ਵੇਰਕਾ ਵੱਲੋਂ ਗ੍ਰਾਹਕਾਂ ਲਈ ਖ਼ਾਸ ਤੋਹਫਾ; ਹੁਣ ਇਸ ਕੀਮਤ 'ਤੇ ਮਿਲੇਗਾ ਦੁੱਧ
ਚੰਡੀਗੜ੍ਹ, ਫਿਰੋਜ਼ਪੁਰ : ਪੰਜਾਬ ਦਾ ਮਾਣ ਅਤੇ ਸਹਿਕਾਰੀ ਦੁੱਧ ਉਤਪਾਦਨ ਖੇਤਰ ਦਾ ਮੋਹਰੀ ਬ੍ਰਾਂਡ ਵੇਰਕਾ ਹਮੇਸ਼ਾਂ ਹੀ ਗੁਣਵੱਤਾ, ਭਰੋਸੇਯੋਗਤਾ ਅਤੇ ਗ੍ਰਾਹਕ-ਕੇਂਦ੍ਰਿਤ ਸੋਚ ਲਈ ਜਾਣਿਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ , (ਆਈ. ਏ . ਐਸ.) ਨੇ ਗ੍ਰਾਹਕਾਂ ਨੂੰ ਵਧੀਆ ਮੁੱਲ ਅਤੇ ਵੱਧ ਤੋਂ ਵੱਧ ਲਾਭ ਪ੍ਰਦਾਨ ਕਰਨ ਦੇ ਆਪਣੇ ਸੰਕਲਪ ਨੂੰ ਮਜ਼ਬੂਤ ਕਰਦਿਆਂ, ਵੇਰਕਾ ਫਿਰੋਜ਼ਪੁਰ ਡੇਅਰੀ ਦੀ ਇੱਕ ਵਿਸ਼ੇਸ਼ ਨਵੀਂ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਹੁਣ 1050 ਮਿ.ਲੀ. ਦਾ ਦੁੱਧ ਪੈਕ ਸਿਰਫ਼ 1000 ਮਿ.ਲੀ. ਦੀ ਕੀਮਤ ’ਤੇ ਉਪਲਬਧ ਹੋਵੇਗਾ। ਮਿਲਕਫੈੱਡ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਹੁਲ ਗੁਪਤਾ (ਆਈ ਏ ਐਸ ) ਦੀ ਰਹਿਨੁਮਾਈ ਹੇਠ ਇਹ ਵਿਲੱਖਣ ਸਕੀਮ ਵੇਰਕਾ ਵੱਲੋਂ ਫ਼ਿਰੋਜ਼ਪੁਰ , ਫਾਜ਼ਿਲਕਾ ਅਤੇ ਫ਼ਰੀਦਕੋਟ ਦੇ ਗ੍ਰਾਹਕ ਭਲਾਈ ਲਈ ਇੱਕ ਖ਼ਾਸ ਫ਼ੈਸਲਾ ਹੈ। ਇਸਦੇ ਅਧੀਨ, ਹਰ ਪੈਕ ਵਿੱਚ ਗ੍ਰਾਹਕਾਂ ਨੂੰ ਵਾਧੂ 50 ਮਿ.ਲੀ. ਦੁੱਧ ਬਿਨਾਂ ਕਿਸੇ ਵਾਧੂ ਕੀਮਤ ਦੇ ਮਿਲੇਗਾ। ਇਹ ਕੇਵਲ ਇੱਕ ਆਰਥਿਕ ਲਾਭ ਹੀ ਨਹੀਂ, ਸਗੋਂ ਪਰਿਵਾਰਾਂ ਲਈ ਵੱਧ ਪੋਸ਼ਣ, ਵਧੀਆ ਸਿਹਤ ਅਤੇ ਬਿਹਤਰ ਮੁੱਲ ਦਾ ਵਾਅਦਾ ਵੀ ਹੈ।
ਅਜੋਕੇ ਸਮੇਂ ਵਿੱਚ ਜਿੱਥੇ ਕੰਪਨੀਆਂ ਵੱਲੋਂ ਗ੍ਰਾਹਕਾਂ ਲਈ ਉਤਪਾਦਾਂ ਦੇ ਰੇਟ ਲਗਾਤਾਰ ਵਧਾਏ ਜਾ ਰਹੇ ਹਨ ਓਥੇ ਹੀ ਵੇਰਕਾ ਫ਼ਿਰੋਜ਼ਪੁਰ ਡੇਅਰੀ ਦੀ ਏ ਪੇਸ਼ਕਸ਼ ਲੋਕਾਂ ਦੀ ਜੇਬ ਲਈ ਰਾਹਿਤ ਪ੍ਰਦਾਨ ਕਰੇਗੀ।
ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ , (ਆਈ. ਏ . ਐਸ.) ਨੇ ਵੇਰਕਾ ਦੀ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਅਤੇ ਸਮੂਹ ਬੋਰਡ ਅਤੇ ਪ੍ਰਬੰਦਕਾਂ ਨੂੰ ਵਧਾਈ ਦਿੱਤੀ। ਓਹਨਾਂ ਵੇਰਕਾ ਦੇ ਉਤਪਾਦਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ।
ਵੇਰਕਾ ਫ਼ਿਰੋਜ਼ਪੁਰ ਦੇ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਨੇ ਕਿਹਾ, “ਵੇਰਕਾ ਸਦਾ ਤੋਂ ਹੀ ਪੰਜਾਬ ਦੇ ਘਰ-ਘਰ ਦੀ ਪਸੰਦ ਬਣੀ ਹੈ। ਸਾਡੇ ਲਈ ਗ੍ਰਾਹਕਾਂ ਦਾ ਭਰੋਸਾ ਸਭ ਤੋਂ ਵੱਡੀ ਪੂੰਜੀ ਹੈ। ਇਹ ਨਵੀਂ ਪੇਸ਼ਕਸ਼ ਸਾਡੇ ਉਸ ਵਾਅਦੇ ਦੀ ਪੁਸ਼ਟੀ ਕਰਦੀ ਹੈ ਕਿ ਅਸੀਂ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੇ ਉਤਪਾਦ ਸਭ ਤੋਂ ਵਧੀਆ ਕੀਮਤ ’ਤੇ ਮੁਹੱਈਆ ਕਰਦੇ ਰਹਾਂਗੇ।”
ਨਵਾਂ 1050 ਮਿ.ਲੀ. ਦੁੱਧ ਪੈਕ ਹੁਣ ਵੇਰਕਾ ਦੇ ਸਾਰੇ ਅਧਿਕਾਰਤ ਬੂਥਾਂ, ਰੀਟੇਲ ਕਾਊਂਟਰਾਂ ਅਤੇ ਵਿਸ਼ਾਲ ਰਿਟੇਲ ਨੈੱਟਵਰਕ ’ਤੇ ਤੁਰੰਤ ਉਪਲਬਧ ਹੈ। ਗ੍ਰਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਵਿਸ਼ੇਸ਼ ਸਕੀਮ ਦਾ ਜਲਦੀ ਤੋਂ ਜਲਦੀ ਲਾਭ ਉਠਾਇਆ ਜਾਵੇ, ਕਿਉਂਕਿ ਇਹ ਸੀਮਿਤ ਸਮੇਂ ਲਈ ਹੀ ਉਪਲਬਧ ਰਹੇਗੀ।
ਵੇਰਕਾ ਦੀ ਇਹ ਪੇਸ਼ਕਸ਼ ਨਾ ਸਿਰਫ਼ ਗ੍ਰਾਹਕਾਂ ਲਈ ਖੁਸ਼ੀ ਦੀ ਖ਼ਬਰ ਹੈ, ਸਗੋਂ ਇਹ ਇਸ ਗੱਲ ਦਾ ਸਬੂਤ ਵੀ ਹੈ ਕਿ ਪੰਜਾਬ ਦੀ ਸਹਿਕਾਰੀ ਪ੍ਰਣਾਲੀ ਆਪਣੇ ਗ੍ਰਾਹਕਾਂ ਅਤੇ ਕਿਸਾਨਾਂ ਦੋਹਾਂ ਦੀ ਭਲਾਈ ਲਈ ਸਦਾ ਸਰਗਰਮ ਰਹਿੰਦੀ ਹੈ।ਵੇਰਕਾ ਵੱਲੋ ਸਮੂਹ ਗ੍ਰਾਹਕਾਂ ਨੂੰ ਵੇਰਕਾ ਦੇ ਚੰਗੀ ਗੁਣਵੱਤਾ ਦੇ ਉਤਪਾਦ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ ।
ਇਸ ਮੌਕੇ ਤੇ ਵੇਰਕਾ ਫਿਰੋਜ਼ਪੁਰ ਡੇਅਰੀ ਦੇ ਬੋਰਡ ਡਾਇਰੈਕਟਰ ਸ: ਹਰਮੀਤ ਸਿੰਘ , ਜਨਰਲ ਮੈਨੇਜਰ ਸ਼੍ਰੀ ਸੁਗਿਆਨ ਪ੍ਰਸ਼ਾਦ , ਮੈਨੇਜਰ ਦੁੱਧ ਪ੍ਰਾਪਤੀ ਸ: ਹਰਿੰਦਰ ਸਿੰਘ , ਮੈਨੇਜਰ ਪ੍ਰੋਡਕਸ਼ਨ ਸ਼੍ਰੀ ਐੱਚ ਪੀ ਬਾਹਰੀ, ਡਿਪਟੀ ਮੈਨੇਜਰ ਮਾਰਕਟਿੰਗ ਸ : ਚਸ਼ਨ ਦੀਪ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ ।