19 ਅਗਸਤ ਨੂੰ 150ਵੇਂ ਸਥਾਪਨਾ ਦਿਵਸ ‘ਤੇ ਵਿਸ਼ੇਸ਼
ਉਤਰੀ ਭਾਰਤ ਦੀ ਸਰਵੋਤਮ ਵਿਦਿਅਕ ਸੰਸਥਾ: ਮਹਿੰਦਰਾ ਕਾਲਜ ਪਟਿਆਲਾ- ਉਜਾਗਰ ਸਿੰਘ
ਉਤਰੀ ਭਾਰਤ ਦੀ ਸਭ ਤੋਂ ਪੁਰਾਣੀ ਅਤੇ ਸਰਵੋਤਮ ਵਿਦਿਅਕ ਸੰਸਥਾ ਮਹਿੰਦਰਾ ਕਾਲਜ ਪਟਿਆਲਾ 150 ਸਾਲ ਦੀ ਹੋ ਗਈ ਹੈ। 19 ਅਗਸਤ 2025 ਨੂੰ ਇਸਦਾ 150ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਪਟਿਆਲਾ ਰਿਆਸਤ ਦੇ ਮਹਾਰਾਜਾ ਨਰਿੰਦਰ ਸਿੰਘ ਨੇ 1860 ਵਿੱਚ ਪਟਿਆਲਾ ਰਿਆਸਤ ਵਿੱਚ ਭਾਸ਼ਾਵਾਂ ਦੀ ਪੜ੍ਹਾਈ ਲਈ ‘ਭਾਸ਼ਾ ਸਕੂਲ’ ਸ਼ੁਰੂ ਕੀਤਾ, ਜਿਸ ਵਿੱਚ ਸੰਸਕ੍ਰਿਤ, ਪਰਸ਼ੀਅਨ ਅਤੇ ਅਰੈਬਿਕ, ਤਿੰਨ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਸੀ। ਨਰਿੰਦਰ ਸਿੰਘ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ ਮਹਾਰਾਜਾ ਮਹਿੰਦਰ ਸਿੰਘ ਨੇ ਬ੍ਰਿਟਿਸ਼ ਇੰਡੀਆ ਦੇ ਵਿਦਿਆ ਵਿਭਾਗ ਦੀ ਪੈਟਰਨ ‘ਤੇ 13 ਜੂਨ 1870 ਨੂੰ ਪਟਿਆਲਾ ਰਿਆਸਤ ਵਿੱਚ ਵਿਦਿਆ ਵਿਭਾਗ ਸਥਾਪਤ ਕੀਤਾ। ਮਹਾਰਾਜਾ ਮਹਿੰਦਰ ਸਿੰਘ ਨੇ 1872 ਵਿੱਚ ਇਸ ‘ਭਾਸ਼ਾ ਸਕੂਲ’ ਨੂੰ ਅਪਗ੍ਰੇਡ ਕਰਕੇ ਕਾਲਜ ਬਣਾ ਦਿੱਤਾ। 1873 ਵਿੱਚ ਇਸ ਕਾਲਜ ਦੇ 300 ਵਿਦਿਆਰਥੀਆਂ ਨੇ ਕੱਲਕੱਤਾ ਯੂਨੀਵਰਸਿਟੀ ਦਾ ਐਂਟਰੈਂਸ ਇਮਤਿਹਾਨ ਦਿੱਤਾ, ਜਿਸ ਕਰਕੇ ਇਹ ਕਾਲਜ 1873 ਵਿੱਚ ਕਲਕੱਤਾ ਯੂਨੀਵਰਸਿਟੀ ਨਾਲ ਐਫ਼ੀਲੀਏਟਡ ਹੋ ਗਿਆ। ਉਸ ਸਮੇਂ ਇਸ ਕਾਲਜ ਦੇ ਵਿਦਿਆਰਥੀਆਂ ਦੀਆਂ ਤਿੰਨ ਥਾਵਾਂ, ਸਮਾਣੀਆਂ ਗੇਟ, ਢੱਕ ਬਾਜ਼ਾਰ ਅਤੇ ਤ੍ਰਿਵੈਣੀ ਚੌਕ ਵਿੱਚ ਕਲਾਸਾਂ ਲੱਗਦੀਆਂ ਸਨ। ਮਹਿੰਦਰਾ ਕਾਲਜ ਪਟਿਆਲਾ ਦੀ ਇਮਾਰਤ ਦਾ ਨੀਂਹ ਪੱਥਰ 30 ਮਾਰਚ 1875 ਨੂੰ ਪਟਿਆਲਾ ਰਿਆਸਤ ਦੇ ਮਹਾਰਾਜਾ ਮਹਿੰਦਰ ਸਿੰਘ ਨੇ ਲਾਰਡ ਨਾਰਥ ਬਰੁਕ ਗਵਰਨਰ ਜਨਰਲ ਐਂਡ ਵਾਇਸਰਾਇ ਆਫ਼ ਇੰਡੀਆ ਦੀ ਹਾਜ਼ਰੀ ਵਿੱਚ ਰੱਖਿਆ ਸੀ। ਪਟਿਆਲਾ ਸਟੇਟ ਦੇ ਉਦੋਂ ਦੇ ਪ੍ਰਧਾਨ ਮੰਤਰੀ ਖ਼ਲੀਫ਼ਾ ਸਈਅਦ ਹੁਸੈਨ ਮੁਹੰਮਦ ਖ਼ਾਨ ਨੇ 1877 ਵਿੱਚ ਆਪਣੀ ਉਰਦੂ ਭਾਸ਼ਾ ਵਿੱਚ ਲਿਖੀ ਪੁਸਤਕ ‘ਤਾਰੀਖੇ ਪਟਿਆਲਾ’ ਵਿੱਚ ਲਿਖਿਆ ਹੈ ਕਿ ਉਸ ਸਮੇਂ ਪਟਿਆਲਾ ਰਿਆਸਤ ਵਿੱਚ 90 ਵਿਦਿਅਕ ਅਦਾਰੇ ਸਨ, ਜਿਨ੍ਹਾਂ ਵਿੱਚ 6000 ਵਿਦਿਆਰਥੀ ਪੜ੍ਹਦੇ ਸਨ, ਪ੍ਰੰਤੂ ਉਚ ਪੜ੍ਹਾਈ ਦੀ ਕੋਈ ਸੰਸਥਾ ਉਤਰੀ ਭਾਰਤ ਵਿੱਚ ਨਹੀਂ ਸੀ। ਇਸ ਕਰਕੇ ਮਹਾਰਾਜਾ ਮਹਿੰਦਰ ਸਿੰਘ ਨੇ ਇੱਕ ਕਾਲਜ ਸਥਾਪਤ ਕਰਨ ਦੀ ਯੋਜਨਾ ਬਣਾਈ ਸੀ। ਉਹ ਆਪਣੀ ਰਿਆਸਤ ਦੇ ਲੋਕਾਂ ਨੂੰ ਸਿਖਿਅਤ ਕਰਨਾ ਚਾਹੁੰਦੇ ਸਨ। ਨੀਂਹ ਪੱਥਰ ਰੱਖਣ ਦੇ ਸਮੇਂ ਵਾਇਸ ਰਾਇ ਨੇ ਕੁਆਲਿਟੀ ਐਜੂਕੇਸ਼ਨ ਦੇਣ ਦੀ ਤਾਕੀਦ ਕੀਤੀ ਸੀ, ਇਸ ਮੰਤਵ ਲਈ ਵਿਦਿਆਰਥੀਆਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਉਸਨੇ ਇੱਕ ਸੋਨੇ ਦਾ ਮੈਡਲ ਦਿੱਤਾ ਸੀ। ਮਹਿੰਦਰਾ ਕਾਲਜ ਵਿੱਚ ਪੜ੍ਹਾਈ ਦਾ ਪਹਿਲਾ ਸ਼ੈਸ਼ਨ 1877 ਵਿੱਚ ਇੰਟਰਮੀਡੀਏਟ ਕਲਾਸਾਂ ਲਈ ਸ਼ੁਰੂ ਹੋਇਆ ਸੀ। ਉਸ ਸਮੇਂ 92 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਸੀ। ਮਹਿੰਦਰਾ ਕਾਲਜ ਦੀ ਇਮਾਰਤ ਦੀ ਪੂਰੀ ਉਸਾਰੀ ਕਰਨ ਵਿੱਚ 9 ਸਾਲ ਲੱਗ ਗਏ ਸਨ। ਇਸਦਾ ਉਦਘਾਟਨ 17 ਮਾਰਚ 1884 ਨੂੰ ਲਾਰਡ ਰਿਪਨ ਵਾਇਸ ਰਾਇ ਆਫ਼ ਬ੍ਰਿਟਿਸ਼ ਇੰਡੀਆ ਨੇ ਕੀਤਾ ਸੀ। 1887 ਵਿੱਚ ਗ੍ਰੈਜੂਏਸ਼ਨ ਤੱਕ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ, 1912 ਵਿੱਚ ਮੈਥੇਮੈਟਿਕਸ ਦੀ ਪੋਸਟ ਗ੍ਰੈਜੂਏਸ਼ਨ, 1922 ਵਿੱਚ ਫਿਲਾਸਫ਼ੀ ਅਤੇ 1949 ਵਿੱਚ ਪੰਜਾਬੀ ਦੀ ਪੋਸਟ ਗ੍ਰੈਜੂਏਸ਼ਨ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਸਨ। 1937 ਤੱਕ ਸਾਰੇ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੱਕ ਮੁਫ਼ਤ ਪੜ੍ਹਾਈ ਕਰਵਾਈ ਜਾਂਦੀ ਸੀ। ਇਸ ਕਾਲਜ ਲਈ ਮਾਣ ਦੀ ਗੱਲ ਹੈ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਐਸ.ਰਾਧਾਕ੍ਰਿਸ਼ਨਨ ਅਤੇ ਅੰਗਰੇਜ਼ੀ ਦੇ ਨਾਵਲਿਸਟ ਈ.ਐਮ.ਫਾਸਟਰ ਨੇ ਇਸ ਕਾਲਜ ਦਾ ਦੌਰਾ ਕੀਤਾ ਸੀ।
ਇਸ ਕਾਲਜ ਦੀ ਸਥਾਪਨਾ ਨੂੰ 150 ਸਾਲ ਹੋ ਗਏ ਹਨ। ਮਹਿੰਦਰਾ ਕਾਲਜ ਦੀ ਇਮਾਰਤ ਦਾ ਨੀਂਹ ਪੱਥਰ ਮਹਾਰਾਜਾ ਪਟਿਆਲਾ ਮਹਿੰਦਰ ਸਿੰਘ ਦੇ ਉਦਮ ਨਾਲ ਰੱਖਿਆ ਗਿਆ ਸੀ, ਇਸ ਕਰਕੇ ਇਸਦਾ ਨਾਮ ਮਹਿੰਦਰਾ ਕਾਲਜ ਰੱਖਿਆ ਗਿਆ। ਕਾਲਜ ਦਾ ਨੀਂਹ ਪੱਥਰ ਰੱਖਣ ਤੋਂ ਇੱਕ ਸਾਲ ਬਾਅਦ 1876 ਵਿੱਚ ਮਹਾਰਾਜਾ ਮਹਿੰਦਰ ਸਿੰਘ ਸਵਰਗਵਾਸ ਹੋ ਗਏ ਸਨ। ਮਹਾਰਾਜਾ ਮਹਿੰਦਰ ਸਿੰਘ ਦੇ ਸਵਰਗਵਾਸ ਹੋਣ ਤੋਂ ਬਾਅਦ ਉਨ੍ਹਾਂ ਦੇ ਵਾਰਸ ਮਹਾਰਾਜਾ ਰਾਜਿੰਦਰ ਸਿੰਘ ਨੇ ਇਸ ਕਾਲਜ ਦੀ ਉਸਾਰੀ ਨੂੰ ਜ਼ਾਰੀ ਰੱਖਿਆ ਤੇ ਉਸਾਰੀ ਮੁਕੰਮਲ ਕਰਵਾਈ ਸੀ। ਉਸਾਰੀ ਦਾ ਸਾਰਾ ਖ਼ਰਚਾ ਪਟਿਆਲਾ ਰਿਆਸਤ ਨੇ ਕੀਤਾ ਸੀ। ਉਸ ਸਮੇਂ ਉਤਰੀ ਭਾਰਤ ਵਿੱਚ ਕੋਈ ਵੀ ਕਾਲਜ ਨਹੀਂ ਸੀ। ਲਾਹੌਰ ਅਤੇ ਦਿੱਲੀ ਵਿੱਚ ਵੀ ਕੋਈ ਕਾਲਜ ਨਹੀਂ ਸੀ। ਉਸ ਸਮੇਂ ਕੱਲਕੱਤਾ ਬ੍ਰਿਟਿਸ਼ ਰਾਜ ਦੀ ਰਾਜਧਾਨੀ ਹੁੰਦਾ ਸੀ, ਇਹ ਕਾਲਜ ਕਲਕੱਤਾ ਯੂਨੀਵਰਸਿਟੀ ਨਾਲ ਐਫ਼ੀਲੀਏਟਡ ਸੀ। ਮਹਿੰਦਰਾ ਕਾਲਜ ਉਤਰੀ ਭਾਰਤ ਵਿੱਚ ਸਮਕਾਲੀ ਉਚ ਵਿਦਿਆ ਦੀ ਸਭ ਤੋਂ ਪੁਰਾਣੀ ਸੰਸਥਾ ਹੈ। 1882 ਵਿੱਚ ਲਾਹੌਰ ਵਿਖੇ ਪੰਜਾਬ ਯੂਨੀਵਰਸਿਟੀ ਬਣਾਈ ਗਈ, ਮਹਿੰਦਰਾ ਕਾਲਜ ਫਿਰ ਪੰਜਾਬ ਯੂਨੀਵਰਸਿਟੀ ਲਾਹੌਰ ਨਾਲ ਲਗਾ ਦਿੱਤਾ ਗਿਆ। ਦੇਸ਼ ਦੀ 1947 ਵਿੱਚ ਵੰਡ ਤੋਂ ਬਾਅਦ ਮਹਿੰਦਰਾ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ ਅਤੇ 1962 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣ ਜਾਣ ਨਾਲ ਉਸ ਨਾਲ ਅਟੈਚ ਕਰ ਦਿੱਤਾ ਗਿਆ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਵੀ ਮਹਾਰਾਜਾ ਯਾਦਵਿੰਦਰਾ ਸਿੰਘ ਦਾ ਯੋਗਦਾਨ ਸੀ। ਮਹਾਰਾਜਾ ਪਟਿਆਲਾ ਨੇ ਇਸ ਕਾਲਜ ਵਿੱਚ ਪ੍ਰਿੰਸੀਪਲ ਸਣੇ ਪੜ੍ਹਾਉਣ ਵਾਲੇ ਸਾਰੇ ਅਧਿਆਪਕ ਬੰਗਾਲ ਵਿੱਚੋਂ ਹੀ ਵਧੇਰੇ ਤਨਖ਼ਾਹਾਂ ਦੇ ਕੇ ਲਿਆਂਦੇ ਸਨ। ਉਨ੍ਹਾਂ ਦੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਕੋਈ ਸਮੱਸਿਆ ਨਾ ਹੋਵੇ। 44 ਸਾਲ ਅਰਥਾਤ 1919 ਤੱਕ ਮਹਿੰਦਰਾ ਕਾਲਜ ਵਿੱਚ ਪੜ੍ਹਾਉਣ ਵਾਲੇ ਬਹੁਤੇ ਅਧਿਆਪਕ ਬੰਗਾਲ ਤੋਂ ਹੀ ਆਉਂਦੇ ਰਹੇ। ਮਹਿੰਦਰਾ ਕਾਲਜ ਦਾ ਪਹਿਲਾ ਪ੍ਰਿੰਸੀਪਲ ਜੋਗਿੰਦਰ ਨਾਥ ਮੁਖਰਜੀ ਸਨ, ਜਿਹੜੇ 1886 ਤੱਕ ਪ੍ਰਿੰਸੀਪਲ ਰਹੇ। ਫਿਰ ਦਵਾਰਕਾ ਦਾਸ, ਅਤੁਲ ਘੋਸ਼, ਐਡਮੰਡ ਕੈਂਡਲਰ, ਟੀ.ਐਲ.ਵਾਸਵਾਨੀ, ਮਨਮੋਹਨ ਸਿੰਘ, ਏ.ਕੇ.ਸ਼ਰਮਾ, ਵਿਸ਼ਵ ਨਾਥ, ਬੀ.ਐਨ ਖੋਸਲਾ, ਐਚ.ਕੇ.ਭੱਟਾਚਾਰੀਆ, ਤੇਜਾ ਸਿੰਘ, ਡਾ.ਭਗਤ ਸਿੰਘ ਤੇ ਗੁਰਸੇਵਕ ਸਿੰਘ ਪ੍ਰਿੰਸੀਪਲ ਰਹੇ। ਇਹ ਸਾਰੇ ਉਚ ਕੋਟੀ ਦੇ ਸਿਖਿਆ ਸ਼ਾਸ਼ਤਰੀ ਸਨ। ਇਸ ਤੋਂ ਇਲਾਵਾ ਟੀ.ਐਲ.ਵਾਸਵਾਨੀ ਦੇ ਮਾਣ ਵਿੱਚ ਇੱਕ ਪੋਸਟਲ ਟਿਕਟ ਵੀ ਜ਼ਾਰੀ ਹੋਈ ਸੀ। ਲੀਜੈਂਡਰੀ ਅਧਿਆਪਕ ਕੇ.ਕੇ.ਮੁਕਰਜ਼ੀ, ਐਮ.ਆਰ.ਕੋਹਲੀ, ਪ੍ਰੀਤਮ ਸਿੰਘ ਅਤੇ ਕੇ.ਐਲ.ਬੁਧੀਰਾਜਾ ਵੀ ਕਾਲਜ ਦਾ ਮਾਣ ਸਨ। ਬੰਗਾਲ ਤੋਂ ਆਏ ਸਾਰੇ ਪਰਿਵਾਰ ਪਟਿਆਲਾ ਵਿੱਚ ਹੀ ਵਸ ਗਏ ਸਨ। ਉਨ੍ਹਾਂ ਦੇ ਰਿਹਾਇਸ਼ੀ ਇਲਾਕੇ ਨੂੰ ਬੰਗਾਲੀ ਮਹੱਲਾ ਕਿਹਾ ਜਾਂਦਾ ਸੀ, ਜਿਹੜਾ ਪਟਿਆਲਾ ਅੰਦਰੂਨ ਸ਼ਹਿਰ ਦੇ ਟੋਭਾ ਧਿਆਨਾ ਦੇ ਕੋਲ ਸੀ।
ਪਟਿਆਲਾ ਰਿਆਸਤ ਦੇ ਮਹਾਰਾਜਿਆਂ ਦੀ ਪਟਿਆਲਾ ਵਿੱਚ ਮਹਿੰਦਰਾ ਕਾਲਜ ਨੂੰ ਬਣਾਉਣ ਦੀ ਸੇਵਾ ਨੂੰ ਪੰਜਾਬ ਕਦੀਂ ਵੀ ਭੁੱਲ ਨਹੀਂ ਸਕਦਾ। ਰਾਜਿੰਦਰਾ ਮੈਡੀਕਲ ਕਾਲਜ ਵੀ ਮਹਾਰਾਜਾ ਰਾਜਿੰਦਰ ਸਿੰਘ ਨੇ ਬਣਾਇਆ ਸੀ। ਇਸ ਤੋਂ ਇਲਾਵਾ ਯਾਦਵਿੰਦਰਾ ਪਬਲਿਕ ਸਕੂਲ ਵੀ ਮਹਾਰਾਜਾ ਪਟਿਆਲਾ ਨੇ ਬਣਾਇਆ ਸੀ। ਮਹਿੰਦਰਾ ਕਾਲਜ 21 ਏਕੜ ਰਕਬੇ ਵਿੱਚ ਯੂਨਾਨੀ, ਅਰੈਬੀਅਨ ਅਤੇ ਭਾਰਤੀ ਆਰਕੀਟੈਕਚਰ ਦੇ ਸੁਮੇਲ ਨਾਲ ਉਸਾਰਿਆ ਹੋਇਆ ਹੈ। ਵਾਸਤੂਕਲਾ ਅਨੁਸਾਰ ਉਚੇ ਬੁਰਜ ਤੇ ਗੁੰਬਦ ਬਣਾਏ ਹੋਏ ਹਨ, ਇਸ ਦੀ ਉਸਾਰੀ ਲਈ ਅੰਗਰੇਜ਼ ਆਰਕੀਟੈਕਟ ਨੂੰ ਲਿਆਂਦਾ ਗਿਆ। ਗਰਮੀ ਅਤੇ ਸਰਦੀ ਦੇ ਬਚਾਓ ਲਈ ਕਮਰਿਆਂ ਦੀਆਂ ਛੱਤਾਂ 18 ਫੁੱਟ ਉਚੀਆਂ ਪਾਈਆਂ ਗਈਆਂ। ਇੱਥੋਂ ਤੱਕ ਕਿ ਅੰਗੀਠੀਆਂ ਰੱਖਣ ਦੇ ਪ੍ਰਬੰਧ ਵੀ ਕੀਤੇ ਹੋਏ ਹਨ। ਇਮਾਰਤਸਾਜ਼ੀ ਵੀ ਕਮਾਲ ਦੀ ਹੈ। ਇਸ ਵਿਰਾਸਤੀ ਇਮਾਰਤ ਦੇ ਰੱਖ ਰਖਾਵ ਲਈ ਪੰਜਾਬ ਸਰਕਾਰ ਨੂੰ ਵਿਰਾਸਤੀ ਪੁਰਾਤਤਵ ਦੇ ਮਾਹਿਰਾਂ ਦੀ ਰਾਏ ਲੈਣੀ ਚਾਹੀਦੀ ਹੈ ਤਾਂ ਜੋ ਇਹ ਇਮਾਰਤ ਸਦੀਆਂ ਤੱਕ ਕਾਇਮ ਰਹਿ ਸਕੇ। ਇਸ ਸਮੇਂ ਇਸ ਦੀ ਰੱਖ ਰਖਾਈ ਦਾ ਕੰਮ ਲੋਕ ਨਿਰਮਾਣ ਵਿਭਾਗ ਕਰ ਰਿਹਾ ਹੈ। ਮਹਿੰਦਰਾ ਕਾਲਜ ਦੇ ਬਣਨ ਨਾਲ ਪੰਜਾਬੀਆਂ ਨੂੰ ਉੱਚ ਵਿਦਿਆ ਪ੍ਰਾਪਤ ਕਰਨ ਦੇ ਮੌਕੇ ਮਿਲ ਗਏ। ਇਸ ਤੋਂ ਪਹਿਲਾਂ ਉਤਰੀ ਭਾਰਤ ਵਿੱਚ ਉਚ ਪੜ੍ਹਾਈ ਦੀ ਸਹੂਲਤ ਨਹੀਂ ਸੀ। ਮਹਿੰਦਰਾ ਕਾਲਜ ਪੰਜਾਬ ਦੀ ਖ਼ੁਸ਼ਹਾਲੀ ਦਾ ਪ੍ਰਤੀਕ ਬਣਿਆਂ, ਕਿਉਂਕਿ ਹਜ਼ਾਰਾਂ ਵਿਦਿਆਰਥੀਆਂ ਨੇ ਮਹਿੰਦਰਾ ਕਾਲਜ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਸੰਸਾਰ ਵਿੱਚ ਭਾਰਤ ਦਾ ਨਾਮ ਵੱਖ-ਵੱਖ ਖੇਤਰਾਂ ਵਿੱਚ ਚਮਕਾਇਆ ਹੈ। ਖੇਡਾਂ ਦੇ ਖੇਤਰ ਵਿੱਚ ਵੀ ਮਹਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਸਨ। ਮਹਿੰਦਰਾ ਕਾਲਜ ਦਾ ਵਿਦਿਆਰਥੀ ਹਰਵੇਲ ਸਿੰਘ ਹਾਕੀ ਦਾ ਕੋਚ ਬਣਿਆਂ, 1952 ਵਿੱਚ ਮਹਿੰਦਰਾ ਕਾਲਜ ਦੀ ਹਾਕੀ ਦੀ ਟੀਮ ਭਾਰਤ ਵਿੱਚੋਂ ਫਸਟ ਆਈ ਸੀ। ਇਸ ਕਾਲਜ ਦੇ ਵਿਦਿਆਰਥੀਆਂ ਵਿੱਚ ਮਰਹੂਮ ਪੈਪਸੂ ਦੇ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ, ਸੰਤ ਈਸ਼ਰ ਸਿੰਘ ਰਾੜੇਵਾਲਾ, ਬਾਬੂ ਬ੍ਰਿਸ਼ ਭਾਨ, ਆਦਿ ਹਨ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਜਸਟਿਸ ਰਣਜੀਤ ਸਿੰਘ ਸਰਕਾਰੀਆ, ਪੰਜਾਬ ਤੇ ਹਰਿਆਣਾ ਹਾਈ ਕੋਰਟ ਜੱਜ ਜਸਵਿਸ ਸੀ.ਐਸ.ਟਿਵਾਣਾ, ਜਸਟਿਸ ਐਮ.ਆਰ.ਅਗਨੀਹੋਤਰੀ, ਜਸਟਿਸ ਰਣਜੀਤ ਕੁਮਾਰ ਬੱਤਾ ਅਤੇ ਪ੍ਰਿੰਸੀਪਲ ਗੁਰਸੇਵਕ ਸਿੰਘ, ਉਪ ਕੁਲਪਤੀ ਡਾ.ਭਗਤ ਸਿੰਘ, ਇੰਦਰਜੀਤ ਕੌਰ ਸੰਧੂ ਉਪ ਕੁਲਪਤੀ, ਤਰਲੋਚਨ ਸਿੰਘ ਅਤੇ ਵਿਸ਼ਵਾ ਨਾਥ ਤਿਵਾੜੀ ਦੋਵੇਂ ਸਾਬਕਾ ਰਾਜ ਸਭਾ ਮੈਂਬਰ, ਗੁਰਸੇਵ ਸਿੰਘ ਢਿਲੋਂ ਜਾਪਾਨ, ਰਾਮ ਪ੍ਰਤਾਪ ਗਰਗ ਅਤੇ ਸੰਤ ਰਾਮ ਸਿੰਗਲਾ ਦੋਵੇਂ ਸਾਬਕਾ ਐਮ.ਪੀ., ਜਸਦੇਵ ਸਿੰਘ ਸੰਧੂ ਸਾਬਕਾ ਮੰਤਰੀ ਅਤੇ ਦਰਬਾਰਾ ਸਿੰਘ ਦੋਵੇਂ ਸਾਬਕਾ ਮੰਤਰੀ, ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਬਚਨ ਜਗਤ ਸਾਬਕਾ ਆਈ.ਪੀ.ਐਸ., ਪਰਮਜੀਤ ਸਿੰਘ ਛੀਨਾ ਸਾਬਕਾ ਮੁੱਖ ਸਕੱਤਰ, ਗਿਆਨੀ ਲਾਲ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਦਲੀਪ ਕੌਰ ਟਿਵਾਣਾ, ਹਰਪਾਲ ਟਿਵਾਣਾ, ਨੀਨਾ ਟਿਵਾਣਾ ਸੁਪਰੀਮ ਕੋਰਟ ਦੇ ਬਹੁਤ ਸਾਰੇ ਵਕੀਲ, ਚੀਫ਼ ਇੰਜਿਨੀਅਰ, ਆਈ.ਏ.ਐਸ, ਆਈ.ਆਰ ਐਸ, ਆਈ.ਸੀ.ਐਸ ਅਧਿਕਾਰੀ, ਵਿਦਿਆਰਥੀ ਰਹੇ ਹਨ। ਕੇਂਦਰ ਸਰਕਾਰ ਦੇ ਕਈ ਮੰਤਰੀ ਵੀ ਇਸ ਸੰਸਥਾ ਦੀ ਦੇਣ ਹਨ । ਇਸ ਕਾਲਜ ਦੇ ਵਿਦਿਆਰਥੀ ਪ੍ਰਿੰਸੀਪਲ ਹਰਬਖ਼ਸ਼ ਸਿੰਘ ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਬਣੇ ਸਨ।
1975 ਵਿੱਚ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਮਹਿੰਦਰਾ ਕਾਲਜ ਦੇ 100 ਸਾਲਾ ਸਥਾਪਨਾ ਦਿਵਸ ਦੇ ਮੌਕੇ ਬਤੌਰ ਮੁੱਖ ਮਹਿਮਾਨ ਆਏ ਸਨ। ਉਸ ਸਮੇਂ ਪ੍ਰਿੰਸੀਪਲ ਗੁਰਸੇਵਕ ਸਿੰਘ ਕਾਲਜ ਦੇ ਪ੍ਰਿੰਸੀਪਲ ਸਨ। ਮਹਿੰਦਰਾ ਕਾਲਜ ਦੀ ਸਥਾਪਨਾ ਦੇ 100 ਸਾਲ ਸੰਬੰਧੀ 14 ਮਾਰਚ 1988 ਨੂੰ ਭਾਰਤ ਦੇ ਡਾਕ ਤੇ ਤਾਰ ਵਿਭਾਗ ਨੇ ਇੱਕ ਯਾਦਗਾਰੀ ਪੋਸਟਲ ਟਿਕਟ ਜ਼ਾਰੀ ਕੀਤੀ ਸੀ। ਉਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਸਿਧਾਰਥ ਸ਼ੰਕਰ ਰੇਅ ਸਨ।
ਮਹਿੰਦਰਾ ਕਾਲਜ ਪੰਜਾਬ ਦੀ ਪਹਿਲੀ ਸਿੱਖਿਆ ਸੰਸਥਾ ਹੈ, ਜਿਸਨੂੰ ਭਾਰਤ ਸਰਕਾਰ ਦੀ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਐਨ.ਏ.ਏ.ਸੀ.) ਤੋਂ ਏ+ਗ੍ਰੇਡ ਮਿਲਿਆ ਸੀ। ਇਸ ਸੰਸਥਾ ਨੇ ਕਾਲਜ ਨੂੰ ਪਹਿਲੇ ਨੰਬਰ ਦਾ ਦਰਜਾ ਦਿੱਤਾ ਹੈ। ਮਹਿੰਦਰਾ ਕਾਲਜ ਵਿੱਚ 22 ਵਿਭਾਗਾਂ ਦੀ ਫੈਕਲਟੀ ਦੇ ਲਗਪਗ 200 ਮੈਂਬਰ ਅਤੇ ਲਗਪਗ 7500 ਵਿਦਿਆਰਥੀ ਹਨ। ਕਾਲਜ ਵਿੱਚ ਮੁੱਢਲੇ ਵਿਗਿਆਨ, ਰਾਜਨੀਤੀ ਵਿਗਿਆਨ, ਭਾਸ਼ਾਵਾਂ, ਇਤਿਹਾਸ, ਲੋਕ ਪ੍ਰਸ਼ਾਸ਼ਨ, ਵਣਜ, ਕੰਪਿਊਟਰ ਉਪਯੋਗਾਂ, ਕਾਨੂੰਨ, ਖੇਤੀਬਾੜੀ ਵਿਗਿਆਨ, ਬਾਇਓਟੈਕਨਾਲੋਜੀ ਅਤੇ ਕਲੀਨੀਕਲ ਡਾਇਗਨੌਸਟਿਕਸ ਵਿੱਚ ਅੰਡਰ ਗ੍ਰੈਜੂਏਟ ਅਤੇ ਗ੍ਰੈਜੂਏਟ ਪੱਧਰ ਦੀ ਸਿੱਖਿਆ ਪ੍ਰਦਾਨ ਕਰਦਾ ਹੈ, ਸ਼ਾਮਲ ਹਨ। ਕਾਲਜ ਵਿੱਚ ਕੇਂਦਰੀ ਲਾਇਬਰੇਰੀ, ਕੰਪਿਊਟਰ ਸੈਂਟਰ, ਸਿਹਤ ਕੇਂਦਰ, ਕੁੜੀਆਂ ਦਾ ਹੋਸਟਲ, 600 ਬੈਠਣ ਦੀ ਸਮਰੱਥਾ ਵਾਲਾ ਇੱਕ ਆਡੋਟੋਰੀਅਮ, ਇੱਕ ਬੋਟੈਨੀਕਲ ਗਾਰਡਨ ਅਤੇ ਵਿਸਤ੍ਰਿਤ ਖੇਡ ਢਾਂਚਾ, ਖਾਸ ਕਰਕੇ ਕ੍ਰਿਕਟ ਅਤੇ ਤੈਰਾਕੀ ਦੀ ਸਹੂਲਤ ਹੈ। 2009 ਵਿੱਚ ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ਼ ਬਾਇਓਟੈਕਨਾਲੋਜੀ ਮਨਿਸਟਰੀ ਆਫ਼ ਸਾਇੰਸ ਐਂਡ ਟੈਕਨਾਲੋਜੀ ਨੇ ਮਹਿੰਦਰਾ ਕਾਲਜ ਨੂੰ ਵਿਤੀ ਸਹਾਇਤਾ ਦੇਣ ਲਈ ‘ਸਟਾਰ ਕਾਲਜ ਇਨ ਲਾਈਫ਼’ ਸਕੀਮ ਅਧੀਨ ਚੁਣਿਆਂ ਸੀ। ਮਹਿੰਦਰਾ ਕਾਲਜ ਲਈ ਹੋਰ ਅਜਿਹੀਆਂ ਕਈ ਸਕੀਮਾ ਅਧੀਨ ਕੇਂਦਰ ਸਰਕਾਰ ਨੇ ਚੁਣਿਆਂ ਸੀ। ਅੱਜ ਮਹਿੰਦਰਾ ਕਾਲਜ ਦਾ 150ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ।
ਤਸਵੀਰਾਂ: ਮਹਿੰਦਰਾ ਕਾਲਜ ਅਤੇ ਮਹਾਰਾਜਾ ਮਹਿੰਦਰ ਸਿੰਘ ਪਟਿਆਲਾ ਰਿਆਸਤ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.