12 ਅਗਸਤ ਨੂੰ ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲਕਲਾਂ ਦੀ ਬਰਸੀ 'ਤੇ ਵਿਸ਼ੇਸ਼ : 'ਮਹਿਲਕਲਾਂ ਲੋਕ ਘੋਲ - ਜਬਰ ਜ਼ੁਲਮ ਖਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ' - ਨਰਾਇਣ ਦੱਤ
ਹਰ ਸਾਲ 12 ਅਗਸਤ ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਇਕੱਠੇ ਹੋ ਕੇ ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ ਬਰਸੀ ਮਨਾਉਣ ਲਈ ਪੂਰੀ ਸ਼ਿੱਦਤ ਨਾਲ ਪਹੁੰਚਦੇ ਹਨ ਅਤੇ ਔਰਤ ਵਰਗ ਦੀ ਮੁਕੰਮਲ ਮੁਕਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕਰਦੇ ਹਨ। ਸਕੂਲ ਪੜ੍ਹਦੀ ਵਿਦਿਆਰਥਣ ਕਿਰਨਜੀਤ ਕੌਰ ਨੂੰ ਗੁੰਡਿਆਂ ਵੱਲੋਂ ਬਲਾਤਕਾਰ ਕਰਨ ਉਪਰੰਤ ਕਤਲ ਕਰ ਦਿੱਤਾ ਗਿਆ ਸੀ। ਉਸ ਦਾ ਇਨਸਾਫ ਲੈਣ 28 ਸਾਲ ਪਹਿਲਾਂ ਜਿਹੜਾ ਸੰਘਰਸ਼ ਚੱਲਿਆ, ਉਹ ਸੰਘਰਸ਼ 'ਜ਼ਬਰ ਖ਼ਿਲਾਫ਼ ਟਾਕਰੇ ਦੀ ਲਹਿਰ' ਦਾ ਚਿੰਨ ਬਣ ਕੇ ਵਿਸ਼ਾਲ ਜਨਸਮੂਹ ਦੇ ਦਿਲੋ ਦਿਮਾਗ਼ ਅੰਦਰ ਘਰ ਕਰ ਚੁੱਕਿਆ ਹੈ।
ਕਿਸੇ ਵੀ ਸੰਘਰਸ਼ ਦੇ ਸ਼ੁਰੂ ਹੋਣ ਸਮੇਂ ਉਸ ਦੀ ਦਰੁੱਸਤ ਬੁਨਿਆਦ ਰੱਖਣ, ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣ, ਅੰਤਿਮ ਨਿਸ਼ਾਨੇ ਦੀ ਪੂਰਤੀ ਲਈ ਪੜਾਅ ਦਰ ਪੜਾਅ ਅੱਗੇ ਵਧਾਉਣਾ ਜ਼ਰੂਰੀ ਹੁੰਦਾ ਹੈ। ਇਹ ਸਾਂਝਾ ਲੋਕ ਸੰਘਰਸ਼ ਅਨੇਕਾਂ ਵੰਗਾਰਾਂ ਦਾ ਪੂਰੀ ਸਿਦਕ ਦਿਲੀ ਨਾਲ ਟਾਕਰਾ ਕਰਦਾ ਹੋਇਆ ਅੱਗੇ ਵਧਿਆ ਹੈ। ਜਿਸ ਸੰਘਰਸ਼ ਦਾ ਮੁੱਢ ਵਿੱਚ ਹੀ ਮੱਥਾ ਗੁੰਡਾ ਢਾਣੀ, ਉਸ ਦੀ ਰਖੈਲ ਪੁਲਿਸ ਅਤੇ ਸਿਆਸਤਦਾਨਾਂ ਨਾਲ ਲੱਗਾ ਹੋਵੇ, ਉਸ ਅੱਗੇ ਵੱਡੀਆਂ ਵੰਗਾਰਾਂ ਤਾਂ ਮੂੰਹ ਅੱਡ ਕੇ ਖੜ੍ਹਨਗੀਆਂ ਹੀ। ਇਸ ਘੋਲ ਨੂੰ ਅਗਵਾਈ ਦੇਣ ਵਾਲੀ ਐਕਸ਼ਨ ਕਮੇਟੀ ਲੰਮੇ ਅਰਸੇ ਦੌਰਾਨ ਇੱਕ ਜੁੱਟ ਰਹੀ ਹੈ ਅਤੇ ਉਸ ਨੇ ਲੋਕਾਂ 'ਤੇ ਵਿਸ਼ਵਾਸ ਰੱਖਕੇ ਚੱਲਣ ਦੀ ਆਪਣੀ ਦਰੁੱਸਤ ਮਾਰਗ ਸੇਧ ਦਾ ਪੱਲਾ ਘੁੱਟ ਕੇ ਫੜ੍ਹਕੇ ਰੱਖਿਆ ਹੈ। ਸਕੂਲ ਵਿਦਿਆਰਥਣ ਕਿਰਨਜੀਤ ਕੌਰ ਨਾਲ ਸਮੂਹਿਕ ਜ਼ਬਰ ਜ਼ਿਨਾਹ ਅਤੇ ਕਤਲ ਦੀ ਘਟਨਾ ਨੂੰ ਸਮੁੱਚੇ ਔਰਤ ਵਰਗ ਉੱਪਰ ਹੁੰਦੇ ਜ਼ਬਰ ਤੋਂ ਵੀ ਅੱਗੇ ਔਰਤ ਵਰਗ ਦੀ ਮੁਕੰਮਲ ਮੁਕਤੀ ਲਈ ਲੜਾਈ ਨੂੰ ਜਾਬਰ ਰਾਜ ਪ੍ਰਬੰਧ ਖਿਲਾਫ਼ ਸੇਧਤ ਕਰਨਾ, ਸਭ ਤੋਂ ਵੱਧ ਮਹੱਤਵਪੂਰਨ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਹਰ ਘੋਲ ਲਈ ਕੁੱਝ ਅਹਿਮ ਸ਼ਰਤਾਂ ਹੁੰਦੀਆਂ ਹਨ। ਘਟਨਾ ਦੀ ਵਿਗਿਆਨਕ ਨਜ਼ਰੀਏ ਨਾਲ ਪੜਚੋਲ, ਲੋਕਾਂ ਉੱਤੇ ਵਿਸ਼ਵਾਸ ਕਰਕੇ ਘੋਲ ਨੂੰ ਅੱਗੇ ਵਧਾਉਣਾ, ਫ਼ੈਸਲੇ ਸਰਬਸੰਮਤੀ ਜਾਂ ਕਿਸੇ ਵਿਸ਼ੇਸ਼ ਹਾਲਤ ਵਿੱਚ ਆਮ ਸਹਿਮਤੀ, ਆਪਸੀ ਸਾਂਝ ਅਤੇ ਵਿਸ਼ਵਾਸ ਕਾਇਮ ਰੱਖਣਾ, ਪਾਰਦਰਸ਼ਤਾ, ਇਲਾਕੇ ਦੀ ਸਿਆਸੀ ਹਾਲਤ ਬਾਰੇ ਡੂੰਘੀ ਜਾਣਕਾਰੀ ਹਾਸਲ ਕਰਨਾ, ਦੁਸ਼ਮਣ ਜਮਾਤ ਅਤੇ ਲੋਕਾਂ ਦੀ ਤਾਕਤ ਦਾ ਠੀਕ ਅੰਦਾਜ਼ਾ ਲਾਉਣਾ, ਘਟਨਾ ਦੇ ਪਿੱਛੇ ਕੰਮ ਕਰਦੇ ਕਾਰਕਾਂ ਨੂੰ ਜਾਨਣਾ ਆਦਿ ਅਹਿਮ ਕੜੀਆਂ ਨੂੰ ਵਾਚਣ ਦੀ ਲੋੜ ਹੁੰਦੀ ਹੈ।
ਮਹਿਲਕਲਾਂ ਇਲਾਕੇ ਦੇ ਇਤਿਹਾਸਕ ਪਿਛੋਕੜ ਪੱਖੋਂ ਸਦੀਆਂ ਤੋਂ ਇਤਿਹਾਸਕ ਘੱਲੂਘਾਰੇ ਤੋਂ ਲੈਕੇ ਪਰਜਾ ਮੰਡਲ ਲਹਿਰ, ਗ਼ਦਰ ਲਹਿਰ, ਪੈਪਸੂ ਮੁਜ਼ਾਰਾ ਲਹਿਰ, ਨਕਸਲਬਾੜੀ ਲਹਿਰ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਮਜ਼ਬੂਤ ਕਿਸਾਨ-ਮਜ਼ਦੂਰ-ਮੁਲਾਜਮ ਲਹਿਰ ਆਦਿ ਦਾ ਬਹੁਤ ਅਮੀਰ ਵਿਰਸਾ ਹੈ।
ਦੂਜੇ ਪਾਸੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਗੁੰਡਾ ਢਾਣੀ ਦਾ ਇਤਿਹਾਸ , ਪੁਲਿਸ ਅਤੇ ਸਿਆਸਤਦਾਨਾਂ ਦੀ ਸ਼ਹਿ 'ਤੇ ਪੁਲਿਸ ਰਾਹੀਂ ਅਫੀਮ, ਭੁੱਕੀ, ਸ਼ਰਾਬ ਆਦਿ ਵੇਚਣ, ਲੋਕਾਂ ਦੀਆਂ ਜ਼ਮੀਨ ਜਾਇਦਾਦ ਉੱਪਰ ਕਬਜ਼ੇ ਕਰਨਾ, ਔਰਤਾਂ ਦੇ ਉਧਾਲੇ ਤੋਂ ਲੈਕੇ ਹਰ ਕਿਸਮ ਦਾ ਅਨੈਤਿਕ ਕੰਮ ਪੀੜੀ ਦਰ ਪੀੜੀ ਲੋਕਾਂ ਉੱਪਰ ਦਾਬਾ ਪਾਉਣ ਦਾ ਰਿਹਾ ਹੈ।
ਘੋਲ ਸ਼ੁਰੂ ਹੋਣ ਸਮੇਂ ਪੀੜਤ ਪ੍ਰੀਵਾਰ ਨੂੰ ਆਪਣੇ ਪੱਖ ਵਿੱਚ ਜਿੱਤਣਾ ਜ਼ਰੂਰੀ ਕਾਰਜ ਹੁੰਦਾ ਹੈ। ਇਸ ਲੋਕ ਘੋਲ ਦਾ ਇਸ ਪੱਖੋਂ ਅਮੀਰ ਪਹਿਲੂ ਹੈ ਕਿ 50 ਦਿਨ ਬਾਅਦ ਮਾਸਟਰ ਦਰਸ਼ਨ ਸਿੰਘ ਦੇ ਘਰ ਪਹੁੰਚੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਰਨਜੀਤ ਕੌਰ ਦੇ ਮਾਪਿਆਂ ਨੇ ਲਾਜਵਾਬ ਕਰ ਦਿੱਤਾ ਸੀ। ਉਸ ਨੇ ਸ਼ਹੀਦ ਕਿਰਨਜੀਤ ਕੌਰ ਦੇ ਮਾਤਾ ਪਰਮਜੀਤ ਕੌਰ ਨੂੰ ਪੁੱਛਿਆ ਕਿ ਤੁਹਾਡੀ ਸਰਕਾਰ ਕੀ ਮੱਦਦ ਕਰ ਸਕਦੀ ਹੈ ? ਉਸ ਦੀ ਮਾਤਾ ਨੇ ਮੌਕੇ ਤੇ ਹੀ ਜਵਾਬ ਦਿੱਤਾ ਕਿ ਮੇਰੀ ਧੀ ਦੇ ਬਲਾਤਕਾਰੀ ਕਾਤਲਾਂ ਨੂੰ ਉਸੇ ਥਾਂ ਫਾਂਸੀ ਦਿੱਤੀ ਜਾਵੇ, ਜਿੱਥੇ ਉਨ੍ਹਾਂ ਮੇਰੀ ਧੀ ਨਾਲ ਕੁਕਰਮ ਕੀਤਾ ਸੀ। ਮੁੱਖ ਮੰਤਰੀ ਦੀ ਜ਼ੁਬਾਨ ਨੂੰ ਇਸ ਸਵਾਲ ਨੇ ਜਿੰਦਰਾ ਜੜ੍ਹ ਦਿੱਤਾ ਸੀ। ਇਹ ਹੀ ਨਹੀਂ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਨੇ ਕਿਰਨਜੀਤ ਦੇ ਕਾਤਲਾਂ ਦੀ ਉਮਰ ਕੈਦ ਸਜ਼ਾ ਬਰਕਰਾਰ ਰੱਖਣ ਦੇ ਨਾਲ ਨਾਲ ਇੱਕ ਲੱਖ ਰੁਪਏ ਜ਼ੁਰਮਾਨਾ ਲਾਇਆ ਤਾਂ ਮਾਸਟਰ ਦਰਸ਼ਨ ਸਿੰਘ ਨੇ ਵੱਡਾ ਜਿਗਰਾ ਅਤੇ ਸੂਝ ਦਾ ਮੁਜ਼ਾਹਰਾ ਕਰਦਿਆਂ ਇਹ ਰਕਮ ਐਕਸ਼ਨ ਕਮੇਟੀ ਮਹਿਲਕਲਾਂ ਦੀ ਝੋਲੀ ਪਾਕੇ ਮਾਣ ਬਖਸ਼ਿਆ ਸੀ।
ਹਰ ਲੋਕ ਘੋਲ ਵਾਂਗੂੰ ਇਸ ਘੋਲ ਦੇ ਰਸਤੇ ਵਿੱਚ ਵੀ ਬਹੁਤ ਅੜਚਣਾਂ ਆਈਆਂ। ਜਦੋਂ ਦੁਸ਼ਮਣ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ ਤਾਂ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹੁੰਦੇ ਹਨ ਜਿਵੇਂ ਲਾਲਚ ਦੇਕੇ, ਧਮਕੀਆਂ ਦੇਕੇ, ਝੂਠੇ ਪੁਲਿਸ ਕੇਸਾਂ ਵਿੱਚ ਉਲਝਾ ਕੇ, ਰਿਸ਼ਤੇਦਾਰਾਂ ਜਾਂ ਸਮਾਜਿਕ ਦਬਾਅ ਪਾਉਣਾ ਬਹੁਤ ਵੱਡਾ ਕੰਮ ਨਹੀਂ ਹੁੰਦਾ। ਅਜਿਹੀ ਹਾਲਤ ਵਿੱਚ ਲੀਡਰਸ਼ਿਪ ਦਾ ਹਰ ਕਿਸਮ ਦੇ ਡਰ ਦਾਬੇ ਤੋਂ ਮੁਕਤ ਹੋਣਾ ਜ਼ਰੂਰੀ ਹੁੰਦਾ ਹੈ। ਅਜਿਹਾ ਤਦ ਹੀ ਸੰਭਵ ਹੋਇਆ ਕਰਦਾ ਹੈ ਜੇਕਰ ਲੀਡਰਸ਼ਿਪ ਕੋਲ ਵਿਗਿਆਨਕ ਵਿਚਾਰਾਂ ਦੀ ਸੋਝੀ ਹੋਵੇ, ਅਜਿਹੀਆਂ ਹਾਲਤਾਂ ਨਾਲ ਨਜਿੱਠਣ ਦਾ ਸਿੱਧਾ ਤਜਰਬਾ ਹੋਵੇ ਜਾਂ ਅਜਿਹੇ ਕੁੱਝ ਦੇ ਇਤਿਹਾਸ ਤੋਂ ਜਾਣੂ ਹੋਵੇ। ਅਜਿਹੇ ਲੋਕ ਅਦਾਰੇ ਪ੍ਰਤੀ ਅਫਵਾਹਾਂ ਫੈਲਾਉਣ, ਸਾਜ਼ਿਸ਼ਾਂ ਰਚਾਉਣ ਦੇ ਵੀ ਅਜਿਹੇ ਲੋਕ ਮਾਹਰ ਹੁੰਦੇ ਹਨ। ਐਕਸ਼ਨ ਕਮੇਟੀ ਨੇ ਹਰ ਸਾਜ਼ਿਸ਼ ਦਾ ਲੋਕਾਂ ਤੋਂ ਲੋਕਾਂ ਨੂੰ ਦੀ ਇਤਿਹਾਸਕ ਸਚਾਈ ਉੱਪਰ ਪਹਿਰਾ ਦਿੰਦਿਆਂ ਮੂੰਹ ਤੋੜਵਾਂ ਜਵਾਬ ਦਿੱਤਾ।
ਔਰਤਾਂ ਪ੍ਰਤੀ ਪਹਿਲਾਂ ਹੀ ਮਰਦ ਪ੍ਰਧਾਨ ਸਮਾਜ ਵੱਲੋਂ ਇੱਜ਼ਤ, ਹੱਤਕ ਦੇ ਨਾਂ ਹੇਠ ਪਿਛਾਂਹਖਿੱਚੂ ਨਜ਼ਰੀਆ ਤਹਿ ਕੀਤਾ ਹੋਇਆ ਹੈ। ਇਸ ਲੋਕ ਘੋਲ ਦੇ ਐਨ ਮੁੱਢ ਤੋਂ ਹੀ ਇਸ ਪਿਛਾਂਹਖਿੱਚੂ ਮਿੱਥ ਨੂੰ ਤੋੜਨ ਦਾ ਸੁਚੇਤ ਯਤਨ ਕੀਤਾ। ਸਿੱਟਾ ਇਹ ਨਿੱਕਲਿਆ ਕਿ ਔਰਤਾਂ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂਆਂ ਨੂੰ ਰੋਹਲੀ ਗਰਜ਼ ਵਿੱਚ ਤਬਦੀਲ ਕੀਤਾ। ਬੀਤੇ ਇਤਿਹਾਸ ਦੇ ਸੰਘਰਸ਼ਾਂ ਵਿੱਚ ਔਰਤਾਂ ਦੀ ਸ਼ਾਨਾਮੱਤੀ ਭੂਮਿਕਾ ਨੂੰ ਅੱਗੇ ਤੋਰਦਿਆਂ "ਭੈਣੋ ਰਲੋ ਭਰਾਵਾਂ ਸੰਗ - ਰਲਕੇ ਲੜੀਏ ਹੱਕੀ ਜੰਗ" ਦਾ ਨਾਹਰਾ ਬੁਲੰਦ ਕੀਤਾ।
ਐਕਸ਼ਨ ਕਮੇਟੀ ਮਹਿਲਕਲਾਂ ਨੂੰ ਗੁੰਡਾ-ਪੁਲਿਸ-ਸਿਆਸੀ- ਅਦਾਲਤੀ ਗੱਠਜੋੜ ਦੀਆਂ ਕੋਝੀਆਂ ਹਰਕਤਾਂ ਦਾ ਸਾਹਮਣਾ ਕਰਨਾ ਪਿਆ। ਦੁਸ਼ਮਣ ਨੇ ਬਾਹਰੋਂ ਅਤੇ ਅੰਦਰੋਂ ਦੋਵੇਂ ਪਾਸਿਆਂ ਤੋਂ ਹਮਲੇ ਕੀਤੇ। ਐਕਸ਼ਨ ਕਮੇਟੀ ਨੇ ਮੁੱਢ ਤੋਂ ਲੋਕਾਂ ਤੇ ਟੇਕ ਰੱਖਣ ਅਤੇ ਹਰ ਪੜਾਅ ਤੇ ਸੰਘਰਸ਼ ਨੂੰ ਅੱਗੇ ਵਧਾਉਣ ਦੇ ਵਿਗਿਆਨਕ ਨਜ਼ਰੀਏ ਦੇ ਬੁਨਿਆਦੀ ਅਸੂਲ ਨੂੰ ਲਾਗੂ ਕੀਤਾ। ਚਲਦੇ ਘੋਲ ਦੌਰਾਨ ਲੋਕਾਂ ਨਾਲੋਂ ਨਿੱਖੜੀ ਖੱਬੂ ਮਾਰਕੇ ਬਾਜ਼ ਪਹੁੰਚ ਅਪਣਾਉਣ ਅਤੇ ਅਤਿ ਸੱਜ ਪਿਛਾਖੜੀ ਪਹੁੰਚਾਂ ਦਾ ਇਜ਼ਹਾਰ ਸਾਹਮਣੇ ਆਇਆ। ਇਸ ਦੇ ਮੁਕਾਬਲੇ ਜਮਹੂਰੀ ਢੰਗ ਨਾਲ ਸਾਂਝੇ ਘੋਲ ਦਾ ਘੇਰਾ ਵਿਸ਼ਾਲ ਵੀ ਕੀਤਾ ਅਤੇ ਕਿਰਨਜੀਤ ਕੌਰ ਦੇ ਸਮੂਹਿਕ ਜ਼ਬਰ ਜ਼ਿਨਾਹ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੋਂ ਲੈਕੇ ਤਿੰਨ ਲੋਕ ਆਗੂਆਂ ਨੂੰ ਝੂਠੇ ਮੁੱਕਦਮੇ ਵਿੱਚ ਉਮਰ ਕੈਦ ਸਜ਼ਾ ਸੁਣਾਉਣ ਵਾਲੇ ਅਦਾਲਤੀ ਪ੍ਰਬੰਧ ਤੱਕ ਦੇ ਬਖੀਏ ਉਧੇੜੇ ਹਨ।
ਇਹ ਲੋਕ ਘੋਲ 28 ਸਾਲ ਦੇ ਲੰਬੇ ਅਰਸੇ ਦੌਰਾਨ ਅਨੇਕਾਂ ਮੋੜਾਂ ਘੋੜਾਂ ਵਿੱਚੋਂ ਲੰਘਿਆ ਹੈ। ਇਸ ਲੋਕ ਘੋਲ ਨੂੰ ਮਘਦਾ/ਭਖਦਾ ਰੱਖਣ ਅਤੇ ਸਫ਼ਲ ਬਨਾਉਣ ਲਈ ਲੱਖਾਂ ਜੁਝਾਰੂ ਮਰਦ-ਔਰਤਾਂ ਦੇ ਕਾਫ਼ਲੇ ਹਰ ਪੱਖੋਂ ਢਾਲ ਅਤੇ ਤਲਵਾਰ ਬਣੇ ਹੋਏ ਹਨ। ਹਰ ਪੱਧਰ ਦੇ ਸੰਘਰਸ਼ ਵਿੱਚ ਸ਼ਮੂਲੀਅਤ ਪੱਖੋਂ ਵੀ ਅਤੇ ਫੰਡ ਪੱਖੋਂ ਵੀ ਯੋਗਦਾਨ ਲਾਮਿਸਾਲ ਹੈ। ਲੱਖਾਂ ਲੋਕਾਂ ਦੀ ਆਵਾਜ਼ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣ ਵਿੱਚ ਉਸਾਰੂ ਲੋਕ ਪੱਖੀ ਸਾਹਿਤ ਦੀ ਭੂਮਿਕਾ ਅਹਿਮ ਰੋਲ ਅਦਾ ਕਰਦੀ ਹੈ। ਪੱਤਰਕਾਰਾਂ, ਗੀਤਕਾਰਾਂ, ਨਾਟਕਕਾਰਾਂ, ਬੁੱਧੀਜੀਵੀਆਂ, ਫ਼ਿਲਮਸਾਜ਼ਾਂ ਨੇ ਇਸ ਘੋਲ ਨੂੰ ਮਜ਼ਬੂਤੀ ਬਖਸ਼ੀ ਹੈ। ਕਿੱਸਾ ਕਿਰਨਜੀਤ ਦਾ, 50 ਦਿਨ ਜੰਗ ਦਾ ਅਖਾੜਾ ਬਣੀ ਰਹੀ ਮਹਿਲਕਲਾਂ ਦੀ ਧਰਤੀ, ਮਹਿਲਕਲਾਂ ਦੀ ਧਰਤੀ ਝੁਕਣ ਦੇ ਮੂਡ 'ਚ ਨਹੀਂ ਆਦਿ ਅਨੇਕਾਂ ਲੇਖ, ਸੰਪਾਦਕੀਆਂ, ਫ਼ਿਲਮਸਾਜ ਦਲਜੀਤ ਅਮੀ ਦੁਆਰਾ ਨਿਰਦੇਸ਼ਤ ਡਾਕੂਮੈਂਟਰੀ ਫਿਲਮ 'ਹਰ ਮਿੱਟੀ ਕੁੱਟਿਆਂ ਨੀਂ ਭੁਰਦੀ', ਮਰਹੂਮ ਬਾਰੂ ਸਤਵਰਗ ਵੱਲੋਂ ਨਾਵਲ 'ਸਜ਼ਾ ਸੱਚ ਨੂੰ' ਆਦਿ ਤੋਂ ਇਲਾਵਾ ਬੇਸ਼ਕੀਮਤੀ ਸਾਹਿਤ ਰਚਿਆ ਗਿਆ। ਇਹ ਸਾਹਿਤ ਪਿੰਡਾਂ/ਕਸਬਿਆਂ ਦੀਆਂ ਸੱਥਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਸਮੇਤ ਦੇਸ਼ ਵਿਦੇਸ਼ ਵਿੱਚ ਬੈਠੇ ਲੱਖਾਂ ਹਿਤੈਸ਼ੀਆਂ ਕੋਲ ਪਹੁੰਚਿਆ। ਇਸ ਸਾਹਿਤ ਨੇ ਲੋਕਾਂ ਅੰਦਰ ਮੌਜੂਦ ਪੁਰਾਣੀਆਂ ਵੇਲਾ ਵਿਹਾ ਚੁੱਕੀਆਂ ਜਾਗੀਰੂ ਕਦਰ ਕੀਮਤਾਂ ਦੀ ਥਾਂ ਨਵੇਂ ਪਹੁ ਫੁਟਾਲਿਆਂ ਦਾ ਸੰਚਾਰ ਕੀਤਾ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨ ਤੋਂ ਅੱਗੇ ਪ੍ਰਵਾਸੀ ਮਜ਼ਦੂਰਾਂ ਅਤੇ ਝੁੱਗੀ ਝੌਂਪੜੀ ਵਿੱਚ ਰਹਿੰਦੇ ਲੋਕਾਂ ਤੱਕ ਇਸ ਲੋਕ ਘੋਲ ਦਾ ਸੰਚਾਰ ਹੋਇਆ ਹੈ। ਇਹ ਅਮਲ ਨਿਰੰਤਰ ਜਾਰੀ ਹੈ। ਇਸ ਵਾਰ ਨਾਵਲਕਾਰ ਜਸਪਾਲ ਮਾਨਖੇੜਾ ਵੱਲੋਂ ਨਾਵਲ
"ਹਵੇਲੀਆਲਾ" ਲਿਖਿਆ ਗਿਆ ਹੈ ਜੋ ਸ਼ਹੀਦ ਕਿਰਨਜੀਤ ਕੌਰ ਦੇ 28ਵੇਂ ਬਰਸੀ ਸਮਾਗਮ ਸਮੇਂ ਰਲੀਜ਼ ਕੀਤਾ ਜਾਵੇਗਾ।
ਹਰ ਕਿਸਮ ਦੇ ਜ਼ਬਰ ਦਾ ਟਾਕਰਾ ਕਰਨ ਲਈ ਤਿਆਰ, ਐਕਸ਼ਨ ਕਮੇਟੀ ਦੀ ਅਗਵਾਈ ਕਰਨ ਵਾਲੀ ਆਗੂ ਟੀਮ ਵਿੱਚ ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਏ ਸਾਥੀ ਘੱਟ ਗਿਣਤੀ ਵਿੱਚ ਹੀ ਮੌਜੂਦ ਸਨ। ਹੋਰਨਾਂ ਵਿਚਾਰਾਂ ਵਾਲੇ ਸਾਥੀਆਂ ਨੂੰ ਨਾਲ ਲੈਕੇ ਘੋਲ ਨੂੰ ਅੱਗੇ ਵਧਾਉਣ ਦਾ ਕਾਰਜ ਸੌਖਾ ਨਹੀਂ ਹੁੰਦਾ। 28 ਸਾਲ ਦੇ ਲੰਬੇ ਅਰਸੇ ਦੌਰਾਨ ਅਨੇਕਾਂ ਘੋਲ ਸ਼ਕਲਾਂ ਮੌਕੇ ਆਪ ਮੁਹਾਰਤਾ ਨੂੰ ਨੇੜੇ ਵੀ ਫਟਕਣ ਦਿੱਤਾ, ਸਗੋਂ ਹਰ ਪੜਾਅ ਪੂਰੇ ਯੋਜਨਾਬੱਧ ਤਰੀਕੇ ਨਾਲ ਸਫ਼ਲਤਾ ਪੂਰਵਕ ਅੱਗੇ ਵਧ ਰਿਹਾ ਹੈ। ਪੰਜਾਬ ਅੰਦਰ ਵੱਖ ਵੱਖ ਵਿਚਾਰਾਂ ਦੇ ਸਾਥੀਆਂ ਦੀ ਅਗਵਾਈ ਹੇਠ 28 ਸਾਲ ਸਾਂਝੇ ਤੌਰ 'ਤੇ ਅੱਗੇ ਵਧਣਾ, ਅੱਜ ਦੇ ਦੌਰ ਦੀ ਸਭ ਤੋਂ ਉੱਘੜਵੀਂ ਮਿਸਾਲ ਅਤੇ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਦਿੱਲੀ ਇਤਿਹਾਸਕ ਜੇਤੂ ਕਿਸਾਨ ਘੋਲ ਤੱਕ ਮਹਿਲਕਲਾਂ ਲੋਕ ਘੋਲ ਦੀ ਸਾਂਝੀ ਸ਼ਾਨਦਾਰ ਵਿਰਾਸਤ ਦੀ ਗੂੰਜ ਪੈਂਦੀ ਰਹੀ ਹੈ।
ਕੁੱਝ ਇੱਕ ਇਨਕਲਾਬੀ ਹਿੱਸਿਆਂ ਵੱਲੋਂ ਇਸ ਘੋਲ ਦੀ ਬੁਨਿਆਦ ਉੱਪਰ ਸਵਾਲ ਖੜ੍ਹੇ ਕੀਤੇ ਜਾਂਦੇ ਰਹੇ ਹਨ। ਇਸ ਸਭ ਕੁੱਝ ਦੇ ਬਾਵਜੂਦ ਸਾਂਝੇ ਘੋਲਾਂ ਦੀ ਇਸ ਸ਼ਾਨਾਮੱਤੀ ਵਿਰਾਸਤ ਨੇ ਨਵੇਂ ਦਿਸਹੱਦੇ ਸਿਰਜੇ ਹਨ। 'ਲੋਕ ਮਹਾਨ ਹੁੰਦੇ ਹਨ' ਦੀ ਇਤਿਹਾਸਕ ਸੱਚਾਈ ਨੂੰ ਲਾਗੂ ਕਰਦਿਆਂ ਹਰ ਪੜਾਅ ਤੇ ਘੋਲ ਨੂੰ ਵਿਸ਼ਾਲ ਜਨਤਾ ਉੱਪਰ ਟੇਕ ਰੱਖ ਕੇ ਅੱਗੇ ਵਧਾਇਆ। ਕਾਨੂੰਨੀ ਦਾਅ ਪੇਚ ਦੀ ਵਰਤੋਂ ਕਰਨ ਦਾ ਸੰਭਵ ਯਤਨ ਕੀਤਾ ਅਤੇ ਇਸ ਦੇ ਲੋਕ ਵਿਰੋਧੀ ਖਾਸੇ ਦਾ ਪਰਦਾਫਾਸ਼ ਵੀ ਕੀਤਾ। ਤਕਰੀਬਨ 3 ਦਹਾਕਿਆਂ ਦੇ ਸਾਂਝੇ ਸੰਘਰਸ਼ ਦੀ ਇਸ ਗਾਥਾ ਨੇ ਔਰਤਾਂ ਉੱਤੇ ਹੁੰਦੇ ਜ਼ਬਰ ਦੀਆਂ ਤਹਿਆਂ ਨੂੰ ਫਰੋਲਦਿਆਂ ਸਪੱਸ਼ਟ ਕੀਤਾ ਕਿ ਔਰਤਾਂ ਉੱਤੇ ਜ਼ਬਰ ਲਈ ਸੰਸਥਾਗਤ ਢਾਂਚਾ ਜ਼ਿੰਮੇਵਾਰ ਹੈ। ਔਰਤ ਵਰਗ ਦੀ ਮੁਕੰਮਲ ਮੁਕਤੀ ਇਸ ਲੁਟੇਰੇ ਅਤੇ ਜਾਬਰ ਪ੍ਰਬੰਧ ਨੂੰ ਜੜੋਂ ਉਖਾੜਕੇ ਨਵਾਂ ਜਮਹੂਰੀ ਲੋਕ ਪੱਖੀ ਬਰਾਬਰਤਾ ਵਾਲਾ ਪ੍ਰਬੰਧ ਸਿਰਜਣ ਨਾਲ ਹੀ ਸੰਭਵ ਹੋ ਸਕੇਗੀ। ਇਸ ਤਰ੍ਹਾਂ ਇਸ ਲੋਕ ਘੋਲ ਨੂੰ ਇਨਕਲਾਬ ਤੋਂ ਅੱਗੇ ਕਮਿਊਨ ਸਿਰਜਣ ਲਈ ਜਮਾਤੀ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਹੋਵੇਗਾ। ਸਾਂਝੇ ਸੰਘਰਸ਼ ਦੀ ਇਹ ਲੋਅ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਟਾ ਚਾਨਣਾਂ ਦਾ ਵੰਡਦੀ ਰਹੇਗੀ। 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦੇ 28ਵੇਂ ਬਰਸੀ ਸਮਾਗਮ ਜੁਝਾਰੂ ਕਾਫ਼ਲੇ ਪੂਰੇ ਇਨਕਲਾਬੀ ਜੋਸ਼ ਨਾਲ ਸ਼ਾਮਿਲ ਹੋਣਗੇ।
ਡਾ ਜਗਤਾਰ ਦੀਆਂ ਸਤਰਾਂ ਇਸ ਲੋਕ ਘੋਲ 'ਤੇ ਐਨ ਢੁੱਕਵੀਂਆਂ ਹਨ।
ਹਰ ਮੋੜ ਤੇ ਸਲੀਬਾਂ,
ਹਰ ਪੈਰ ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ,
ਸਾਡਾ ਵੀ ਦੇਖ ਜੇਰਾ।

-
ਨਰਾਇਣ ਦੱਤ , ਲੇਖਕ
,.
+91 84275 11770
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.