ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ 'ਤੇ ਪੁੱਜਾ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 11 ਅਗਸਤ 2025- ਹਿਮਾਚਲ ਪ੍ਰਦੇਸ ਵਿਚ ਲਗਾਤਾਰ ਹੋ ਰਹੀ ਬਾਰਸ਼ ਅਤੇ ਬੱਦਲ ਫਟਣ ਦੀਆ ਹੋ ਰਹੀਆਂ ਘਟਨਾਵਾਂ ਕਾਰਨ ਬਿਆਸ ਦਰਿਆ ਦਾ ਪਾਣੀ ਇਕ ਦਮ ਵੱਧ ਕੇ 740 ਦੇ ਖ਼ਤਰੇ ਦੇ ਨਿਸ਼ਾਨ ਤੇ ਪੁੱਜ ਗਿਆ ਹੈ ਜਿਸ ਨਾਲ ਦਰਿਆ ਨੇੜਲੇ ਪਿੰਡਾ ਅਤੇ ਖੇਤਾਂ ਵਿਚ ਪਾਣੀ ਭਰ ਗਿਆ ਹੈ। ਐੱਸ ਡੀ ਐੱਮ ਬਾਬਾ ਬਕਾਲਾ ਸਾਹਿਬ ਅਮਨਦੀਪ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਦਾ ਪਾਣੀ ਜਿਸ ਵਕਤ 740 ਤੇ ਪੁੱਜ ਜਾਂਦਾ ਹੈ ਉਸ ਵਕਤ ਯੈਲੋ ਅਲਰਟ ਐਲਾਨ ਦਿੱਤਾ ਜਾਂਦਾ ਹੈ ਪਰ ਇਰੀਗੇਸ਼ਨ ਵਿਭਾਗ ਦੀ ਰਿਪੋਰਟ ਅਨੁਸਾਰ ਅਜੇ ਅਜਿਹਾ ਨਹੀਂ ਕੀਤਾ ਗਿਆ।
ਕਿਉਂਕਿ ਅੱਜ ਸਾਮ ਤੱਕ ਪਾਣੀ ਘਟਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਭਾਵੇਂ ਕਿਸੇ ਪ੍ਰਕਾਰ ਦਾ ਕੋਈ ਖ਼ਤਰਾ ਦਿਖਾਈ ਨਹੀਂ ਦੇ ਰਿਹਾ ਫਿਰ ਵੀ ਪ੍ਰਸ਼ਾਸਨ ਦੀਆ ਟੀਮਾਂ ਤਿਆਰ ਬੈਠੀਆਂ ਹਨ। ਐੱਸ ਡੀ ਐੱਮ ਦਫ਼ਤਰ ਵਿਚ ਹੜ੍ਹ ਸਬੰਧੀ ਕੰਟਰੋਲ ਰੂਮ ਬਣਾਇਆ ਗਿਆ ਹੈ ਜਿੱਥੇ ਤਿੰਨ ਸ਼ਿਫ਼ਟਾਂ ਵਿਚ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਹੜ੍ਹ ਦੀ ਸਥਿਤੀ ਉਤਪੰਨ ਹੁੰਦੀ ਹੈ ਤਾਂ ਭਲੋਜਲਾ,ਕੋਟ ਮਹਿਤਾਬ, ਧਾਲੀਵਾਲ ਬੇਟ, ਮਿਆਣੀ, ਚੌਧਰੀ ਵਾਲ ਪਿੰਡਾ ਨੂੰ ਖ਼ਤਰਾ ਹੋ ਸਕਦਾ ਹੈ।