Babushahi Special ਇੱਕ ਦਿਹਾੜੇ ਬੱਦਲ ਵਰ੍ਹਿਆ ਜਸ਼ਨ ਮਨਾਏ ਚੌਧਰੀਆਂ ਝੁੱਗੀਆਂ ਦੇ ਬਾਲਣ ਚੁੱਲ੍ਹੇ ਕਈ ਦਿਨ ਸਿੱਲ੍ਹੇ ਰਹੇ
ਅਸ਼ੋਕ ਵਰਮਾ
ਬਠਿੰਡਾ,18 ਅਗਸਤ 2025: ‘ਡਿਜੀਟਲ ਇੰਡੀਆ’ ਤੋਂ ਦੂਰ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਮੁਹਾਰ ਜਮਸ਼ੇਰ ਦੀ ਕੋਈ ਮੁਹਾਰ ਫੜਨ ਵਾਲਾ ਨਹੀਂ ਹੈ। ਇਕੱਲਾ ਮੁਹਾਰ ਜਮਸ਼ੇਰ ਹੀ ਨਹੀਂ ਇਸ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਨੂੰ ਹੜ੍ਹਾਂ ਦੀ ਅਜਿਹੀ ਮਾਰ ਪਈ ਹੈ ਕਿ ਲੋਕਾਂ ਨੂੰ ਸਮਝ ਨਹੀਂ ਪੈ ਰਹੀ ਕਿ ਉਹ ਕਿੱਧਰ ਨੂੰ ਜਾਣ। ਵਿਧਾਇਕ ਨਰਿੰਦਰ ਸਿੰਘ ਸਵਨਾ ਵੀ ਪੀੜਤਾਂ ਦੀ ਸਾਰ ਲੈਣ ਪੁੱਜੇ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਨੇ ਮਹਾਤਮ ਨਗਰ ਤੇਜਾ ਰੁਹੇਲਾ, ਚੱਕ ਰੁਹੇਲਾ ਅਤੇ ,ਗੁਲਾਬਾ ਭੈਣੀ ਆਦਿ ਪਿੰਡਾਂ ਦਾ ਦੌਰਾ ਕੀਤਾ ਹੈ। ਅਫਸਰ ਆਖਦੇ ਹਨ ਕਿ ਪਾਣੀ ਘਟਿਆ ਹੈ ਜਦੋਂਕਿ ਲੋਕਾਂ ਦੀ ਦਲੀਲ ਹੈ ਕਿ ਉਨ੍ਹਾਂ ਦੀਆਂ ਮੁਸੀਬਤਾਂ ਵਧੀਆਂ ਹਨ । ਹੜ੍ਹਾਂ ਕਾਰਨ ਸਰਹੱਦੀ ਖੇਤਰ ਦੇ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਕਈ ਸਰਕਾਰਾਂ ਆਈਆਂ ਅਤੇ ਗਈਆਂ ਪਰ ਕਿਸੇ ਨੇ ਵੀ ਉਨ੍ਹਾਂ ਦੀ ਹੋਣੀ ਨਹੀਂ ਬਦਲੀ ਹੈ।
ਇਹ ਉਹ ਖਿੱਤਾ ਹੈ ਜਿਸ ਨੂੰ ਕਦੇ ਜੰਗ ਦਾ ਮਹੌਲ ਅਤੇ ਕਦੀ ਹੜ੍ਹ ਦਾ ਪਾਣੀ ਘਰੋਂ ਬੇਘਰ ਕਰ ਦਿੰਦਾ ਹੈ। ਮੁਹਾਰ ਜਮਸ਼ੇਰ ਨੂੰ ਤਾਂ ਪਾਕਿਸਤਾਨ ਨੇ ਤਿੰਨ ਪਾਸਿਓਂ ਵਲਿਆ ਹੋਇਆ ਹੈ ਜਦੋਂਕਿ ਚੌਥੇ ਪਾਸੇ ਦਰਿਆ ਸਤਲੁਜ ਦੀ ਵਲਗਣ ਹੈ। ਇਹੋ ਜਿਹੀ ਸਥਿਤੀ ਪਿੰਡ ਤੇਜਾ ਰੁਹੇਲਾ, ਗੁਲਾਬਾ ਭੈਣੀ, ਦੋਨਾ ਨਾਨਕਾ ਅਤੇ ਹੋਰ ਢਾਣੀਆਂ ਦੀ ਹੈ ਜਿੱਥੇ ਕਦੇ ਜਿੰਦਗੀ ਧੜਕਦੀ ਸੀ ਪਰ ਹੁਣ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਪਾਣੀਆਂ ਦੀਆਂ ਛੱਲਾਂ ਨੇ ਇਲਾਕੇ ਦੀ ਹਜ਼ਾਰਾਂ ਏਕੜ ਫਸਲ ਤਬਾਹ ਕਰ ਦਿੱਤੀ ਹੈ। ਕਿਸਾਨ ਜਰਨੈਲ ਸਿੰਘ ਦੱਸਦਾ ਹੈ ਕਿ ਹਾਲੇ ਤਾਂ ਉਹ ਦੋ ਸਾਲ ਪਹਿਲਾਂ ਆਏ ਹੜ੍ਹ ਦੇ ਪੱਟੇ ਤਾਬ ਨਹੀਂ ਆਏ ਸਨ ਕਿ ਐਤਕੀਂ ਹੋਰ ਵੀ ਵੱਡੀ ਮਾਰ ਪੈ ਗਈ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਸਰਕਾਰ ਲਈ ਪਹਿਲਾਂ ਵੀ ਸੱਤ ਬਿਗਾਨੇ ਸਨ ਤੇ ਹੁਣ ਵੀ ਇਹੋ ਜਿਹਾ ਹਾਲ ਹੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਡਿਜੀਟਲ ਭਾਰਤ’ ਇਸ ਇਲਾਕੇ ਨੂੰ ਬੇਗਾਨਗੀ ਤੇ ਅਲਹਿਦਗੀ ਦਾ ਅਹਿਸਾਸ ਕਰਾ ਰਿਹਾ ਹੈ ਤਾਂ ਮੌਜੂਦਾ ਪੰਜਾਬ ਸਰਕਾਰ ਨੇ ਵੀ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ’ਚ ਕੋਈ ਖਾਸ ਪਹਿਲਕਦਮੀ ਨਹੀਂ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਇਹ ਨਹੀਂ ਕਿ ਹੜ੍ਹਾਂ ਦੇ ਪਾਣੀ ਨੇ ਕੋਈ ਇੱਕ ਦੋ ਪਿੰਡ ਝੰਬੇ ਹਨ ਬਲਕਿ ਏਦਾਂ ਦਾ ਹਾਲ ਸਤਲੁਜ ਪਾਰ ਕਰੀਬ ਪੰਦਰਾਂ ਪਿੰਡਾਂ ਦਾ ਹੈ ਜੋ ਚਮਕਦੇ ਭਾਰਤ ਵਿੱਚ ਦੁੱਖਾਂ ਦੇ ਟਾਪੂ ਬਣੇ ਹੋਏ ਜਾਪਦੇ ਹਨ। ਕਈ ਪਿੰਡਾਂ ਵਿੱਚ ਬਹੁਗਿਣਤੀ ਦਲਿਤ ਭਾਈਚਾਰੇ ਦੀ ਹੈ ਜਿੱਥੇ ਤਾਂ ਹੱਦੋਂ ਵੱਧ ਮੰਦਾ ਹਾਲ ਹੈ । ਇੰਨ੍ਹਾਂ ਪ੍ਰੀਵਾਰਾਂ ਲਈ ਤਾਂ ਜਿੰਦਗੀ ਗੁਆਚਣ ਵਰਗੀ ਹਾਲਤ ਬਣੀ ਹੋਈ ਹੈ। ਮਜ਼ਦੂਰੀ ਨੂੰ ਹੀ ਆਪਣਾ ਜੀਵਨ ਸਮਝ ਵਾਲੇ ਇੰਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਸ ਜਨਮ ’ਚ ਥੁੜਾਂ ਮਾਰੀ ਜੂਨ ਸੁਧਰਨੀ ਮੁਸ਼ਕਿਲ ਹੈ।
ਗੁਲਾਬਾ ਭੈਣੀ ਦਾ ਮਨਜੀਤ ਸਿੰਘ ਆਖਦਾ ਹੈ ਕਿ ਹੜ੍ਹਾਂ ਦੀ ਹਰ ਘੰਟੇ ਘੜੀ ਵਿਗੜਦੀ ਸਥਿਤੀ ਨੇ ਲੋਕਾਂ ਨੂੰ ਗ਼ਸ਼ੀਆਂ ਪਾ ਦਿੱਤੀਆਂ ਹਨ । ਲੋਕ ਗਿਲਾ ਕਰਦੇ ਹਨ ਕਿ ਸਰਕਾਰ ਹਾਲੇ ਤੱਕ ਉਨ੍ਹਾਂ ਤੱਕ ਪੁੱਜੀ ਨਹੀਂ ਹੈ ਜਦੋਂਕਿ ਦਰਿਆਈ ਪਾਣੀ ਦੀ ਮਾਰ ਤੋਂ ਕੋਈ ਸਾਲ ਮਸਾਂ ਸੁੱਕਾ ਲੰਘਦਾ ਹੈ। ਇੱਕ ਨੌਜਵਾਨ ਦਾ ਕਹਿਣਾ ਸੀ ਕਿ ਇੰਨ੍ਹਾਂ ਪਿੰਡਾਂ ’ਚ ਤਾਂ ਬਾਹਰੋਂ ਕੋਈ ਰਿਸ਼ਤਾ ਕਰਨ ਨੂੰ ਤਿਆਰ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਤਾਂ ਇੱਕ ਸਾਲ ਮਾਰ ਪੈਂਦੀ ਹੈ ਜਦੋਂਕਿ ਥੁੜਾਂ ਦਾ ਨਾਗਵਲ ਕਈ ਸਾਲ ਪਿੱਛਾ ਨਹੀਂ ਛੱਡਦਾ ਹੈ। ਦਿਹਾੜੀਦਾਰ ਲੋਕ ਰੁੱਖੀ ਜਿੰਦਗੀ ਜੀ ਰਹੇ ਹਨ ਜਿੰਨ੍ਹਾਂ ਨੂੰ ਸਰਕਾਰ ਦੀ ਚੁੱਪ ਰੜਕਦੀ ਹੈ। ਦਰਿਆਈ ਪਾਣੀ ਜਦੋਂ ਮਾਰ ਕਰਦਾ ਹੈ ਤਾਂ ਲੋਕ ਨਾ ਘਰ ਦੇ ਰਹਿੰਦੇ ਹਨ ਤੇ ਨਾ ਘਾਟ ਦੇ। ਹੜ੍ਹ ਅਕਸਰ ਇਨ੍ਹਾਂ ਦੇ ਸਿਰਾਂ ਤੋਂ ਛੱਤ ਵੀ ਖੋਹ ਲੈਂਦਾ ਹੈ।
ਕੌਮਾਂਤਰੀ ਸਰਹੱਦ ’ਤੇ ਪੈਂਦੇ ਇਨ੍ਹਾਂ ਪਿੰਡਾਂ ਦੀ ਗ਼ਰੀਬੀ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ। ਹਰ ਪਿੰਡ ’ਚ ਕੱਚੇ ਘਰ ਹਨ ਅਤੇ ਕਿਧਰੇ ਟਾਵਾਂ ਟੱਲਾ ਹੀ ਚੁਬਾਰਾ ਨਜ਼ਰ ਆਉਂਦਾ ਸੀ ਜੋਕਿ ਹੁਣ ਹੜ੍ਹਾਂ ਦੀ ਭੇਂਟ ਚੜ੍ਹਦਾ ਦਿਖਾਈ ਦੇ ਰਿਹਾ ਹੈ। ਕਈ ਪਿੰਡਾਂ ਦੀਆਂ ਗਲੀਆਂ ਵਿੱਚ ਕੰਧਾਂ ’ਤੇ ਗੋਬਰ ਚੜ੍ਹਿਆ ਨਜ਼ਰ ਆਉਂਦਾ ਹੈ। ਦੋਦਾ ਨਾਨਕਾ ਦੀ ਪ੍ਰੀਤੋ ਬਾਈ ਦੱਸਦੀ ਹੈ ਕਿ ਉਹ ਕਿਸ ਕੋਲ ਫਰਿਆਦ ਕਰਨ ਸਤੁਲਜ ਨੇ ਤਾਂ ਸੈਂਕੜੇ ਪ੍ਰੀਵਾਰ ਕੱਖੋਂ ਹੌਲੇ ਕਰ ਦਿੱਤੇ ਹਨ। ਵੱਡੀ ਗੱਲ ਹੈ ਕਿ ਜਦੋਂ ਖੇਤੀ ਖਤਮ ਹੋ ਗਈ ਤਾਂ ਉਹ ਰੋਜੀ ਰੋਟੀ ਲਈ ਕਿਸਦਾ ਬੂਹਾ ਖੜਕਾਉਣਗੇ ਇਹ ਵੱਡਾ ਸੁਆਲ ਬਣਿਆ ਹੋਇਆ ਹੈ। ਮਜ਼ਦੂਰ ਮੁਖਤਿਆਰ ਸਿੰਘ ਦਾ ਕਹਿਣਾ ਸੀ ਕਿ ਬਾਰਸ਼ਾਂ ਸ਼ੁਰੂ ਹੋਣ ਤੇ ਜਦੋਂ ਧਨਾਢ ਜਸ਼ਨ ਮਨਾਉਂਦੇ ਹਨ ਤਾਂ ਇਹੋ ਪਾਣੀ ਉਨ੍ਹਾਂ ਦਾ ਬਾਲਣ ਗਿੱਲਾ ਅਤੇ ਚੁੱਲ੍ਹੇ ਕਈ ਕਈ ਦਿਨ ਠੰਢੇ ਕਰਕੇ ਚਲਾ ਜਾਂਦਾ ਹੈ।
ਜੋਬਨ ਰੁੱਤੇ ਲੁੱਟੇ ਅਰਮਾਨ: ਰੋਹੀਵਾਲਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਫਜ਼ਿਲਕਾ ਜਿਲ੍ਹੇ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਦਾ ਪ੍ਰਤੀਕਰਮ ਸੀ ਕਿ ਪਾਣੀ ਨੇ ਕਿਸਾਨਾਂ ਦੀਆਂ ਫਸਲਾਂ ਜੋਬਨ ਰੁੱਤੇ ਹੀ ਖਤਮ ਕਰ ਦਿੱਤੀਆਂ ਜਿਸ ਸਦਕਾ ਜਿੰਦਗੀ ਤੀਲਾ ਤੀਲਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਰਹੱਦੀ ਲੋਕਾਂ ਦੇ ਠੱਢੇ ਹੋਏ ਚੁੱਲ੍ਹੇ ਦੇਖਣ ਲਈ ਆਉਣਾ ਚਾਹੀਦਾ ਹੈ । ਉਨ੍ਹਾਂ ਪੰਜਾਬ ਸਰਕਾਰ ਤੋਂ ਕਿਸਾਨਾਂ ਅਤੇ ਇਲਾਕੇ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਯਕੀਨੀ ਬਨਾਉਣ ਦੀ ਮੰਗ ਵੀ ਕੀਤੀ ਹੈ।