ਫਿਰੋਜ਼ਪੁਰ 'ਚ ਮੀਂਹ ਦੇ ਪਾਣੀ ਨਾਲ ਭਰੇ ਟੋਏ 'ਚ ਡੁੱਬਣ ਕਾਰਨ ਦੋ ਕੁੜੀਆਂ ਦੀ ਮੌਤ
ਫਿਰੋਜ਼ਪੁਰ, 29 ਜੂਨ 2025 - ਫਿਰੋਜ਼ਪੁਰ ਦੇ ਪਿੰਡ ਖਲਚੀਆਂ ਜਾਦੀਦ 'ਚ ਦੋ ਚਚੇਰੀਆਂ ਭੈਣਾਂ ਦੀ ਪਾਣੀ ਦੇ ਟੋਏ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪੀੜਤ ਪਰਿਵਾਰ ਦੇ ਮੈਂਬਰਾਂ ਅਨੁਸਾਰ, ਭੱਠੇ ਦੇ ਮਾਲਕ ਨੇ ਮੀਂਹ ਦਾ ਪਾਣੀ ਅਤੇ ਕਲੋਨੀ ਦਾ ਪਾਣੀ ਸੁੱਟਣ ਲਈ ਟੋਏ ਪੁੱਟੇ ਸਨ ਤੇ ਦੋਵੇਂ ਚਚੇਰੀਆਂ ਭੈਣਾਂ, ਜਿਨ੍ਹਾਂ ਦੀ ਉਮਰ ਚਾਰ ਅਤੇ ਪੰਜ ਸਾਲ ਸੀ, ਅਚਾਨਕ ਫਿਸਲ ਕੇ ਇਸ ਪਾਣੀ ਦੇ ਟੋਏ ਵਿੱਚ ਡਿੱਗ ਗਈਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿ ਭੱਠਾ ਮਾਲਕ ਨੇ ਮੀਂਹ ਦੇ ਪਾਣੀ ਨੂੰ ਕੱਢਣ ਲਈ ਇੱਕ ਵੱਡਾ ਟੋਆ ਪਾਇਆ ਸੀ ਅਤੇ ਮੀਂਹ ਤੋਂ ਬਾਅਦ ਇਹ ਟੋਆ ਪਾਣੀ ਨਾਲ ਭਰ ਗਿਆ ਅਤੇ ਸਾਡੇ ਬੱਚੇ ਅਚਾਨਕ ਫਿਸਲ ਕੇ ਇਸ ਪਾਣੀ ਨਾਲ ਭਰੇ ਟੋਏ ਵਿੱਚ ਡਿੱਗ ਗਏ ਜਿਸ ਕਾਰਨ ਦੋਵੇਂ ਬੱਚਿਆਂ ਦੀ ਇਸ ਟੋਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਅਤੇ ਜਦੋਂ ਤੱਕ ਉਨ੍ਹਾਂ ਨੂੰ ਪਤਾ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ। ਪਰਿਵਾਰ ਦੇ ਮੈਂਬਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਭੱਠੇ ਮਾਲਕ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇ।
ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਦੋ ਕੁੜੀਆਂ ਦੀ ਪਾਣੀ ਦੇ ਟੋਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਲਿਆਂਦਾ ਗਿਆ, ਉੱਥੋਂ ਉਨ੍ਹਾਂ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਅਤੇ ਭੈਣਾਂ ਦੇ ਆਧਾਰ 'ਤੇ ਢੁਕਵੀਂ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ।