ਸਤਲੁਜ ਦਰਿਆ 'ਚ ਹੜ੍ਹ: ਗੋਤਾਖੋਰ ਕਮਲਪ੍ਰੀਤ ਸੈਣੀ ਮੁਫ਼ਤ ਸੇਵਾਵਾਂ ਲਈ ਅੱਗੇ ਆਇਆ
ਸ੍ਰੀ ਕੀਰਤਪੁਰ ਸਾਹਿਬ (ਰੂਪਨਗਰ): ਜ਼ਿਲ੍ਹਾ ਰੂਪਨਗਰ ਵਿੱਚ ਬੇਸਹਾਰਾ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਗੋਤਾਖੋਰ ਕਮਲਪ੍ਰੀਤ ਸਿੰਘ ਸੈਣੀ ਨੇ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਲਈ ਆਪਣੀਆਂ ਸੇਵਾਵਾਂ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਉਸ ਨੇ ਦੱਸਿਆ ਕਿ ਕੋਈ ਵੀ ਵਿਅਕਤੀ, ਜਿਸ ਨੂੰ ਹੜ੍ਹਾਂ ਦੌਰਾਨ ਜਾਨ-ਮਾਲ ਦੀ ਮਦਦ ਦੀ ਲੋੜ ਹੋਵੇ, ਉਹ ਉਸ ਨਾਲ ਮੋਬਾਈਲ ਨੰਬਰ 9501696502 'ਤੇ ਸੰਪਰਕ ਕਰ ਸਕਦਾ ਹੈ। ਉਹ ਆਪਣੀ ਟੀਮ ਨਾਲ ਮੋਟਰ ਕਿਸ਼ਤੀ ਰਾਹੀਂ ਤੁਰੰਤ ਮਦਦ ਲਈ ਪਹੁੰਚਣਗੇ।
ਕਮਲਪ੍ਰੀਤ ਸੈਣੀ ਦਾ ਸਮਾਜ ਸੇਵਾ ਦਾ ਜਜ਼ਬਾ
ਕਮਲਪ੍ਰੀਤ ਸੈਣੀ ਨੇ ਆਪਣੀ ਮਾਂ ਦੀ ਸਿੱਖਿਆ 'ਤੇ ਚੱਲਦਿਆਂ, ਲੋੜਵੰਦਾਂ ਦੀ ਮਦਦ ਨੂੰ ਆਪਣਾ ਜੀਵਨ ਮਕਸਦ ਬਣਾਇਆ ਹੈ। ਉਹ ਹੁਣ ਤੱਕ ਨਹਿਰਾਂ ਵਿੱਚੋਂ 1,000 ਤੋਂ ਵੱਧ ਮ੍ਰਿਤਕ ਦੇਹਾਂ ਨੂੰ ਕੱਢ ਕੇ ਉਨ੍ਹਾਂ ਦਾ ਸਸਕਾਰ ਕਰਵਾ ਚੁੱਕਾ ਹੈ। ਇਸ ਤੋਂ ਇਲਾਵਾ, ਉਸ ਨੇ ਲੋਕਾਂ ਦੇ ਘਰਾਂ ਵਿੱਚੋਂ 10,000 ਸੱਪ ਕੱਢ ਕੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਹਨ ਅਤੇ 10,000 ਤੋਂ ਵੱਧ ਲੋੜਵੰਦਾਂ ਦੀ ਮਦਦ ਕੀਤੀ ਹੈ।
ਭਾਵੇਂ ਕਿ ਕਮਲਪ੍ਰੀਤ ਸੈਣੀ ਖੁਦ ਇੱਕ ਬੇਰੋਜ਼ਗਾਰ ਅਤੇ ਲੋੜਵੰਦ ਵਿਅਕਤੀ ਹੈ, ਪਰ ਉਸ ਦਾ ਸਮਾਜ ਸੇਵਾ ਦਾ ਜਜ਼ਬਾ ਅਤੇ ਹਿੰਮਤ ਕਿਸੇ ਰਾਜੇ ਤੋਂ ਘੱਟ ਨਹੀਂ ਹੈ। ਉਹ ਹਮੇਸ਼ਾ ਆਪਣੇ ਇਲਾਕੇ ਦੇ ਲੋਕਾਂ ਲਈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਾ ਹੈ, ਪਰ ਸਰਕਾਰੀ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਵੱਲੋਂ ਉਸ ਨੂੰ ਕੋਈ ਮਾਲੀ ਮਦਦ ਨਹੀਂ ਮਿਲੀ। ਭਾਵੇਂ ਵੱਖ-ਵੱਖ ਪਿੰਡਾਂ ਵਿੱਚ ਉਸਦਾ ਸਨਮਾਨ ਕੀਤਾ ਜਾਂਦਾ ਹੈ, ਪਰ ਉਸਦੀ ਵਿੱਤੀ ਸਹਾਇਤਾ ਲਈ ਕੋਈ ਅੱਗੇ ਨਹੀਂ ਆਉਂਦਾ।
ਕਮਲਪ੍ਰੀਤ ਦੀ ਮਾਂ, ਜੋ ਕਿ ਖੁਦ ਸਰੀਰਕ ਤੌਰ 'ਤੇ ਅਸਮਰੱਥ ਹੈ, ਆਪਣੇ ਪੁੱਤਰ 'ਤੇ ਮਾਣ ਕਰਦੀ ਹੈ, ਕਿਉਂਕਿ ਉਸ ਦੀਆਂ ਲੱਤਾਂ ਅਤੇ ਬਾਹਾਂ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੀਆਂ ਹਨ।