ਵਿਜੀਲੈਂਸ ਵੱਲੋਂ ASI ਤੇ ਉਸ ਦਾ ਮਿੱਤਰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ
ਕਮਲਜੀਤ ਸਿੰਘ
ਧਨੌਲਾ, 19 ਅਗਸਤ2025 : ਵਿਜੀਲੈਂਸ ਬਰਨਾਲਾ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਧਨੌਲਾ ਪੁਲਿਸ ਸਟੇਸ਼ਨ ਦੇ ਥਾਣੇਦਾਰ ਨੂੰ ਰਿਸ਼ਵਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਦਈ ਜੋਗਾ ਸਿੰਘ ਵਾਸੀ ਬਡਬਰ ਨੇ ਵਿਜੀਲੈਂਸ ਦਫ਼ਤਰ ਬਰਨਾਲਾ ਦੇ ਧਿਆਨ ਵਿਚ ਰਿਸ਼ਵਤਖ਼ੋਰੀ ਦਾ ਮਾਮਲਾ ਲਿਆਂਦਾ ਸੀ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਧਨੌਲਾ ’ਚ ਤਾਇਨਾਤ ਥਾਣੇਦਾਰ ਸੁਖਦੇਵ ਸਿੰਘ ਨੂੰ 8000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਜੋਗਾ ਸਿੰਘ ਦੇ ਪੁੱਤਰ ਨਿਰਮਲ ਸਿੰਘ ਦੇ ਖ਼ਿਲਾਫ਼ ਐਨ.ਡੀ.ਪੀ.ਐਸ ਦਾ ਇਕ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ’ਤੇ ਧਨੌਲਾ ਪੁਲਿਸ ਨੇ ਉਨ੍ਹਾਂ ਦੇ ਘਰ ਰੇਡ ਕਰ ਕੇ ਪਰਿਵਾਰ ਦੇ ਤਿੰਨ ਮੋਬਾਈਲ ਆਪਣੇ ਕਬਜ਼ੇ ਵਿਚ ਲੈ ਲਏ ਸੀ। ਹਾਲਾਂਕਿ ਨਿਰਮਲ ਸਿੰਘ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਵਿਚ ਉਕਤ ਮੋਬਾਈਲ ਫੋਨਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਪਰਿਵਾਰ ਵਲੋਂ ਪੁਲਿਸ ਤੋਂ ਮੋਬਾਈਲ ਵਾਪਸ ਮੰਗੇ ਜਾ ਰਹੇ ਸੀ, ਜਿਸ ’ਤੇ ਏ.ਐਸ.ਆਈ. ਸੁਖਦੇਵ ਸਿੰਘ ਨੇ ਰਿਸ਼ਵਤ ਦੇ ਤੌਰ ’ਤੇ 10000 ਮੰਗੇ ਸਨ। ਜਿਸ ਦਾ ਸੌਦਾ 8000 ਰੁਪਏ ਵਿਚ ਤੈਅ ਹੋ ਗਿਆ ਸੀ। ਉਨ੍ਹਾਂ ਦੇ ਪਿੰਡ ਦੇ ਹੀ ਇਕ ਸਤਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਬਡਬਰ ਨੇ ਥਾਣੇਦਾਰ ਨੂੰ ਰਿਸ਼ਵਤ ਦਿਵਾਉਣ ਵਿਚ ਵਿਚੋਲਗੀ ਦਾ ਰੋਲ ਅਦਾ ਕੀਤਾ ਸੀ। ਜਿਸ ਨੂੰ ਵੀ ਵਿਜੀਲੈਂਸ ਨੇ ਥਾਣੇਦਾਰ ਨਾਲ ਹੀ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਨੇ ਦੱਸਿਆ ਕਿ ਪੁਲਿਸ ਨਾਲ ਰਿਸ਼ਵਤ ਦਿਵਾਉਣ ਦੀ ਵਿਚੋਲਗੀ ਕਰਨ ਵਾਲੇ ਸਤਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਇਕ ਵਿਚੋਲਗੀ ਦਾ ਹੀ ਮਾਮਲਾ ਦਰਜ ਹੈ। ਵਿਜੀਲੈਂਸ ਬਿਊਰੋ ਬਰਨਾਲਾ ਨੇ ਏ.ਐਸ.ਆਈ. ਸੁਖਦੇਵ ਸਿੰਘ ਤੇ ਉਸ ਦੇ ਨਿੱਜੀ ਸਾਥੀ ਸਤਵਿੰਦਰ ਸਿੰਘ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਡੀਐਸਪੀ ਸਿਟੀ ਸਤਬੀਰ ਸਿੰਘ ਬੈਂਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਬਰਨਾਲਾ ਪੁਲਿਸ ਮੁਖੀ ਮੁਹੰਮਦ ਸਰਫਰਾ ਆਲਮ ਵੱਲੋਂ ਸਖਤ ਹਦਾਇਤਾਂ ਹਨ ਕਿ ਜੋ ਵੀ ਕੋਈ ਗਲਤ ਕੰਮ ਕਰੇਗਾ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਸਾਰੀ ਥਾਣਿਆਂ ਦੀ ਐਸਐਚਓ ਅਤੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਆਪਣੀ ਇਮਾਨਦਾਰੀ ਨਾਲ ਕੰਮ ਕਰੋ ਜੋ ਵੀ ਕੋਈ ਰਿਸ਼ਵਤ ਲਵੇਗਾ ਉਸ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ