"ਯੁੱਧ ਨਸ਼ਿਆਂ ਵਿਰੁੱਧ"
ਰੂਪਨਗਰ 'ਚ ਕਾਰਡਨ ਐਂਡ ਸਰਚ ਆਪਰੇਸ਼ਨ ਚਲਾਇਆ
ਬਹਿਰਾਮਪੁਰ ਕਲੋਨੀ ਵਿਖੇ ਐੱਸਐੱਸਪੀ ਖੁਰਾਣਾ ਨੇ ਕੀਤੀ ਅਗਵਾਈ
ਵੱਖ-ਵੱਖ ਥਾਵਾਂ ਤੇ 57.13 ਗ੍ਰਾਮ ਨਸ਼ੀਲੇ ਪਾਊਡਰ ਤੇ 20250 ਐਮ.ਐਲ. ਨਜਾਇਜ਼ ਸ਼ਰਾਬ ਸਮੇਤ 6 ਵਿਅਕਤੀ ਕੀਤੇ ਗ੍ਰਿਫ਼ਤਾਰ
ਬਾਬੂਸ਼ਾਹੀ ਨੈਟਵਰਕ
ਰੂਪਨਗਰ, 18 ਅਗਸਤ, 2025 : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰੂਪਨਗਰ ਰੇਂਜ ਰੂਪਨਗਰ ਸ. ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਜ਼ਿਲ੍ਹਾ ਰੂਪਨਗਰ ਪੁਲਿਸ ਵੱਲੋਂ ਨਸ਼ੇ ਨੂੰ ਵੇਚਣ ਵਾਲਿਆਂ ਵਿਰੁੱਧ ਕਾਰਵਾਈਆਂ ਨਿਰੰਤਰ ਜਾਰੀ ਹਨ। ਰੂਪਨਗਰ ਜ਼ਿਲ੍ਹੇ ਵਿੱਚ ਕਾਰਡਨ ਐਂਡ ਸਰਚ ਓਪਰੇਸ਼ਨ ਚਲਾਇਆ ਗਿਆ, ਬਹਿਰਾਮਪੁਰ ਕਲੋਨੀ ਵਿਖੇ ਇਸ ਸਰਚ ਓਪਰੇਸ਼ਨ ਦੀ ਅਗਵਾਈ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਵੱਲੋਂ ਕੀਤੀ ਗਈ।
ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤੇ ਅੱਜ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ, ਗੈਰ-ਕਾਨੂੰਨੀ ਗਤੀਵਿਧਿਆ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ, ਸਮਾਜ ਵਿਰੋਧੀ ਵਿਵਹਾਰ ਨੂੰ ਜੜੋ ਪੁੱਟਣ ਲਈ ਅਤੇ ਹਾਟਸਪਾਟ ਥਾਵਾਂ ਤੇ ਘੇਰਾਬੰਦੀ ਕਰਕੇ ਵੱਖ-ਵੱਖ ਸਥਾਨਾ ਤੇ ਕਾਰਡਨ ਐਂਡ ਸਰਚ ਓਪਰੇਸ਼ਨ ਚਲਾਇਆ ਗਿਆ, ਜਿਸ ਦਾ ਉਦੇਸ਼ ਨਸ਼ਿਆ ਨੂੰ ਜੜ੍ਹੋਂ ਖਤਮ ਕਰਨਾ ਹੈ ਅਤੇ ਨਸ਼ਿਆਂ ਨੂੰ ਵੇਚਣ ਤੇ ਸਪਲਾਈ ਕਰਨ ਵਾਲੇ ਸਮੱਗਲਰਾਂ ਉਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਵਿੱਚ 3 ਐੱਸਪੀ, 9 ਡੀਐੱਸਪੀ ਅਤੇ 250 ਦੇ ਕਰੀਬ ਮੁਲਾਜਮਾਂ ਵਲੋਂ ਇਹ ਓਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਜਿਨ੍ਹਾਂ ਵਿੱਚ ਪੈਂਦੇ ਬੱਸ ਸਟੈਂਡਾ, ਰੇਲਵੇ ਸਟੇਸ਼ਨਾ ਸ਼ੱਕੀ ਇਲਾਕਿਆਂ ਅਤੇ ਮਹੱਤਵਪੂਰਨ ਪਬਲਿਕ ਸਥਾਨਾ ਦੀ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਐਨ.ਡੀ.ਪੀ.ਐਸ. ਐਕਟ ਤਹਿਤ 04 ਮੁਕੱਦਮੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 06 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ 57.13 ਗ੍ਰਾਮ ਨਸ਼ੀਲਾ ਪਾਊਡਰ ਅਤੇ 20250 ਐਮ.ਐਲ. ਨਜਾਇਜ਼ ਸ਼ਰਾਬ ਠੇਕਾ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 65 ਸ਼ੱਕੀ ਵਹੀਕਲਾਂ ਨੂੰ ਚੈੱਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਬਰਾਮਦਗੀ ਕੀਤੀ ਜਾ ਰਹੀ ਹੈ। ਕਿਸੇ ਵੀ ਸ਼ਰਾਰਤੀ ਅਤੇ ਮਾੜੇ ਅਨਸਰ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਜ਼ਿਲ੍ਹੇ ਦੇ ਅੰਦਰ ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਕਾਇਮ ਰੱਖਿਆ ਜਾਵੇਗਾ। ਰੂਪਨਗਰ ਪੁਲਿਸ ਵਲੋਂ ਵਿੱਢੀ ਮੁਹਿੰਮ ਨੂੰ ਭਵਿੱਖ ਵਿੱਚ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਐਸ.ਪੀ. ਅਰਵਿੰਦ ਮੀਨਾ, ਡੀ.ਐਸ.ਪੀ ਰਾਜਪਾਲ ਸਿੰਘ ਗਿੱਲ, ਐਸ.ਐੱਚ.ਓ ਪਵਨ ਚੌਧਰੀ ਅਤੇ ਹੋਰ ਪੁਲਿਸ ਕਰਮੀ ਹਾਜ਼ਰ ਸਨ।