← ਪਿਛੇ ਪਰਤੋ
Babushahi Special ਬਠਿੰਡਾ ਮਾਨਸਾ ਸੜਕ ਤੇ ਟੋਲ ਪਲਾਜੇ ਰਾਹੀਂ ਆਮ ਆਦਮੀ ਦੀਆਂ ਜੇਬਾਂ ਕੱਟਣ ਦੀ ਚੁੰਝ ਚਰਚਾ ਅਸ਼ੋਕ ਵਰਮਾ ਬਠਿੰਡਾ,10ਅਗਸਤ2025: ਬਠਿੰਡਾ-ਚੰਡੀਗੜ੍ਹ ਸੜਕ ਮਾਰਗ ਵਾਇਆ ਮਾਨਸਾ ਵੱਲੋਂ ਮਲਵਈਆਂ ਦੀ ਜੇਬਾਂ ਢਿੱਲੀਆਂ ਕਰਨੀਆਂ ਸ਼ੁਰੂ ਹੋਣ ਦੀ ਚੁੰਝ ਚਰਚਾ ਚੱਲ ਰਹੀ ਹੈ। ਹਾਲਾਂਕਿ ਅਧਿਕਾਰੀਆਂ ਨੇ ਇੰਨ੍ਹਾਂ ਚਰਚਾਵਾਂ ਨੂੰ ਨਿਰਮੂਲ ਦੱਸਿਆ ਹੈ ਪਰ ਐਨਐਚਏਆਈ ਵੱਲੋਂ ਨਵੀਨੀਕਰਨ ਦਾ ਕੰਮ ਕਰਨ ਦੀ ਗੱਲ ਸਾਹਮਣੇ ਆਉਣ ਕਾਰਨ ਲੋਕ ਮੰਨਣ ਲੱਗੇ ਹਨ ਕਿ ਹੁਣ ਇਹ ਸੜਕ ਵੀ ਟੋਲ ਪਲਾਜਿਆਂ ਦੀ ਮਾਰ ਹੇਠ ਆਉਣਾ ਦੂਰ ਨਹੀਂ ਹੈ। ਜਾਣਕਾਰੀ ਅਨੁਸਾਰ 69 .38 ਕਰੋੜ ਰੁਪਏ ਦੀ ਲਾਗਤ ਨਾਲ ਇਸ ਸੜਕ ਦਾ ਨਵੀਨੀਕਰਨ ਕੀਤੇ ਜਾਣ ਦੀ ਯੋਜਨਾ ਹੈ। ਡਿਪਟੀ ਕਮਿਸ਼ਨਰ ਬਠਿੰਡਾ ਤੇ ਮਾਨਸਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਡੀਮਾਰਟ ਬਠਿੰਡਾ ਤੋਂ ਭੀਖੀ ਤੱਕ ਨੈਸ਼ਨਲ ਹਾਈਵੇ-148 ਬੀ ਅਤੇ ਮਾਨਸਾ ਕੈਂਚੀਆਂ ਤੋਂ ਰਾਮਦਿੱਤਾ ਚੌਕ ਤੱਕ ਨੈਸ਼ਨਲ ਹਾਈਵੇਅ-703 ਸੜਕ ਦਾ ਨਵੀਨੀਕਰਨ ਕੀਤਾ ਜਾਣਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੰਮ ਮੁਕੰਮਲ ਹੋਣ ਮਗਰੋਂ ਰਾਹਗੀਰਾਂ ਨੂੰ ਵੱਡੀਆਂ ਸਮੱਸਿਆਵਾਂ ਤੋਂ ਪੂਰੀ ਤਰਾਂ ਨਿਜਾਤ ਮਿਲ ਜਾਏਗੀ। ਦੂਜੇ ਪਾਸੇ ਚਰਚਾ ਹੈ ਕਿ ਇਸ ਸੜਕ ‘ਤੇ ਸਫਰ ਕਰਨਾ ਸਸਤਾ ਸੌਦਾ ਨਹੀਂ ਰਹੇਗਾ ਕਿਉਂਕਿ ਨਵੀਨਕਰਨ ਪਿੱਛੋਂ ਲੋਕਾਂ ਨੂੰ ਟੋਲ ਟੈਕਸ ਦੀ ਮਾਰ ਪੈਣ ਜਾ ਰਹੀ ਹੈ। ਦੋਵਾਂ ਜਿਲਿ੍ਹਆਂ ਨੂੰ ਆਪਸ ’ਚ ਜੋੜਨ ਵਾਲੀਆਂ ਜੋ ਦੋ ਸੜਕਾਂ ਹੁਣ ਤੱਕ ਟੋਲ ਦੀ ਮਾਰ ਤੋਂ ਬਚੀਆਂ ਹੋਈਆਂ ਹਨ ਇਹ ਉਨ੍ਹਾਂ ਚੋਂ ਇੱਕ ਹੈ। ਜੇਕਰ ਟੋਲ ਲੱਗਦਾ ਹੈ ਤਾਂ ਇੱਕ ਕਾਰ ਨੂੰ ਸਿਰਫ ਇੱਕ ਬੈਰੀਅਰ ਤੇ ਘੱਟੋ ਘੱਟ 100 ਤੋਂ150 ਰੁਪਏ ਅਦਾ ਕਰਨੇ ਪਿਆ ਕਰਨਗੇ ਜਦੋਂਕਿ ਵੱਡੇ ਵਾਹਨਾਂ ਨੂੰ ਤਾਂ ਹੋਰ ਵੱਧ ਪੈਸੇ ਦੇਣੇ ਪੈਣਗੇ। ਦਰਅਸਲ ਪੰਜਾਬ ’ਚ ਨੈਸ਼ਨਲ ਹਾਈਵੇ ਅਥਾਰਟੀ ਨੇ ਜਿਸ ਵੀ ਸੜਕ ਦੀ ਉਸਾਰੀ ਕੀਤੀ ਹੈ ਉਸ ਤੇ ਹੋਣ ਵਾਲੇ ਖਰਚ ਦੀ ਵਸੂਲੀ ਲਈ ਟੌਲ ਪਲਾਜੇ ਲਾਏ ਹਨ। ਇਹ ਵੱਖਰੀ ਗੱਲ ਹੈ ਕਿ ਹੁਣ ਇਨ੍ਹਾਂ ਸੜਕਾਂ ਤੇ ਗੱਡੀਆਂ ਫਰਾਟੇ ਵਾਂਗ ਦੌੜਦੀਆਂ ਹਨ ਅਤੇ ਜਾਮ ਵੀ ਵੱਧ ਘੱਟ ਹੀ ਲੱਗਦਾ ਹੈ। ਬਠਿੰਡਾ ਚੰਡੀਗੜ੍ਹ ਸੜਕ ਤੇ ਕਿਸੇ ਸਮੇਂ ਇੱਕ ਵੀ ਟੋਲ ਬੈਰੀਅਰ ਨਹੀਂ ਹੁੰਦਾ ਸੀ। ਜਦੋਂ ਐਨਐਚਏਆਈ ਨੇ ਇਸ ਸੜਕ ਨੂੰ ਚਹੁੰਮਾਰਗੀ ਕੀਤਾ ਤਾਂ ਟੋਲ ਪਲਾਜਿਆਂ ਦੀ ਭਰਮਾਰ ਹੋ ਗਈ। ਇਸ ਕੌਮੀ ਮਾਰਗ ਤੇ ਪੰਜ ਟੋਲ ਬੈਰੀਅਰ ਸਥਾਪਤ ਹਨ ਜੋ ਰੋਜਾਨਾ ਵਾਹਨ ਚਾਲਕਾਂ ਦੀਆਂ ਜੇਬਾਂ ਕੱਟਦੇ ਹਨ। ਬਠਿੰਡਾ ਚੰਡੀਗੜ੍ਹ ਸੜਕ ਤੇ ਤਾਂ ਇੱਕ ਟੋਲ ਪਲਾਜਾ ਵੱਧ ਲੱਗਿਆ ਹੋਇਆ ਹੈ । ਜਦੋਂ ਇੱਕ ਨੈਸ਼ਨਲ ਹਾਈਵੇ ਨੂੰ ਦੂਸਰਾ ਕਰਾਸ ਕਰਦਾ ਹੈ ਤਾਂ ਕੇਂਦਰੀ ਨਿਯਮਾਂ ਮੁਤਾਬਕ ਇੱਕ ਟੋਲ ਬੈਰੀਅਰ ਫਾਲਤੂ ਲੱਗ ਜਾਂਦਾ ਹੈ। ਇਸੇ ਤਰਾਂ ਬਠਿੰਡਾ ਅੰਮ੍ਰਿਤਸਰ ਸੜਕ ਦੇ ਚਹੁੰਮਾਰਗੀ ਹੋਣ ਤੋਂ ਬਾਅਦ ਇਸ ਸੜਕ ਤੇ ਤਿੰਨ ਟੋਲ ਪਲਾਜੇ ਲੱਗੇ ਹਨ ਜਦੋਂਕਿ ਪਹਿਲਾਂ ਇਸ ਸੜਕ ਤੇ ਕੋਈ ਪੈਸਾ ਨਹੀਂ ਲੱਗਦਾ ਸੀ। ਬਠਿੰਡਾ ਮਲੋਟ ਸੜਕ ਤੇ ਵੀ ਕੋਈ ਟੋਲ ਨਹੀਂ ਹੁੰਦਾ ਸੀ ਪਰ ਐਨਐਚਏਆਈ ਵੱਲੋਂ ਨਵੇਂ ਸਿਰੇ ਤੋਂ ਬਨਾਉਣ ਕਾਰਨ ਟੋਲ ਬੈਰੀਅਰ ਲਾ ਦਿੱਤਾ ਗਿਆ ਹੈ। ਮੁਕਤਸਰ ਸਾਹਿਬ ਮਲੋਟ ਸੜਕ ਵੀ ਐਨਐਚਏਆਈ ਵੱਲੋਂ ਬਣਾਈ ਜਾ ਰਿਹਾ ਹੈ ਜਿਸ ਤੇ ਵੀ ਟੋਲ ਪਲਾਜਾ ਲੱਗਣਾ ਹੈ। ਦੇਖਿਆ ਜਾਏ ਤਾਂ ਪੰਜਾਬ ‘ਚ ਤਾਂ ਹੁਣ ਹਰ ਤਰਫ ਟੋਲ ਪਲਾਜਿਆਂ ਦੀ ਭਰਮਾਰ ਹੈ ਜਿੱਥੇ ਕੀਤੀ ਜਾਂਦੀ ਉਗਰਾਹੀ ਲੋਕਾਂ ਨੂੰ ਚੁਭਦੀ ਹੈ ਅਤੇ ਇਸੇ ਕਰਕੇ ਅਕਸਰ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਕੌਮੀ ਸ਼ਾਹਰਾਹਾਂ ਦਾ ਸਫਰ ਪੰਜਾਬ ਵਿੱਚ ਹੁਣ ਮਹਿੰਗਾ ਸੌਦਾ ਬਣ ਗਿਆ ਹੈ। ਪੰਜਾਬੀ ਰੋਜ਼ਾਨਾ ਔਸਤਨ ਢਾਈ ਤੋਂ ਸਾਢੇ ਤਿੰਨ ਕਰੋੜ ਦਾ ਟੋਲ ਤਾਰਦੇ ਹਨ। ਜੇ ਸਟੇਟ ਹਾਈਵੇਅ ਇਸ ਵਿੱਚ ਸ਼ਾਮਲ ਕਰੀਏ ਤਾਂ ਇਹ ਅੰਕੜਾ ਕਾਫੀ ਵੱਡਾ ਬਣਦਾ ਹੈ। ਕਈ ਕੌਮੀ ਮਾਰਗਾਂ ਤੇ ਤਾਂ ਟੋਲ ਤਾਰਦੇ ਪੰਜਾਬੀ ਬੁੱਢੇ ਹੋ ਜਾਣਗੇ। ਉਂਜ ਰਾਹਤ ਵਾਲੀ ਗੱਲ ਇਹ ਰਹੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਮਿਆਦ ਪੂਰੀ ਕਰਨ ਵਾਲੇ ਟੋਲ ਪਲਾਜੇ ਬੰਦ ਕਰਕੇ ਲੋਕਾਂ ਦਾ ਕਰੋੜਾਂ ਰੁਪਿਆ ਬਚਾਉਣ ਲਈ ਅਹਿਮ ਪਹਿਲਕਦਮੀ ਵੀ ਕੀਤੀ ਹੈ। ਟੋਲ ਲੱਗਿਆ ਪਰ ਚੱਲਿਆ ਨਹੀਂ ਰੌਚਕ ਪਹਿਲੂ ਇਹ ਵੀ ਹੈ ਕਿ ਕੈਪਟਨ ਸਰਕਾਰ ਦੇ ਰਾਜ ’ਚ ਬਠਿੰਡਾ ਮਾਨਸਾ ਸੜਕ ਤੇ ਪਿੰਡ ਘੁੰਮਣ ਕਲਾਂ ਕੋਲ ਟੋਲ ਬੈਰੀਅਰ ਦੀ ਇਮਾਰਤ ਬਣਾਈ ਗਈ ਸੀ ਪਰ ਇਸ ਥਾਂ ਤੇ ਟੋਲ ਉਗਰਾਹੀ ਕਦੇ ਵੀ ਨਹੀਂ ਸ਼ੁਰੂ ਹੋ ਸਕੀ। ਖੰਡਰ ਬਣੀ ਇਮਾਰਤ ਹਾਦਸਿਆਂ ਦਾ ਕਾਰਨ ਬਣਨ ਲੱਗੀ ਤਾਂ ਕਿਸਾਨ ਧਿਰਾਂ ਨੇ ਉਸ ਨੂੰ ਕਾਫੀ ਹੱਦ ਤੱਕ ਢਾਹ ਦਿੱਤਾ। ਹੁਣ ਇਸ ਥਾਂ ਤੇ ਸਿਰਫ ਕੰਧਾਂ ਹੀ ਬਚੀਆਂ ਹਨ ਜਿੰਨ੍ਹਾਂ ਤੋਂ ਨਵੀਨਕਰਨ ਕਾਰਨ ਰਾਹਤ ਮਿਲਣ ਦੀ ਸੰਭਾਵਨਾ ਹੈ। ਵੈਲਫੇਅਰ ਸਟੇਟ ਦੀ ਕੀ ਤੁਕ ਜਮਹੂਰੀ ਅਧਿਕਾਰ ਸਭਾ ਦੇ ਆਗੂ ਬੱਗਾ ਸਿੰਘ ਦਾ ਕਹਿਣਾ ਸੀ ਕਿ ਜਦੋਂ ਪੰਜਾਬੀਆਂ ਨੇ ਸੂਬੇ ਦੀਆਂ ਸੜਕਾਂ ਤੇ ਮੁੱਲ ਦਾ ਸਫਰ ਹੀ ਕਰਨਾ ਹੈ ਤਾਂ ਵੈਲਫੇਅਰ ਸਟੇਟ ਅਖਵਾਉਣ ਦੀ ਕੋਈ ਤੁਕ ਨਹੀਂ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੋਡ ਟੈਕਸ ਵੀ ਵਸੂਲ ਕਰਦੀ ਹੈ ਅਤੇ ਟੋਲ ਪਲਾਜਿਆਂ ਰਾਹੀਂ ਆਮ ਬੰਦੇ ਦੀ ਲੁੱਟ ਵੀ ਹੁੰਦੀ ਹੈ । ਟੋਲ ਬੈਰੀਅਰ ਨਹੀਂ: ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਟੋਲ ਲਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਕੀਤੀ ਜਾ ਰਹੀ ਚਰਚਾ ਨਿਰਮੂਲ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੀ ਵੱਡੇ ਪੱਧਰ ਤੇ ਹੋਣ ਵਾਲੀ ਮੁਰੰਮਤ ਕਰਕੇ ਬਜਟ ਕਾਫੀ ਵੱਡਾ ਹੈ ਜਿਸ ਕਰਕੇ ਲੋਕਾਂ ’ਚ ਇਹ ਸੋਚ ਬਣੀ ਹੋ ਸਕਦੀ ਹੈ।
Total Responses : 7502