ਸਨਤਕਾਰਾਂ ਤੋਂ ਸੁਝਾਅ ਲੈਣ ਅਤੇ ਮੁਸ਼ਕਲਾਂ ਹੱਲ ਕਰਨ ਲਈ ਅੰਮ੍ਰਿਤਸਰ ਤੋਂ ਸਨਅਤ ਮੰਤਰੀ ਨੇ ਸ਼ੁਰੂ ਕੀਤੀ "ਰਾਈਜਿੰਗ ਪੰਜਾਬ" ਦੀ ਸ਼ੁਰੂਆਤ
- ਹੁਣ ਸਾਡੇ ਨਿਵੇਸ਼ਕ ਦਫਤਰਾਂ ਦੇ ਚੱਕਰ ਨਹੀਂ ਖਾਣਗੇ, ਅਸੀਂ ਆਵਾਂਗੇ ਇਹਨਾਂ ਕੋਲ – ਅਰੋੜਾ
ਚੰਡੀਗੜ੍ਹ,/ਅੰਮ੍ਰਿਤਸਰ 19 ਅਗਸਤ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਦਯੋਗ ਕ੍ਰਾਂਤੀਕਾਰੀ ਵਿਜ਼ਨ ਅਨੁਸਾਰ ਪੰਜਾਬ ਵਿੱਚ ਸਨਅਤ ਨੂੰ ਵੱਡਾ ਹੁਲਾਰਾ ਦੇਣ ਲਈ ਅੱਜ ਸਨਅਤ ਅਤੇ ਬਿਜਲੀ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਮਾਝੇ ਦੇ ਸਨਤਕਾਰਾਂ, ਜਿਸ ਵਿੱਚ ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ, ਤਰਨਤਾਰਨ ਬਟਾਲਾ ਅਤੇ ਪਠਾਨਕੋਟ ਦੇ ਸਨਤਕਾਰ ਸ਼ਾਮਿਲ ਸਨ, ਤੋਂ ਉਦਯੋਗਿਕ ਨੀਤੀ ਲਈ ਸੁਝਾਅ ਲੈਣ ਤੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਰਾਈਜਿੰਗ ਪੰਜਾਬ - ਸੁਝਾਅ ਤੋਂ ਹੱਲ ਤੱਕ ਦੀ ਸ਼ੁਰੂਆਤ ਕੀਤੀ। ਉਹਨਾਂ ਇਸ ਮੌਕੇ ਆਏ ਸਨਤਕਾਰਾਂ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਸਮਾਗਮ ਕੀਤੇ ਜਾਣਗੇ ਅਤੇ ਅੱਜ ਇਹ ਪਹਿਲਾ ਵਿਸ਼ੇਸ਼ ਸਮਾਗਮ ਕੀਤਾ ਗਿਆ ਹੈ ।
ਉਹਨਾਂ ਕਿਹਾ ਕਿ ਸਾਡਾ ਉਦੇਸ਼ ਨਵੀਆਂ ਉਦਯੋਗ-ਅਨੁਕੂਲ ਨੀਤੀਆਂ ਬਾਰੇ ਜਾਗਰੂਕਤਾ ਫੈਲਾਉਣਾ, ਨਵੇਂ ਨਿਵੇਸ਼ ਲਈ ਮਾਹੌਲ ਬਣਾਉਣਾ ਅਤੇ ਸਰਕਾਰ-ਉਦਯੋਗ ਜਗਤ ਵਿਚਕਾਰ ਸਿੱਧਾ ਸੰਵਾਦ ਕਾਇਮ ਕਰਨਾ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਪਹਿਲਕਦਮੀ ਪੰਜਾਬ ‘ਚ ਨਵੇਂ ਨਿਵੇਸ਼, ਵਧੇਰੇ ਰੋਜ਼ਗਾਰ ਅਤੇ ਲੋਕਾਂ ਦੀ ਖੁਸ਼ਹਾਲੀ ਦੇ ਨਵੇਂ ਦਰਵਾਜ਼ੇ ਖੋਲ੍ਹੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸੁਝਾਅ ਤੋਂ ਹੱਲ ਤੱਕ ਪਹੁੰਚਣਾ, ਇਹੀ ਸਾਡੀ ਜ਼ਿੰਮੇਵਾਰੀ ਹੈ।
ਸਨਤਕਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੈਂ ਗੱਲਾਂ ਵਿੱਚ ਨਹੀਂ, ਕੰਮ ਵਿੱਚ ਯਕੀਨ ਰੱਖਦਾ ਹਾਂ। ਉਹਨਾਂ ਕਿਹਾ ਕਿ ਸਨਅਤਕਾਰਾਂ ਦੇ ਸੁਝਾਅ ਮੈਂ ਨੋਟ ਕਰ ਲਏ ਹਨ ਅਤੇ ਜੋ ਵੀ ਕੰਮ ਹੋਣ ਵਾਲੇ ਹਨ, ਉਹ ਕੁਝ ਦਿਨਾਂ ਵਿੱਚ ਹੀ ਹੋਣਗੇ। ਉਹਨਾਂ ਕਿਹਾ ਕਿ ਅੰਮ੍ਰਿਤਸਰ ਗੁਰੂ ਨਗਰੀ ਹੈ, ਗੇਟਵੇ ਆਫ ਪੰਜਾਬ ਹੈ ਅਤੇ ਇਹ ਦੁਨੀਆਂ ਦਾ ਸੋਹਣਾ ਸ਼ਹਿਰ ਬਣੇਗਾ। ਉਨਾਂ ਅੰਮ੍ਰਿਤਸਰ ਦੀ ਮਹਿਮਾਨ ਨਿਵਾਜ਼ੀ ਦੀ ਤਾਰੀਫ ਕਰਦੇ ਕਿਹਾ ਕਿ ਇੱਥੇ ਹੋਸਪਿਟੈਲਿਟੀ ਇੰਡਸਟਰੀ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਸਰਕਾਰ ਉਸ ਲਈ ਕੰਮ ਕਰੇਗੀ।
ਕੈਬਨਿਟ ਮੰਤਰੀ ਨੇ ਪੰਜਾਬ ਰਾਜ ਇੰਡਸਟਰੀ ਅਤੇ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਬੀਤੇ ਸਮੇਂ ਵਿੱਚ ਜਾਰੀ ਕੀਤੇ ਗਏ ਪੰਜ ਵੱਖ-ਵੱਖ ਨੋਟੀਫਿਕੇਸ਼ਨਾਂ ਦਾ ਜ਼ਿਕਰ ਕਰਦੇ ਕਿਹਾ ਕਿ ਅਜਿਹੀਆਂ ਸਕੀਮਾਂ ਕਿਸੇ ਵੀ ਰਾਜ ਸਰਕਾਰ ਨੇ ਨਹੀਂ ਦਿੱਤੀਆਂ, ਜਿਹੜੀਆਂ ਸਾਡੀ ਸਰਕਾਰ ਨੇ ਸਨਅਤਕਾਰਾਂ ਲਈ ਲਾਗੂ ਕੀਤੀਆਂ ਹਨ। ਉਹਨਾਂ ਕਿਹਾ ਕਿ ਨਿਵੇਸ਼ਕ ਪੰਜਾਬ ਸਰਕਾਰ ਦੀ ਤਾਰੀਫ ਕਰਦੇ ਹਨ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਸਨਅਤਕਾਰਾਂ ਲਈ ਕੰਮ ਕਰੀਏ, ਜੋ ਕਿ ਸਾਡਾ ਫਰਜ਼ ਹੈ।
ਉਹਨਾਂ ਕਿਹਾ ਕਿ ਤੁਸੀਂ ਸਾਡੇ ਬ੍ਰਾਂਡ ਅੰਬੈਸਡਰ ਹੋ ਅਤੇ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਾਡੀ ਡਿਊਟੀ ਹੈ, ਜੋ ਵੀ ਮੁੱਦੇ, ਸਮੱਸਿਆਵਾਂ ਹੋਣਗੀਆਂ ਇਹ ਹੱਲ ਹੋਣਗੇ। ਤੁਸੀਂ ਸਰਕਾਰ ਨੂੰ ਟੈਕਸ ਦਿੰਦੇ ਹੋ, ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੇ ਹੋ ਅਤੇ ਤੁਹਾਡਾ ਖਿਆਲ ਰੱਖਣਾ ਮੇਰਾ ਤੇ ਮੇਰੇ ਵਿਭਾਗ ਦਾ ਫਰਜ਼ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਆਪਣੀ ਜਿੰਮੇਵਾਰੀ ਉੱਤੇ ਖਰਾ ਉੱਤਰਾਂ। ਉਹਨਾਂ ਅੰਮ੍ਰਿਤਸਰ ਵਿੱਚ ਯੂਨਿਟੀ ਮਾਲ ਬਣਾਉਣ ਅਤੇ ਇੰਡਸਟਰੀਅਲ ਪਾਰਕਾਂ ਤੇ ਫੋਕਲ ਪੁਆਇੰਟ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਤੁਰੰਤ ਪ੍ਰਬੰਧ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਉਦਯੋਗਪਤੀਆਂ ਨੂੰ ਯਕੀਨ ਦਵਾਇਆ ਕਿ ਈ:ਐਸ:ਆਈ ਹਸਪਤਾਲ ਨੂੰ ਕੇਂਦਰ ਸਰਕਾਰ ਕੋਲੋਂ ਫੰਡ ਲੈ ਕੇ ਹੋਰ ਅਪਗ੍ਰੇਡ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਗੋਇੰਦਵਾਲ ਸਾਹਿਬ ਦਾ ਇੰਡਸਟਰੀ ਖੇਤਰ ਜੋ ਕਿ ਲੰਮੇ ਸਮੇਂ ਤੋਂ ਅਣਗੌਲਿਆ ਹੈ , ਨੂੰ ਇੰਡਸਟਰੀਅਲ ਹੱਬ ਬਣਾਇਆ ਜਾਵੇਗਾ। ਉਨਾਂ ਨੇ ਮਾਝੇ ਦੇ ਸਨਤਕਾਰਾਂ ਨੂੰ ਪੰਜਾਬ ਇਨਵੈਸਟ ਸੰਮੇਲਨ ਜੋ ਕਿ 13 ਤੇ 14 ਮਾਰਚ 2026 ਨੂੰ ਮੁਹਾਲੀ ਵਿੱਚ ਹੋਣਾ ਹੈ, ਵਿੱਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ।