Flood Alert : ਹਰੀਕੇ ਹੈੱਡ ਵਰਕਸ ਤੋਂ ਛੱਡਿਆ ਗਿਆ ਪਾਣੀ, ਪੜ੍ਹੋ ਪੂਰੀ ਖ਼ਬਰ
ਬਲਜੀਤ ਸਿੰਘ
ਤਰਨ ਤਾਰਨ, 11 ਅਗਸਤ, 2025 – ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਪੋਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ ਬਿਆਸ ਦਰਿਆ ਵਿੱਚ ਪਾਣੀ ਦੀ ਮਾਤਰਾ 1 ਲੱਖ ਕਿਊਸਿਕ ਤੱਕ ਪਹੁੰਚ ਗਈ ਹੈ, ਜਿਸ ਕਾਰਨ ਹਰੀਕੇ ਹੈੱਡ ਵਰਕਸ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
ਅੱਜ ਸਵੇਰੇ 11 ਵਜੇ ਹਰੀਕੇ ਹੈੱਡ ਵਰਕਸ ਵਿੱਚ ਪਾਣੀ ਦੀ ਆਮਦ 65,417 ਕਿਊਸਿਕ ਤੱਕ ਪਹੁੰਚ ਗਈ ਸੀ। ਇਸ ਵਿੱਚੋਂ 52,139 ਕਿਊਸਿਕ ਪਾਣੀ ਡਾਊਨ ਸਟਰੀਮ ਨੂੰ ਛੱਡਿਆ ਗਿਆ। ਹਰੀਕੇ ਰੈਗੂਲੇਸ਼ਨ ਵਿਭਾਗ ਵੱਲੋਂ 50,000 ਕਿਊਸਿਕ ਤੋਂ ਵੱਧ ਪਾਣੀ ਛੱਡੇ ਜਾਣ 'ਤੇ 'ਲੋ ਫਲੱਡ' ਦੀ ਘੋਸ਼ਣਾ ਕੀਤੀ ਜਾਂਦੀ ਹੈ, ਜੋ ਅੱਜ ਕਰ ਦਿੱਤੀ ਗਈ ਹੈ।
ਵਿਭਾਗ ਅਨੁਸਾਰ, ਇਸ ਪਾਣੀ ਵਿੱਚੋਂ 7,837 ਕਿਊਸਿਕ ਫਿਰੋਜ਼ਪੁਰ ਫੀਡਰ ਨਹਿਰ ਨੂੰ ਅਤੇ 13,095 ਕਿਊਸਿਕ ਰਾਜਸਥਾਨ ਫੀਡਰ ਨਹਿਰ ਨੂੰ ਵੀ ਛੱਡਿਆ ਗਿਆ।
ਹਥਾੜ ਖੇਤਰ ਵਿੱਚ ਫਸਲਾਂ ਦਾ ਵੱਡਾ ਨੁਕਸਾਨ
ਹਰੀਕੇ ਹੈੱਡ ਵਰਕਸ ਤੋਂ ਪਾਣੀ ਛੱਡੇ ਜਾਣ ਕਾਰਨ ਹਰੀਕੇ ਦੇ ਹਥਾੜ ਖੇਤਰ ਦੇ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇੱਥੋਂ ਦੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕਈ ਖੇਤਾਂ ਵਿੱਚ 8-8 ਫੁੱਟ ਤੱਕ ਪਾਣੀ ਭਰ ਗਿਆ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਉਨ੍ਹਾਂ ਨੂੰ ਵੱਡੀ ਮਾਰ ਪਈ ਹੈ।