ਸਿਹਤ ਵਿਭਾਗ ਨਥਾਣਾ ਦੀ ਟੀਮ ਨੇ ਟੀ.ਬੀ. ਸਬੰਧੀ ਜਾਗਰੂਕਤਾ ਮੁਹਿੰਮ ਚਲਾਈ
ਅਸ਼ੋਕ ਵਰਮਾ
ਨਥਾਣਾ, 20 ਅਗਸਤ2025:ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਟੀ.ਬੀ ਦੇ ਮਰੀਜ਼ਾਂ ਨੂੰ ਇਲਾਜ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ। ਸਿਵਲ ਸਰਜਨ ਡਾ. ਤਪਿੰਦਰਜੋਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਵਦੀਪ ਕੌਰ ਸਰਾਂ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨਥਾਣਾ ਵੱਲੋਂ ਟੀ.ਬੀ. ਮਰੀਜ਼ਾਂ ਲਈ ਪਿੰਡ ਗੋਬਿੰਦਪੁਰਾ ਵਿਖੇ ਜਾਗਰੂਕਤਾ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਾਲਣਯੋਗ ਜ਼ਰੂਰੀ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਗਈ। ਸਿਹਤ ਵਿਭਾਗ ਦੀ ਟੀਮ ਬਲਾਕ ਐਕਸਟੈਂਸ਼ਨ ਐਜੂਕੇਟਰ ਪਵਨਜੀਤ ਕੌਰ, ਸੀ.ਐਚ.ਓ ਦੀਪਮਾਲਾ, ਆਸ਼ਾ ਵਰਕਰ ਸਰਬਜੀਤ ਕੌਰ ਤੇ ਰਣਧੀਰ ਕੌਰ ਵੱਲੋਂ ਟੀ ਬੀ ਦੇ ਮਰੀਜ਼ਾਂ ਦੇ ਘਰਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਜ਼ੋਰ ਦਿੰਦਿਆਂ ਕਿ ਟੀਬੀ ਪੂਰੀ ਤਰ੍ਹਾਂ ਠੀਕ ਹੋਣ ਵਾਲੀ ਬਿਮਾਰੀ ਹੈ, ਪਰ ਇਸ ਲਈ ਮਰੀਜ਼ਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਟੀਬੀ ਮਰੀਜ਼ ਆਪਣੀਆਂ ਦਵਾਈਆਂ ਸਮੇਂ ’ਤੇ ਅਤੇ ਨਿਯਮਿਤ ਤੌਰ ’ਤੇ ਲੈਣ, ਇਲਾਜ ਦਾ ਪੂਰਾ ਕੋਰਸ ਪੂਰਾ ਕਰਨ, ਖੁਰਾਕ ਵਿੱਚ ਪੋਸ਼ਟਿਕ ਭੋਜਨ ਸ਼ਾਮਲ ਕਰਨ ਅਤੇ ਨਿੱਜੀ ਸਫ਼ਾਈ ਦਾ ਖਾਸ ਧਿਆਨ ਰੱਖਣ। ਇਸ ਦੇ ਨਾਲ ਹੀ, ਖੰਘਣ ਜਾਂ ਛਿੱਕਣ ਸਮੇਂ ਰੁਮਾਲ ਦੀ ਵਰਤੋਂ ਕਰਨ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਵੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁੱਲ੍ਹੇ ਵਿਚ ਥੁੱਕਣਾ ਨਹੀਂ ਚਾਹੀਦਾ। ਆਪਣੇ ਪਰਿਵਾਰਕ ਮੈਂਬਰਾਂ ਨੂੰ ਲਾਗ ਫੈਲਣ ਤੋਂ ਬਚਾਉਣ ਲਈ ਆਪਣੇ ਵਰਤਣ ਵਾਲੀਆਂ ਵਸਤਾਂ ਜਾਂ ਕੱਪੜਿਆਂ ਨੂੰ ਅਲੱਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਜਾਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਬੀੜੀ ਸਿਗਰਟ ਆਦਿ ਪਰਹੇਜ਼ ਕਰਨਾ ਚਾਹੀਦਾ ਹੈ।ਆਪਣੇ ਸੌਣ ਵਾਲੀ ਜਾਂ ਰਹਿਣ ਦੀ ਜਗ੍ਹਾ ਚੰਗੀ ਤਰਾਂ ਹਵਾਦਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਿਹਤ ਟੀਮ ਨੇ ਮਰੀਜ਼ਾਂ ਨੂੰ ਚੰਗੀ ਤਰ੍ਹਾਂ ਹੱਥਾਂ ਦੀ ਸਫ਼ਾਈ ਰੱਖਣ, ਬਲਗਮ ਨੂੰ ਧਰਤੀ ਵਿੱਚ ਟੋਆ ਪੁੱਟ ਕੇ ਦੱਬਣਅਤੇ ਕੱਪੜਿਆਂ ਨੂੰ ਵੱਖਰੇ ਅਤੇ ਗਰਮ ਪਾਣੀ ਨਾਲ ਧੋਣ ਦਾ ਸੱਦਾ ਦਿੱਤਾ। ਇਸ ਮੌਕੇ ਪਰਿਵਾਰ ਦੇ ਮੈਂਬਰਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਪਹੁੰਚ ਕੇ ਟੀ ਬੀ ਨਾਲ ਸੰਬੰਧਿਤ ਟੈਸਟ ਮੁਫਤ ਕਰਵਾਉਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਟੀਬੀ ਦਾ ਇਲਾਜ ਮੁਫ਼ਤ ਉਪਲਬਧ ਹੈ ਅਤੇ ਸਮੇਂ ਸਿਰ ਇਲਾਜ ਨਾਲ ਇਹ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਇਸ ਮੌਕੇ ਲੋਕਾਂ ਨੂੰ ਟੀਬੀ ਬਾਰੇ ਵੱਧ ਤੋਂ ਵੱਧ ਜਾਗਰੂਕ ਹੋਣ ਅਤੇ ਹੋਰਾਂ ਨੂੰ ਵੀ ਇਸ ਬਾਰੇ ਸੂਚਿਤ ਕਰਨ ਦੀ ਅਪੀਲ ਕੀਤੀ ਗਈ।