ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਤੇ ਕਰਨ ਔਜਲਾ ਮਹਿਲਾ ਕਮਿਸ਼ਨ ਸਾਹਮਣੇ ਨਹੀਂ ਹੋਏ ਪੇਸ਼
ਹਨੀ ਸਿੰਘ ਅਤੇ ਕਰਨ ਔਜਲਾ ਨੇ ਮਹਿਲਾ ਕਮਿਸ਼ਨ ਤੋਂ ਫੋਨ 'ਤੇ ਮੰਗੀ ਮੁਆਫ਼ੀ
ਰਵੀ ਜੱਖੂ
ਚੰਡੀਗੜ੍ਹ: ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਅਤੇ ਕਰਨ ਔਜਲਾ ਅੱਜ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ। ਦੋਵਾਂ ਗਾਇਕਾਂ ਨੇ ਫ਼ੋਨ 'ਤੇ ਕਮਿਸ਼ਨ ਤੋਂ ਮੁਆਫ਼ੀ ਮੰਗੀ ਹੈ ਅਤੇ ਪੇਸ਼ ਹੋਣ ਲਈ 15 ਦਿਨਾਂ ਦਾ ਸਮਾਂ ਮੰਗਿਆ ਹੈ।
ਗੀਤਾਂ 'ਚ ਔਰਤਾਂ ਖਿਲਾਫ਼ ਵਰਤੀ ਭਾਸ਼ਾ 'ਤੇ ਨੋਟਿਸ
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੋਵਾਂ ਗਾਇਕਾਂ ਨੂੰ ਉਨ੍ਹਾਂ ਦੇ ਗੀਤਾਂ ਵਿੱਚ ਔਰਤਾਂ ਵਿਰੁੱਧ ਵਰਤੀ ਗਈ ਇਤਰਾਜ਼ਯੋਗ ਭਾਸ਼ਾ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਸੀ। ਰਾਜ ਲਾਲੀ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀ ਹਨੀ ਸਿੰਘ ਅਤੇ ਕਰਨ ਔਜਲਾ ਨਾਲ ਫੋਨ 'ਤੇ ਗੱਲ ਹੋਈ ਹੈ।
ਮੁਆਫ਼ੀ ਅਤੇ ਸ਼ਬਦ ਹਟਾਉਣ ਦਾ ਭਰੋਸਾ
ਗਿੱਲ ਅਨੁਸਾਰ, ਦੋਵਾਂ ਗਾਇਕਾਂ ਨੇ ਕਿਹਾ ਕਿ ਉਹ ਇਸ ਸਮੇਂ ਵਿਦੇਸ਼ ਵਿੱਚ ਹਨ, ਅਤੇ ਉਨ੍ਹਾਂ ਨੇ ਆਪਣੇ ਗੀਤਾਂ ਵਿੱਚ ਵਰਤੇ ਗਏ ਗਲਤ ਸ਼ਬਦਾਂ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਉਹ ਜਲਦ ਹੀ ਆਪਣੇ ਗੀਤਾਂ ਵਿੱਚੋਂ ਔਰਤਾਂ ਖਿਲਾਫ਼ ਵਰਤੇ ਗਏ ਇਤਰਾਜ਼ਯੋਗ ਸ਼ਬਦ ਹਟਾ ਦੇਣਗੇ।