ਪੰਜਾਬ ਸਰਕਾਰ 5000 ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਦੀ ਭਰਤੀ ਕਰੇਗੀ - MLA ਰੰਧਾਵਾ
435 ਆਂਗਣਵਾੜੀ ਹੈਲਪਰਾਂ ਨੂੰ ਤਰੱਕੀ ਦੇ ਕੇ ਬਣਾਇਆ ਆਂਗਣਵਾੜੀ ਵਰਕਰ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 11 ਅਗਸਤ - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਅਗਲੇ ਮਹੀਨੇ ਤੋਂ 5000 ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਦੀਆਂ ਖ਼ਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਭਰਤੀ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰੋਲ ਮੈਰਿਟ ਦੇ ਆਧਾਰ ‘ਤੇ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਇਹ ਭਰਤੀ ਪ੍ਰਕਿਰਿਆ 30 ਸਤੰਬਰ ਤੋਂ ਪਹਿਲਾਂ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਕੰਮ ਕਰ ਰਹੀਆਂ 435 ਆਂਗਣਵਾੜੀ ਹੈਲਪਰਾਂ ਨੂੰ ਤਰੱਕੀ ਦੇ ਕੇ ਆਂਗਣਵਾੜੀ ਵਰਕਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੁਰਾਣੇ ਸਮੇਂ ਤੋਂ ਸੇਵਾ ਨਿਭਾ ਰਹੀਆਂ 10ਵੀਂ ਪਾਸ ਆਂਗਣਵਾੜੀ ਹੈਲਪਰਾਂ, ਜਿਨ੍ਹਾਂ ਕੋਲ 10 ਸਾਲ ਦਾ ਤਜਰਬਾ ਹੈ, ਨੂੰ ਵੀ ਬਤੌਰ ਵਰਕਰ ਤਰੱਕੀ ਦੇਣ ਲਈ ਵਿਭਾਗ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਇਹ ਤਰੱਕੀਆਂ ਇਸ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਲਗਾਤਾਰ ਉਪਰਾਲਿਆਂ ਨਾਲ ਮਹਿਲਾਵਾਂ ਨੂੰ ਆਰਥਿਕ ਤੇ ਸਮਾਜਿਕ ਮਜ਼ਬੂਤੀ ਮਿਲ ਰਹੀ ਹੈ, ਜਿਸ ਨਾਲ ਉਹ ਆਪਣੇ ਪਰਿਵਾਰ ਅਤੇ ਸਮਾਜ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਹੈ। ਇਸ ਤਹਿਤ ਡਿਊਟੀ ਦੌਰਾਨ ਪੱਕੇ ਤੌਰ ‘ਤੇ ਅਪੰਗ ਹੋਈਆਂ ਜਾਂ ਕਿਸੇ ਜਾਨਲੇਵਾ ਬਿਮਾਰੀ ਨਾਲ ਪੀੜਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਆਸ਼ਰਿਤਾਂ ਨੂੰ ਵਿਸ਼ੇਸ਼ ਮੌਕੇ ਤਹਿਤ ਨੌਕਰੀ ਦੇਣ ਲਈ ਪ੍ਰਕਿਰਿਆ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਸਬੰਧ ਵਿੱਚ ਰਾਜ ਸਰਕਾਰ ਵੱਲੋਂ ਸਾਰੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀਆਂ ਨੂੰ 31 ਅਗਸਤ 2025 ਤੋਂ ਪਹਿਲਾਂ ਪੁਰਾਣੇ ਪੈਂਡਿੰਗ ਆਸ਼ਰਿਤ ਕੇਸਾਂ ਅਤੇ ਬਦਲੀਆਂ ਦੇ ਕੇਸਾਂ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਗਏ ਹਨ।