ਪੰਜਾਬ ਦੇ ਕਈ ਪਿੰਡ ਹੜ੍ਹ ਦੀ ਲਪੇਟ 'ਚ; ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਿਆ, ਬੰਨ੍ਹ ਟੁੱਟਿਆ
ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਕੀਤਾ ਮੰਡ ਖੇਤਰ ਦਾ ਦੌਰਾ
ਪੋਕਲੈਂਡ ਮਸੀਨਾਂ ਨਾਲ ਦੇਰ ਰਾਤ ਤੱੱਕ ਆਰਜੀ ਬੰਨ ਵਿੱਚ ਪਏ ਪਾੜ ਨੂੰ ਪੂਰੇ ਜਾਣ ਦੀ ਉਮੀਦ-ਨੰਬਰਦਾਰ ਸਾਂਗਰਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 11 ਅਗਸਤ 2025- ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਇੱਕਦਮ ਵੱਧ ਜਾਣ ਕਾਰਨ ਅੱਜ ਸਵੇਰੇ ਮੰਡ ਬਾਊਪੁਰ ਜਦੀਦ ਨਜ਼ਦੀਕ ਪਿੰਡ ਭੈਣੀ ਬਹਾਦਰ ਤੇ ਆਰਜੀ ਬੰਨ ਟੁੱਟ ਗਿਆ।
ਜਿਸ ਨਾਲ ਮੰਡ ਖੇਤਰ ਦੇ ਕਰੀਬ 16 ਪਿੰਡਾਂ ਬਾਊਪੁਰ, ਸਾਗਰਾਂ ,ਭੈਣੀ ਬਹਾਦਰ, ਭੈਣੀ ਕਾਦਰ ਬਖਸ਼, ਰਾਮਪੁਰ ਗੋਰੇ ,ਮਹੰਮਦਾਬਾਦ, ਮੰਡ ਗੁਜਰਪੁਰ, ਬਾਊਪੁਰ ਕਦੀਮ ਆਦਿ ਕਈ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਝੋਨੇ ਦੀ ਹਜ਼ਾਰਾਂ ਏਕੜ ਫਸਲ ਡੁੱਬਣ ਦੇ ਨਾਲ ਪਾਣੀ ਨੇ ਪਿੰਡਾਂ ਵਿੱਚ ਦਾਖਲ ਹੋ ਕੇ ਘਰਾਂ ਨੂੰ ਵੀ ਘੇਰ ਲਿਆ।
ਪਾਣੀ ਦੇ ਘਰਾਂ ਵਿੱਚ ਦਾਖਲ ਹੋਣ ਤੇ ਪਿੰਡ ਵਾਸੀ ਸਮਾਨ ਅਤੇ ਟਰਾਲੀਆਂ ਤੇ ਕਿਤੇ ਸੁਰੱਖਿਆ ਥਾਂ ਤੇ ਜਾਣਾ ਸ਼ੁਰੂ ਹੋ ਗਏ। ਮੰਡ ਖੇਤਰ ਦੇ ਪ੍ਰਮੁੱਖ ਕਿਸਾਨ ਆਗੂ ਪਰਮਜੀਤ ਸਿੰਘ ਬਾਊਪਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਦਿਨ ਰਾਤ ਇੱਕ ਕਰਕੇ ਬੰਨਾ ਦੇ ਉੱਪਰ ਖੁਦ ਮਿੱਟੀ ਪਾ ਕੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਅਖੀਰ ਕੁਦਰਤ ਦੇ ਅੱਗੇ ਬੇਵਸ ਹੋ ਗਏ ਅਤੇ ਪਾਣੀ ਦੇ ਤੇਜ਼ ਵਹਾਅ ਨੇ ਬੰਨ ਨੂੰ ਤੋੜ ਦਿੱਤਾ ਜਿਸ ਕਾਰਨ ਪਾਣੀ ਤੇਜੀ ਨਾਲ ਪਿੰਡਾਂ ਵਿੱਚ ਤੇ ਝੋਨੇ ਦੀ ਫਸਲ ਵੱਲ ਵਹਿਣ ਲੱਗ ਪਿਆ।
ਕਿਸਾਨ ਆਗੂ ਪਰਮਜੀਤ ਬਾਊਪੁਰ ਨੇ ਦੱਸਿਆ ਕਿ ਜਿਨਾਂ ਲੋਕਾਂ ਦੇ ਮਕਾਨ ਪਾਣੀ ਨਾਲ ਘਿਰ ਗਏ ਹਨ ਉਹਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਝੋਨੇ ਦੀ ਫਸਲ ਤੋਂ ਇਲਾਵਾ ਹਰਾ ਚਾਰਾ ਤੇ ਸਬਜ਼ੀਆਂ ਵੀ ਹੜ ਦੇ ਪਾਣੀ ਵਿੱਚ ਡੁੱਬ ਗਈਆਂ ਹਨ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਰੀਕੇ ਹੈਡ ਤੋਂ ਜਲਦ ਪਾਣੀ ਨੂੰ ਰਿਲੀਜ਼ ਕਰਵਾ ਕੇ ਮੰਡ ਖੇਤਰ ਦੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।ਇਸ ਮੌਕੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਹੁਕਮਾਂ ਤੇ ਅੱਜ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਬਾਊਪੁਰ ਜਦੀਦ ਦੇ ਕੋਲ ਐਡਵਾਂਸ ਬੰਨ ਟੁੱਟਣ ਕਾਰਨ ਪੈਦਾ ਹੋਈ ਸਥਿਤੀ ਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆ ਦਿੱਤੀ ਹੈ। ਸੰਗਤਾਂ ਵੱਲੋਂ ਦਰੱਖਤਾਂ ਨੂੰ ਪੁੱਟ ਕੇ ਦਰਿਆ ਦੇ ਕੰਢਿਆਂ ਤੇ ਰੱਖਿਆ ਜਾ ਰਿਹਾ ਹੈ ਤਾਂ ਕਿ ਪਾਣੀ ਦੀ ਮਾਰ ਹੇਠਾਂ ਹੋਰ ਫਸਲ ਨੂੰ ਬਚਾਇਆ ਜਾ ਸਕੇ।
ਅੱਜ ਸਵੇਰੇ ਮੰਡ ਖੇਤਰ ਬਾਊਪੁਰ ਦੇ ਨਜ਼ਦੀਕ ਪਿੰਡ ਭੈਣੀ ਬਹਾਦਰ ਤੋਂ ਬੰਨ ਟੁੱਟਣ ਦੇ 16 ਪਿੰਡਾਂ ਵਿੱਚ ਪੈਦਾ ਹੋਈ ਹੜ ਵਰਗੀ ਸਥਿਤੀ ਦਾ ਜਾਇਜਾ ਲੈਣ ਲਈ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਤੁਰੰਤ ਮੌਕੇ ਤੇ ਪੁੱਜੇ ਅਤੇ ਉਹਨਾਂ ਨੇ ਤੁਰੰਤ ਦੋ ਪੋਕ ਲੇਨ ਮਸ਼ੀਨਾਂ ਤੋਂ ਇਲਾਵਾ ਮਿੱਟੀ ਦੇ ਬੋਰੇ ਉਪਲਬਧ ਕਰਵਾ ਕੇ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ। ਵਿਧਾਇਕ ਰਾਣਾ ਵੱਲੋਂ ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਐਸਡੀਐਮ ਸੁਲਤਾਨਪੁਰ ਲੋਧੀ ਅਲਕਾ ਕਾਲੀਆ , ਡ੍ਰੇਨੇਜ ਵਿਭਾਵ ਦੇ ਅਧਿਕਾਰੀਆਂ ਨਾਲ ਵੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਪੁੱਛਿਆ। ਉਹਨਾਂ ਨੇ ਤੁਰੰਤ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਨਾਲ ਵੀ ਫੋਨ ਤੇ ਗੱਲਬਾਤ ਕਰਕੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤੇ ਹਰੀਕੇ ਹੈਡ ਤੋਂ ਚੱਲ ਰਹੇ ਪਾਣੀ ਦੀ ਕਿਊਸਿਕ ਮਾਤਰਾ ਬਾਰੇ ਵੀ ਜਾਣਕਾਰੀ ਲਈ। ਉਹਨਾਂ ਡੀਸੀ ਕਪੂਰਥਲਾ ਨੂੰ ਹਰੀਕੇ ਹੈਡ ਤੋਂ ਸਮੇਂ ਸਮੇਂ ਤੇ ਪਾਣੀ ਰਿਲੀਜ਼ ਕਰਨ ਲਈ ਵੀ ਕਿਹਾ। ਉਹਨਾਂ ਨੇ ਕਿਸਾਨਾਂ ਨੂੰ ਆਪਣੀ ਤਰਫੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਉਨਾਂ ਨਾਲ ਸੁਖਜਿੰਦਰ ਸਿੰਘ ਲੋਧੀਵਾਲ, ਗੁਰਦੀਪ ਸਿੰਘ ਸ਼ਹੀਦ ,ਕੁਲਦੀਪ ਸਿੰਘ ਸਾਗਰਾਂ ਸਰਪੰਚ ਗੁਰਮੀਤ ਸਿੰਘ ਬਾਊਪੁਰ ਵੀ ਹਾਜ਼ਰ ਸਨ।ਮੰਡ ਬਾਊਪੁਰ ਜਦੀਦ ਨਜ਼ਦੀਕ ਅਡਵਾਂਸ ਬੰਨ ਟੁੱਟਣ ਤੇ ਪੈਦਾ ਹੋਈ ਹੜ ਦੀ ਸਥਿਤੀ ਬਾਰੇ ਮੌਕੇ ਤੇ ਜਾ ਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੰਡ ਬਾਊਪੁਰ ਦਾ ਦੌਰਾ ਕੀਤਾ। ਉਹਨਾਂ ਵੇਖਿਆ ਕਿ ਮੰਡ ਬਾਊਪੁਰ ਵਿਖੇ ਬੰਨ ਵਿੱਚ ਪਾੜ ਪੈਣ ਕਾਰਨ ਬਹੁਤ ਵੱਡੀ ਗਿਣਤੀ ਵਿੱਚ ਇਲਾਕਾ ਹੜ ਦੀ ਮਾਰ ਹੇਠਾਂ ਆ ਗਿਆ ਹੈ ਤੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਰਹੀ ਹੈ। ਇਸ ਮੌਕੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਹਰ ਮੁਸ਼ਕਿਲ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਉਹਨਾਂ ਨਾਲ ਕਿਸਾਨ ਆਗੂ ਅਮਰ ਸਿੰਘ ਮੰਡ, ਸੁਖ ਬੂਲੇ ,ਨਰਿੰਦਰ ਪੰਨੂ ਬਲਾਕ ਪ੍ਰਧਾਨ, ਨਵ ਸੇਖੋਂ ਕੁਆਡੀਨੇਟਰ ਦੋਆਬਾ ਜੋਨ ਕਾਂਗਰਸ, ਗੁਰਮੇਜ਼ ਸਿੰਘ ਪੰਚ, ਚਰਨਜੀਤ ਸ਼ਰਮਾ, ਬਖਸ਼ੀਸ਼ ਸਿੰਘ ਮੈਂਬਰ, ਮਾਸਟਰ ਗੁਰਮੀਤ ਸ਼ਾਹ, ਹਰਦੀਪ ਸਿੰਘ ਗੱਟੀ ਆਦਿ ਹਾਜ਼ਰ ਸਨ। ਖਬਰ ਲਿਖੇ ਜਾਣ ਸਮੇੰ ਮੰਡ ਖੇਤਰ ਦੇ ਕਿਸਾਨ ਆਗੂਆਂ ਨੰਬਰਦਾਰ ਕੁਲਦੀਪ ਸਿੰਘ ਸਾਂਗਰਾ, ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਆਰਜੀ ਬੰਨ ਨੂੰ ਬੰਦ ਕਰਨ ਲਈ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ। ਵਿਧਾਇਕ ਰਾਣਾ ਇੰਦਰਪਰਤਾਪ ਸਿੰਘ ਵੱਲੋਂ ਭੇਜੀਆਂ ਦੋ ਪੋਕ ਲੈਂਡ ਮਸੀਨਾਂ ਨਾਲ ਰਿੰਗ ਬੰਨ ਬਣਾਇਆ ਜਾ ਰਿਹਾ ਹੈ, ਜੋ ਦੇਰ ਰਾਤ ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ ਪੋਕਲੈਂਡ ਮਸੀਨਾਂ ਹੋਰ ਆ ਰਹੀਆਂ ਹਨ। ਜੇਕਰ ਦੇਰ ਰਾਤ ਤੱਕ ਆਰਜੀ ਬੰਨ ਵਿੱਚ ਪਏ ਪਾੜ ਨੂੰ ਪੂਰਾ ਕਰ ਲਿਆ ਗਿਆ ਤਾਂ 16 ਪਿੰਡਾਂ ਦੀ ਹਜਾਰਾਂ ਏਕੜ ਝੋਨੇ ਦੀ ਫਸਲ ਬਚ ਜਾਵੇਗੀ।