ਦੇ ਬਜ਼ੁਰਗ ਕਹਿੰਦੇ ਨੇ ਕਿ ਪਹਿਲਾਂ ਸਾਨੂੰ ਜੰਗ ਨੇ ਮਾਰਿਆ ਅਤੇ ਹੁਣ ਸਾਨੂੰ ਪਾਣੀ ਦੀ ਮਾਰ ਪਵੇਗੀ। ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਬੀਤੇ ਕੱਲ ਦੀ ਗੱਲ ਕਰੀਏ ਤਾਂ ਗਜਨੀਵਾਲਾ, ਜੋ ਕਿ ਸਰਹੱਦੀ ਪਿੰਡ ਹੈ, ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਹੜਾਂ ਦੀ ਲਪੇਟ ਵਿੱਚ ਆ ਗਈ ਹੈ। ਇਸ ਤੋਂ ਇਲਾਵਾ ਫ਼ਾਜ਼ਿਲਕਾ ਦੇ ਕਈ ਪਿੰਡ ਹੜਾਂ ਦੀ ਲਪੇਟ ਵਿੱਚ ਆ ਚੁੱਕੇ ਨੇ। ਭਾਵੇਂ ਕਿ ਇਸ ਵਾਰ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ, ਫਾਜਿਲਕਾ ਅਤੇ ਤਰਨ ਤਰਨ ਦੇ ਇਲਾਕੇ ਵਿੱਚ ਮੀਹ ਘੱਟ ਪਏ ਨੇ, ਪਰ ਬਾਵਜੂਦ ਇਸਦੇ ਲੋਕਾਂ ਨੂੰ ਭਾਰੀ ਖਮਿਆਜਾ "ਹੜਾਂ ਦੀ ਮਾਰ" ਦਾ ਭੁਗਤਣਾ ਪੈ ਰਿਹਾ ਹੈ।

ਬੀਤੇ ਕੱਲ ਦੀ ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਕਸੂਰ ਵਿੱਚ ਦੀ ਲੰਘਦੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਚੁੱਕਿਆ ਹੈ। ਉਥੋਂ ਦੇ ਪਿੰਡ ਜਿੱਥੇ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਨੇ, ਨਾਲ ਹੀ ਬਾਰਡਰ ਪਾਰ ਚੜਦੇ ਪੰਜਾਬ ਦੇ ਕਈ ਪਿੰਡ ਇਸ ਹੜ ਦੀ ਲਪੇਟ ਵਿੱਚ ਆਉਣੇ ਸ਼ੁਰੂ ਹੋ ਗਏ ਹਨ।
ਕਸੂਰ ਦੇ ਬੰਨ ਟੁੱਟਣ ਦੀਆਂ ਖਬਰਾਂ ਮਿਲਣ ਮਗਰੋਂ ਫਿਰੋਜ਼ਪੁਰ ਪ੍ਰਸ਼ਾਸਨ ਵੀ ਚੌਕੰਨਾ ਹੋ ਗਿਆ ਹੈ ਅਤੇ ਉਸ ਦੇ ਵੱਲੋਂ ਜਿੱਥੇ ਬਾਰਡਰ ਏਰੀਏ ਦੇ ਵਿੱਚ ਆਪਣੀਆਂ ਟੀਮਾਂ ਨੂੰ ਭੇਜ ਦਿੱਤਾ ਗਿਆ ਹੈ, ਉਥੇ ਹੀ ਦੂਜੇ ਪਾਸੇ ਲੋਕਾਂ ਨੂੰ ਆਖਿਆ ਹੈ ਕਿ ਉਹ ਅਫਵਾਵਾਂ 'ਤੇ ਯਕੀਨ ਨਾ ਕਰਨ।
ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦੇ ਨਾਲ ਪਿੰਡ ਵਿੱਚ ਬਣੀ ਹੜ੍ਹ ਦੀ ਸਥਿਤੀ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਅਤੇ ਲੋਕਾਈ ਨੂੰ ਹੜਾਂ ਦੀ ਮਾਰ ਤੋਂ ਬਚਾਉਣ ਵਾਸਤੇ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਸਰਹੱਦੀ ਪਿੰਡ ਟੇਂਡੀ ਵਾਲਾ ਦਾ ਦੌਰਾ ਕੀਤਾ ਅਤੇ ਮੌਕੇ ’ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਡੀਸੀ ਨੇ ਦੱਸਿਆ ਕਿ ਪ੍ਰਸ਼ਾਸਨ ਸਤਲੁਜ ਦਰਿਆ ਦੀ ਸਥਿਤੀ ’ਤੇ 24 ਘੰਟੇ ਨਜ਼ਰ ਰੱਖ ਰਿਹਾ ਹੈ। ਸਤਲੁਜ ਵਿੱਚ ਪਾਣੀ ਦੇ ਵਧਣ ਕਾਰਨ ਸੰਭਾਵੀ ਹੜ੍ਹ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਪਹਿਲਾਂ ਹੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਉਹਨਾਂ ਕਿਹਾ ਕਿ ਜਿਹੜੀ ਜਗਾ ਤੋਂ ਬੰਨ੍ਹ ਟੁੱਟਣ ਜਾਂ ਫਿਰ ਮਿੱਟੀ ਖੁਰਨ ਦੀਆਂ ਖਬਰਾਂ ਮਿਲਦੀਆਂ ਹਨ, ਉੱਥੇ ਮਿੱਟੀ ਦੇ ਨਾਲ ਭਰੀਆਂ ਬੋਰੀਆਂ ਲਗਾਈਆਂ ਜਾ ਰਹੀਆਂ ਹਨ। ਡੀਸੀ ਨੇ ਸਪਸ਼ਟ ਕੀਤਾ ਕਿ ਸਤਲੁਜ ਵਿੱਚ ਪਾਣੀ ਦਾ ਪੱਧਰ ਪਿਛਲੇ ਹਫ਼ਤੇ ਦੀ ਤੁਲਨਾ ’ਚ ਵਧਿਆ ਹੈ।
ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਡੀਸੀ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਹੜ੍ਹਾਂ ਸਬੰਧੀ ਕਿਸੇ ਵੀ ਅਫ਼ਵਾਹ ’ਤੇ ਧਿਆਨ ਨਾ ਦਿੱਤਾ ਜਾਵੇ ਅਤੇ ਸਿਰਫ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ’ਤੇ ਹੀ ਵਿਸ਼ਵਾਸ ਕੀਤਾ ਜਾਵੇ।