ਇਸ ਹੱਥਲੀ ਕਿਤਾਬ ਵਿਚ ਲੇਖਕ ਨੇ 43 ਕਾਵਿਤਾਵਾਂ ਦਰਜ਼ ਕੀਤੀਆਂ ਹਨ। ਜਿਨ੍ਹਾਂ ਵਿਚ ਥੱਕੇ-ਹਾਰੇ ਸ਼ਹਿਰ ਦੀ ਨੀਂਦ, ਗੋਦੀ ਮੀਡੀਆ, ਕਿਸ ਨੂੰ ਖ਼ਬਰ ਸੀ, ਕਿਉਂ ਨਾ ਹੋਵੇ, ਕਰਤਾਰਪੁਰ ਵਾਲ਼ਿਆ ਬਾਬਾ!, ਪਿੰਡ ਉਦਾਸ ਹੈ, ਮੇਰੇ ਹਿੱਸੇ ਦੀ ਕਵਿਤਾ, ਸਿਰਾਂ ਵਾਲ਼ੇ, ਜਦੋਂ-1, ਜਦੋਂ-2, ਜਦੋਂ-3, ਬੁਰਜੁਆ ਡੈਮੋਕ੍ਰੇਸੀ, ਸਿਆਸਤਦਾਨ, ਵਤਨ, ਸਫ਼ਰ ਤੇ ਫ਼ਾਸਲੇ, ਮਹਿੰਦੀ-ਮੁਕਾਬਲੇ, ਇੰਜ ਹੀ ਰਿਹਾ ਜੇ-1, ਇੰਜ ਹੀ ਰਿਹਾ ਜੇ-2, ਨੰਗੀ ਕਵਿਤਾ, ਆਪਣੇ ਲਗਦੇ ਖ਼ਤਰਨਾਕ ਲੋਕ, ਯਾਦ ਨਹੀਂ?, ਕਾਰਲ ਮਾਰਕਸ ਨੂੰ, ਲਟਕਦੇ ਪ੍ਰਸ਼ਨ, ਸ਼ਬਦਾਂ ਦੇ ਜਾਦੂਗਰ-1, ਸ਼ਬਦਾਂ ਦੇ ਜਾਦੂਗਰ-2, ਸ਼ਬਦਾਂ ਦੇ ਜਾਦੂਗਰ-3, ਸ਼ਬਦਾਂ ਦੇ ਜਾਦੂਗਰ-4, ਸ਼ਬਦਾਂ ਦੇ ਜਾਦੂਗਰ-5, ਹਿਸਾਬ ਬੈਠਾ ਹੈ, ਆਪਾਂ ਧਰਤੀ-ਪੁੱਤਰ, ਤੇਰੇ ਹਜ਼ੂਰ ਮੇਰੇ ਪੰਜਾਬ !-1, ਤੇਰੇ ਹਜ਼ੂਰ ਮੇਰੇ ਪੰਜਾਬ!-2, ਜੰਗਾਂ ਵਿਚ ਸੁਪਨੇ ਸਾਂਭਦੇ ਬੱਚਿਆਂ ਨੂੰ, ਸੱਤਾ-ਮੰਤਰ, ਜੇ ਆਪਾਂ, ਉਹ ਜਾਣ ਗਏ ਨੇ, ਕਦੇ ਤੂੰ ਅੰਨ-ਦਾਤਾ ਸੀ, ਭਵਿੱਖ ਦੀ ਫ਼ਿਕਰਮੰਦੀ, ਕਿਹਨਾਂ ਨਾਲ਼ ਹੋ, ਚਿੰਤਕਾਂ ਦੀ ਚਿੰਤਾ, ਕਾਫ਼ਿਲੇ ਤੋਂ ਅੱਡ ਹੋਣਾ, ਕ੍ਰਾਂਤੀ ਦੇ ਵਣਜਾਰੇ, ਕਵਿਤਾ ਚਾਹੁੰਦੀ ਹੈ, ਸ਼ਾਮਲ ਹਨ। ਇਕ ਕਵਿਤਾ ਦਾ ਸਿਰਲੇਖ ਪੰਜ ਪੰਜ ਕਵਿਤਾਵਾਂ ਨੂੰ ਜਨਮ ਦੇਂਦਾ ਹੈ। ਏਵੇਂ ਹੀ ਦੋ ਦੋ ਕਵਿਤਾਵਾਂ ਕਿੋ ਸਿਰਲੇਖ ਹੇਠ ਪ੍ਰਕਾਸ਼ਤ ਹੋਈਆਂ ਹਨ।
ਉਘੇ ਗ਼ਜ਼ਲਗੋ ਅਲੋਚਕ ਸ. ਸਰਬਜੀਤ ਸਿੰਘ ਸੰਧੂ ਨੇ “ਥੱਕੇ ਹਾਰੇ ਸ਼ਹਿਰ ਨਾਲ ਖਲੋਂਦੀ” ਕਵਿਤਾ ਦੇ ਸਿਰਲੇਖ ਕਿਤਾਬ ਦਾ ਮੁਖਬੰਦ ਕੁੰਜੀਵੰਤ ਕੀਤਾ ਹੈ। ਉਸ ਦੀ ਸਮੀਖਿਆ ਹੀ ਹੂਬਹੂ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਸਭਿਆਚਾਰ ਮਨੁੱਖੀ ਇਤਿਹਾਸ ਦਾ ਇਕ ਖ਼ਾਸ ਪੜਾਅ ਹੈ, ਜਿੱਥੇ ਉਹਦੀ ਦੂਸਰੇ ਸਮੂਹਾਂ ਤੋਂ ਅਲੱਗ ਪਹਿਚਾਣ ਬਣਦੀ ਹੈ, ਸੰਸਾਰੀਕਰਨ ਦੇ ਦੌਰ ਨੇ ਸੰਸਾਰ ਦੇ ਵਿਭਿੰਨ ਸਭਿਆਚਾਰਾਂ ਵਿਚਕਾਰ ਮੇਲਾਂ, ਸੰਵਾਦਾਂ, ਟਕਰਾਵਾਂ ਦਾ ਰਣਖੇਤਰ ਸਿਰਜ ਦਿੱਤਾ ਹੈ ਤਾਂ ਪੰਜਾਬੀ ਮਨੁੱਖ ਦਾ ਇਸ ਪ੍ਰਕਿਰਿਆ ਤੋਂ ਬੇਲਾਗ ਰਹਿਣਾ ਨਾਮੁਮਕਿਨ ਹੈ। ਹਰਜੀਤ ਸਿੰਘ ਸੰਧੂ ਨੇ ਸਭਿਆਚਾਰਕ ਪਰਿਵੇਸ਼ ਦੀਆਂ ਕਵਿਤਾਵਾਂ ਵਿਅੰਗ ਦੀਆਂ ਸੂਖਮ ਛੋਹਾਂ ਦੇ ਕੇ ਲਿਖੀਆਂ ਹਨ। ਭਾਸ਼ਾ ਹੀ ਕਵਿਤਾ ਦਾ ਮਾਧਿਅਮ ਬਣਦੀ ਹੈ। ਕਵਿਤਾ ਦੀ ਭਾਸ਼ਾ ਉਹਦੇ ਬਲਣਹਾਰਿਆਂ ਤੋਂ ਆਉਂਦੀ ਹੈ।
ਉਹਦੀ ਕਵਿਤਾ ਵਿਚਲੇ ਵਿਚਾਰ, ਪ੍ਰਤੀਕ, ਵਿਅੰਗ ਦੀਆਂ ਵਿਧੀਆਂ, ਭਾਸ਼ਾ ਦੀ ਵਰਤੋਂ, ਕਾਵਿ-ਲੈਅ ਉਹਦੀ ਆਪਣੀ ਕਮਾਈ ਹਨ, ਜਿਹੜੇ ਉਸਦੀ ਵਿਅਕਤੀਗਤ ਕਾਵਿ-ਸ਼ੈਲੀ ਨੂੰ ਘੜਦੇ ਹਨ। ਉਹਦੀ ਕਵਿਤਾ ਦੇ ਪ੍ਰਤੀਕ/ਬਿੰਬ ਸਾਧਾਰਨ ਹੁੰਦੇ ਹੋਏ ਵੀ ਵਿਲੱਖਣ ਹਨ, ਜਿਨ੍ਹਾਂ ਨੂੰ ਨਿਹਾਰਦਿਆਂ ਉਹਦੀ ਕਵਿਤਾ ਦੇ ਅਰਥਾਂ ਦੀਆਂ ਪਰਤਾਂ ਆਸਾਨੀ ਨਾਲ ਖੁੱਲ੍ਹਦੀਆਂ ਜਾਂਦੀਆਂ ਹਨ। ਇਸ ਸੰਗ੍ਰਹਿ ਦੀ ਪਹਿਲੀ ਹੀ ਕਵਿਤਾ ‘ਥੱਕੇ-ਹਾਰੇ ਸ਼ਹਿਰ ਦੀ ਨੀਂਦ` ਵਿਚ ਆਏ ਸ਼ਬਦ/ਪ੍ਰਤੀਕ : ‘ਸ਼ਹਿਰ’, ‘ਮੀਨਾਰ ਦੀ ਸਿਖਰ’, ‘ਟਾਰਚ’, ‘ਸ਼ਹਿਰ-ਵਾਸੀ’, ‘ਕੁੱਤੇ’, ‘ਬਘਿਆੜ’ ਬਿਨਾਂ ਕਿਸੇ ਲਗ-ਲਬੇੜ ਦੇ ਸਭ ਕੁਝ ਕਹਿ ਦੇਂਦੇ ਹਨ। ਇਹ ਕਵਿਤਾ ਉਹਦੀ ਕਰੜੀ ਮਿਹਨਤ ਦੀ ਉਪਜ ਹੋ ਨਿਬੜਦੀ ਹੈ।
ਅੱਜ ਜਦੋਂ ਪੰਜਾਬੀ ਵਿਚ ਸਾਡੇ ਕੋਲ਼ ਅਜਿਹੀ ਕਵਿਤਾ ਹੈ ਜਿਸ ਵਿਚ ਵਧੇਰੇ . ਕਰਕੇ ਨਿੱਜ ਦੇ ਦੁੱਖਾਂ ਦਾ ਰੁਦਨ ਹੈ, ਸਮਾਜ ਦੇ ਦੁੱਖਾਂ, ਸੰਘਰਸ਼ਾਂ ਤੋਂ ਦੂਰੀ ਸਾਜ ਕੇ ਮਨਾਏ ਜਾਂਦੇ ਜਸ਼ਨ ਹਨ, ਜਾਂ ਪੰਜਾਬੀ ਕਵਿਤਾ ਨੂੰ ਜਿੱਚ ਕਰਦੀਆਂ ਹੋਰ ਭਾਰਤੀ ਭਾਸ਼ਾਵਾਂ ਦੇ ਲਿਜ਼ਲਿਜ਼ੇ ਅਨੁਵਾਦ ਹਨ, ਤਾਂ ਉਸ ਵੇਲ਼ੇ ਹਰਜੀਤ ਸਿੰਘ ਸੰਧੂ ਜਿਹੇ ਕਵੀਆਂ ਦੀ ਕਵਿਤਾ ਦੀ ਬਹੁਤ ਲੋੜ ਹੈ।
ਕਵਿਤਾ ਵਲ ਉਹ ਜੀਵਨ ਦੇ ਚੌਥੇ ਆਸ਼ਰਮ ਵਿਚ ਆਇਆ, ਪਰ ਆਇਆ ਸਾਬਤ ਕਦਮੀ; ਦੁਬਿਧਾਵਾਂ ਦੇ ਜਾਲ਼ੇ ਲਾਹ ਕੇ ਆਇਆ। ਕਵਿਤਾ ਉਹਦੇ ਮਨ-ਅੰਬਰ `ਤੇ ਛਾਈ ਹੋਈ ਹੈ। ਅਨੁਭਵ ਉਹਦੇ ਜੀਵਨ ਦੀ ਜ਼ਰਖੇਜ਼ ਜ਼ਮੀਨ `ਤੇ ਬੀਜਾਂ ਵਾਂਙੂ ਖਿੱਲਰੇ ਹੁੰਦੇ ਹਨ। ਅਨੁਭਵ ਜਦ ਕਵਿਤਾ ਨੂੰ ਮਿਹਣਾ ਮਾਰਦੇ ਹਨ ਤਾਂ ਉਹ ਬਸ ਬਾਹਰ ਆਉਣ ਲਈ ਕੋਈ ਬਹਾਨਾ ਹੀ ਮੰਗਦੀ ਹੈ। ਅਨੁਭਵ ਉਸ ਨੂੰ ਘਟਨਾ-ਦੁਰਘਟਨਾ ਦਾ ਰੂਪ ਧਾਰ ਕੇ ਬਹਾਨਾ ਦੇਂਦੇ ਹਨ ਤੇ ਕਵਿਤਾ ਅਛੋਪਲੇ ਜਿਹੇ ਉੱਤਰ ਆਉਂਦੀ ਹੈ। ਏਨੀ ਹੀ ਉਹਦੀ ਸਿਰਜਨ-ਪ੍ਰਕਿਰਿਆ ਹੈ। ਉਹ ਵਾਪਰ ਗਏ ਦੇ ਕਾਰਨਾਂ ਤੇ ਪ੍ਰਭਾਵਾਂ ਨੂੰ ਤਰਕ ਦੀ ਤੱਕੜੀ `ਤੇ ਰੱਖਦਾ ਹੈ। ਕਾਰਨਾਂ ਦੇ ਮੁਲ ਨੂੰ ਪਛਾਨਣ ਵਿਚ ਰੁਚਿਤ ਤੇ ਖਚਿਤ ਹੁੰਦਾ ਹੈ। ਉਹਨਾਂ ਦੀਆਂ ਖ਼ੂਬੀਆਂ-ਖ਼ਾਮੀਆਂ, ਸਮਰੱਥਾਵਾਂ-ਅਸਮਰੱਥਾਵਾਂ, ਉਹ ਜ਼ਮੀਨ ਜਿਨ੍ਹਾਂ ਵਿਚ ਉਹ ਪੈਦਾ ਹੁੰਦੇ ਹਨ, ਉਸਦੀ ਗੁਣਵੱਤਾ ਟੋਂਹਦਾ ਹੈ। ਫਿਰ ਉਹਨਾਂ ਕਾਰਨਾਂ ਦੇ ਸਮਰੂਪ ਪੈਦਾ ਹੁੰਦੇ ਪ੍ਰਭਾਵਾਂ, ਉਹਨਾਂ ਪ੍ਰਭਾਵਾਂ ਤੋਂ ਉਪਜੇ ਨਤੀਜਿਆਂ ਦੀ ਟੋਹ ਲੈਂਦਾ ਹੈ।ਇਸ ਕਾਵਿ-ਸਿਰਜਨ ਦੀ ਪ੍ਰਕਿਰਿਆ ਵਿਚ ਉਹਦੀ ਤਰਕਸ਼ੀਲਤਾ ਉੱਤੇ ਸੰਵੇਦਨਸ਼ੀਲਤਾ ਦਾ ਰੰਗ ਚੜ੍ਹਿਆ ਰਹਿੰਦਾ ਹੈ, ਭਾਵਨਾਵਾਂ ਦੇ ਨਿੱਘ, ਲੈਆਤਮਕਤਾ ਦੇ ਕਲਾਵੇ ਦਾ ਸਾਥ ਬਣਿਆ ਰਹਿੰਦਾ ਹੈ। ਕਿਉਂਕਿ ਕਵਿਤਾ ਲਈ ਲਾਜ਼ਮੀ ਹੈ ਕਿ ਉਸ `ਤੇ ਤਰਕਸ਼ੀਲਤਾ ਭਾਰੂ ਹੋ ਕੇ ਉਹਦੇ ਸੁਹਜ ਦੇ ਕਸਾਰੇ ਦਾ ਕਾਰਨ ਨਾ ਬਣੇ। ਉਹਦੇ ਸ਼ੰਘਰਸ਼ੀ ਜੀਵਨ ਨੂੰ ਅਕਸਾਉਂਦੇ ਕਾਵਿ ਵਿਚੋਂ ਇਸ਼ਕ-ਮੁਸ਼ਕ ਵਾਲੀ ਸਭਿਆਚਾਰ ਦੀ ਪਰਿਕਰਮਾ ਨਹੀਂ ਕਰਦੀ ਹੈ। ਉਹਦੀ ਕਵਿਤਾ `ਚੋਂ ਫੁਹੜ ਜਸ਼ਨਾਂ ਦੇ ਕਵਿਤਾ ਮਨਫ਼ੀ ਹੈ। ਇਸੇ ਕਰਕੇ ਉਹਦੀ ਲਗਭਗ ਸਾਰੀ ਕਵਿਤਾ ਰਾਜਨੀਤੀ ਤੇ ਪਸੀਨੇ ਦੀ ਬਦਬੂ ਦੀ ਥਾਂ ਮਿਹਨਤ ਦੇ ਮੁੜ੍ਹਕੇ ਦੀ ਖ਼ੁਸ਼ਬੋ ਆਉਂਦੀ ਹੈ। ਰਾਜਨੀਤੀ ਸਾਡੀ ਜ਼ਿੰਦਗੀ ਦੇ ਹਰ ਪਹਿਲ `ਤੇ ਨਜ਼ਰਅੰਦਾਜ਼ ਹੁੰਦੀ ਹੈ। ਜਨਮ ਤੋਂ ਮਰਨ ਤਕ ਦਾ ਹਰ ਵਰਤਾਰਾ ਰਾਜਨੀਤੀ ਤੋਂ ਪਭਾਵਿਤ ਹੁੰਦਾ ਹੈ। ਸਾਡਾ ਖਾਣ-ਪੀਣ, ਰਹਿਣ-ਸਹਿਣ, ਸਿੱਖਿਆ, ਸਿਹਤ ਗੱਲ ਕੀ ਜੀਣ-ਢੰਗ ਰਾਜਨੀਤੀ ਹੀ ਤੈਅ ਕਰਦੀ ਹੈ। ਕਈਆਂ ਵਿਰੋਧਾਂ, ਅੰਤਰ-ਵਿਰੋਧਾਂ, ਤਤਕਾਲੀਨ ਕਾਵਿ ਰੁਝਾਣਾਂ ਦਾ ਸਾਹਮਣਾ ਕਰਦਿਆਂ ਅਤੇ ਨਾਬਰੀ ਦਾ ਰੁਖ਼ ਲੈਂਦਿਆਂ ਕਵਿਤਾ ਨੂੰ ਨਾਅਰਾ ਬਣਨੋਂ ਬਚਾਉਣਾ ਪੈਂਦਾ ਹੈ। ਕਵਿਤਾ ਦੇ ਕਵਿਤਾ ਹੋਣ `ਤੇ ਪਹਿਰਾ ਦੇਣਾ ਪੈਂਦਾ ਹੈ।
ਹਰਜੀਤ ਸਿੰਘ ਸੰਧੂ ਆਪਣੇ ਦਿਲ ਦੀ ਗੱਲ ਵਿਚ ਲਿਖਦਾ ਹੈ ਕਿ ਮੈਂ ਆਪਣੀ ਕਾਵਿ-ਪੁਸਤਕ ‘ਥੱਕੇ-ਹਾਰੇ ਸ਼ਹਿਰ ਦੀ ਨੀਂਦ’ ਬਾਰੇ ਸੋਚਦਾ ਹਾਂ ਤਾਂ ਇਕ ਭਾਵੀ ਦ੍ਰਿਸ਼ ਮਨ ਦੇ ਚਿਤਰਪਟ ਉੱਤੇ ਆ ਹਾਜ਼ਰ ਹੁੰਦਾ ਹੈ॥ ਜਿਵੇਂ, ਕਿਸੇ ਔਰਤ ਦੇ ਅੰਤਹੀਣ ਤਰਸੇਵੇਂ ਨਾਲ਼ ਭਰੀ ਮਮਤਾ ਨੇ, ਉਮਰ ਦੇ ਚੁਹੱਤਰਵੇਂ ਸਾਲ ਵਿਚ ਪਹੁੰਚ ਕੇ, ਪਲੇਠੀ ਦਾ ਪਿਆਰਾ ਤੇ ਮਾਸੂਮ ਬੱਚਾ ਜੰਮਿਆ ਹੋਵੇ ਤੇ ਉਹਦੀ ਸਾਰੀ ਦੁਨੀਆ ਸਿਮਟ ਕੇ ਉਸੇ ਅੱਖ ਦੇ ਤਾਰੇ ਤਕ ਮਹਿਦੂਦ ਹੋ ਗਈ ਹੋਵੇ। ਸਾਡੇ ਰਾਜਨੀਤਕ ਖੇਤਰ ਤੇ ਸਮਾਜ ਅੰਦਰ ਸਰਮਾਏਦਾਰੀ ਦੀ ਮਾਰ ਹੇਠ ਲੰਗੜੀ ਹੋਈ ਬੁਰੀ ਤਰ੍ਹਾਂ ਪਿਸ ਰਹੀ ਵਿਸ਼ਾਲ ਮੱਧ ਵਰਗ ਦੀ ਸ਼੍ਰੇਣੀ ਦੇ ਜੀਵਨ ਤੇ ਉਸ ਨੇ ਆਪਣੀਆਂ ਕਾਵਿਤਾਵਾਂ ਨੂੰ ਕੇਂਦਰਤ ਕੀਤਾ ਹੈ।
ਵੋਟਾਂ ਦੇ ਪੱਠੇ ਚਰਦੀ
ਨੋਟਾਂ ਦੀ ਜੁਗਾਲ਼ੀ ਕਰਦੀ
ਬੱਝੀ ਹੈ ਫੰਡਰ ਮੱਝ
ਪੂੰਜੀਵਾਦ ਦੇ ਕਿੱਲੇ `ਤੇ
ਮੋਤੀਆਂ ਜੜੇ ਰੰਗ-ਬਰੰਗੇ ਰੱਸਿਆਂ ਨਾਲ਼
ਬਾਕੀ ਤਾਂ ਬਾਅਦ ਵਿਚ
ਪਹਿਲਾਂ ਕਿਉਂ ਨਾ ਹੋਵੇ
ਉਹਨਾਂ ਕਲਮਾਂ ਦਾ ਸਿਰ ਕਲਮ
ਜੋ ਸੱਚ ਲਿਖਣ ਤੋਂ ਡਰਨ
ਆਨੇ-ਬਹਾਨੇ
ਵੱਡੇ ਦਰਬਾਰ ਵਿਚ ਹਾਜ਼ਰੀ ਭਰਨ।
ਕੋਈ ਘਟਨਾ ਘਟਦੀ ਹੈ ਤਾਂ ਉਹ ਉਹਨੂੰ ਉਤੇਜਿਤ ਕਰਦੀ ਹੈ, ਦੁਰਘਟਨਾ ਘਟਦੀ ਹੈ ਤਾਂ ਚਿੰਤਿਤ ਕਰਦੀ ਹੈ। ਉਹ ਆਲ਼ੇ-ਦੁਆਲੇ, ਸਮਾਜ, ਦੇਸ਼, ਅੰਤਰਰਾਸ਼ਟਰ `ਚ ਜੋ ਕੁਝ ਵਾਪਰ ਰਿਹਾ ਹੈ, ਉਸ ਤੋਂ ਬੇਨਿਆਜ਼ ਨਹੀਂ ਰਹਿ ਸਕਦਾ। ਇਹ ਉਹਦੀ ਫ਼ਿਤਰਤ ਹੈ। ਉਹ ਵਾਪਰ ਗਏ ਦੇ ਕਾਰਨਾਂ ਤੇ ਪ੍ਰਭਾਵਾਂ ਨੂੰ ਤਰਕ ਦੀ ਤੱਕੜੀ `ਤੇ ਰੱਖਦਾ ਹੈ। ਕਾਰਨਾਂ ਦੇ ਮੂਲ ਨੂੰ ਪਛਾਨਣ ਵਿਚ ਰੁਚਿਤ ਤੇ ਖਚਿਤ ਹੁੰਦਾ ਹੈ। ਉਹਨਾਂ ਦੀਆਂ ਖ਼ੂਬੀਆਂ-ਖ਼ਾਮੀਆਂ, ਸਮਰੱਥਾਵਾਂ-ਅਸਮਰੱਥਾਵਾਂ, ਜਿਨ੍ਹਾਂ ਵਿਚ ਉਹ ਪੈਦਾ ਹੁੰਦੇ ਹਨ ਉਸ ਜ਼ਮੀਨ, ਦੀ ਗੁਣਵੱਤਾ ਟੋਂਹਦਾ ਹੈ। ਫਿਰ ਉਹਨਾਂ ਕਾਰਨਾਂ ਦੇ ਸਮਰੂਪ ਪੈਦਾ ਹੁੰਦੇ ਪ੍ਰਭਾਵਾਂ, ਉਹਨਾਂ ਪ੍ਰਭਾਵਾਂ ਤੋਂ ਉਪਜੇ ਨਤੀਜਿਆਂ ਦੀ ਟੋਹ ਲੈਂਦਾ ਹੈ। ਇਸ ਪ੍ਰਕਿਰਿਆ ਅਧੀਨ ਉਹ ਆਪਣੇ ਸਮਾਜ-ਸੱਭਿਆਚਾਰਕ ਪਿਛੋਕੜ ਵਿਚ ਪਏ ਮੋਟਿਫ਼ਾਂ ਦੀ ਭਾਲ਼ ਵਿਚ ਨਿਕਲ਼ਦਾ ਹੈ, ਉਹਨਾਂ ਮੋਟਿਫ਼ਾਂ ਨੂੰ ਇਸ ਕਾਰਨ-ਕਾਰਜ ਦੇ ਵਰਤਾਰੇ ਵਿਚ ਜੋੜਦਾ ਤੇ ਜੜਦਾ ਹੈ। ਇਹ ਭਾਵੁਕਤਾ ਦੇ ਪੰਧ `ਤੇ ਤੁਰੀ ਸਮਝ, ਵਿਚਾਰ ਦੇ ਦਰ `ਤੇ ਦਸਤਕ ਦੇਂਦੀ ਹੈ, ਤਾਂ ਕਵਿਤਾ ਉਹਦਾ ਸਵਾਗਤ ਕਰਦੀ ਹੈ। ਇਸ ਕਿਤਾਬ ਦੇ ਕੁਲ ਪੰਨੇ 88, ਕੀਮਤ:- 200ਰੁ/ ਅਤੇ ਪ੍ਰਕਾਸ਼ਕ ਕੈਫ਼ੇ ਵਰਲਡ, ਮੰਡੀ ਕਲਾਂ, ਜਲੰਧਰ, ਬਠਿੰਡਾ ਹੈ।
-1755437156199.jpg)
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.