ਮਿੱਟੀ ਦੇ ਆਕਾਰ ਚ ਜਿੰਦ ਧੜਕਾਉਣ ਵਾਲੇ ਕਲਾਕਾਰ ਤਾਂ ਬੜੇ ਵੇਖੇ ਸੁਣੇ ਪਰ ਕੰਕਰੀਟ ਚ ਜਿੰਦ ਧੜਕਾਉਣ ਵਾਲਾ ਸਿਰਫ਼ ਤਾਰਾ ਸਿੰਘ ਰਾਏਕੋਟੀ ਹੀ ਸੀ। ਗੁਰਦਵਾਰਾ ਮਹਿਦੇਆਣਾ ਸਾਹਿਬ ਚ ਪੂਰੀ ਸਿੱਖ ਅਰਦਾਸ ਦਾ ਚਿਤੇਰਾ। ਸਭ ਬੁੱਤਾਂ ਦਾ ਮੂੰਹ ਗੁਰੂ ਘਰ ਵੱਲ ਹੀ ਹੈ। ਜ਼ਾਲਮਾਂ ਦਾ ਵੀ। 15 ਕੁ ਸਾਲ ਪਹਿਲਾਂ ਮੈਂ ਤੇ ਮੇਰਾ ਕਲਾਵੰਤ ਦੋਸਤ ਤੇਜਪ੍ਰਤਾਪ ਸੰਧੂ ਕਈ ਵਾਰ ਮਹਿਦੇਆਣਾ ਸਾਹਿਬ ਗਏ। ਬਜ਼ੁਰਗ ਬਾਬਾ ਬੇਲੀ ਜ਼ੋਰਾ ਸਿੰਘ ਦੇ ਬੁਲਾਵੇ ਤੇ। ਬਾਬਾ ਜਵਾਨੀ ਚ ਹਰ ਟੇਢੇ ਕੰਮ ਦਾ ਖਿਡਾਰੀ ਸੀ। ਲੱਖਾ(ਲੁਧਿਆਣਾ) ਪਿੰਡ ਦਾ ਸਰਪੰਚ ਵੀ ਰਿਹਾ। ਫਿਰ ਰੱਬ ਲੱਭਣ ਤੁਰ ਪਿਆ। ਰੱਬ ਤਾਂ ਨਾ ਲੱਭਿਆ ਪਰ ਤਾਰਾ ਸਿੰਘ ਰਾਏਕੋਟੀ ਲੱਭ ਪਿਆ। ਰੱਬ ਦਾ ਸ਼ਰੀਕ। ਰੱਬ ਦੇ ਮੁਕਾਬਲੇ ਕੰਕਰੀਟ ਦੇ ਬੰਦੇ ਬਣਾਉਣ ਵਾਲਾ। ਗੱਲਾਂ ਕਰਦੇ, ਹੁੰਗਾਰਾ ਭਰਦੇ ਬੰਦੇ। ਇਤਿਹਾਸ ਦੇ ਨਾਇਕ ਖਲਨਾਇਕ। ਦੋਵੇਂ ਆਹਮੋ ਸਾਹਮਣੇ। ਜਗਰਾਉਂ ਚ ਰਾਣੀ ਝਾਂਸੀ ਦਾ ਬੁੱਤ ੫੦ ਸਾਲ ਪਹਿਲਾਂ ਬਣਾਇਆ। ਰਾਏਕੋਟ ਚ ਜਰਨੈਲ ਹਰੀ ਸਿੰਘ ਨਲੂਆ ਹਾਜ਼ਰ ਹੈ। ਪੂਰੇ ਪੰਜਾਬ ਚ ਕਿਤੇ ਨਾ ਕਿਤੇ ਤਾਰਾ ਸਿੰਘ ਮਿਲਦਾ ਗਿਲਦਾ ਰਹੇਗਾ।
ਸਰੀਰ ਹੀ ਗਿਆ ਹੈ, ਕੰਮ ਤਾਂ ਬੋਲੇਗਾ।
ਮੋਹਨ ਸਿੰਘ ਮੱਲੇ ਤੇ ਅਸਾਂ ਸਨਮਾਨਿਤ ਕੀਤਾ ਤਾਂ ਅੱਖਾਂ ਭਰ ਕੇ ਬੋਲਿਆ।
ਮੇਰੀ ਕਿਰਤ ਦਾ ਵੀ ਕਦੇ ਏਨਾ ਮੁੱਲ ਪਵੇਗਾ, ਕਦੇ ਨਹੀਂ ਸੀ ਸੋਚਿਆ। ਜਲੰਧਰ ਦੂਰਦਰਸ਼ਨ ਨੇ ਤਾਰਾ ਸਿੰਘ ਬਾਰੇ ਦਸਤਾਵੇਜ਼ੀ ਫਿਲਮ ਬਣਾਈ।
ਸ ਤਾਰਾ ਸਿੰਘ ਦੀ ਯਾਦ ਚ ਮੇਰਾ ਸਿਰ ਝੁਕਦਾ ਹੈ।
ਗੁਰਭਜਨ ਗਿੱਲ