ਧਮਕ ਪਊ ਹੁਣ ਵਪਾਰ ਮੰਡਲ ਦੀ ਸੋਨੂੰ ਮਹੇਸ਼ਵਰੀ ਨੂੰ ਬਣਾਇਆ ਸਕੱਤਰ ਸਣੇ ਸਤਿਕਾਰ ਮੀਆਂ
ਅਸ਼ੋਕ ਵਰਮਾ
ਬਠਿੰਡਾ, 30 ਜੂਨ 2025: ਨਾ ਤਾਂ ਉਹ ਝਿਪਿਆ, ਨਾ ਲਿਫਿਆ ਤੇ ਨਾ ਹੀ ਵਿਕਿਆ। ਇਹੋ ਸਾਰ-ਤੱਤ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦੀ ਹੁਣ ਤੱਕ ਜ਼ਿੰਦਗੀ ਦਾ ਰਿਹਾ ਹੈ ਜਿਸ ਨਾ ਪੁਲੀਸ ਦੀ ਈਨ ਮੰਨੀ ਅਤੇ ਨਾ ਹੀ ਕਿਸੇ ਅਫਸਰ ਦੀ। ਤਾਹੀਂਓ ਵਪਾਰ ਮੰਡਲ ਨੇ ਅੱਜ ਸੋਨੂੰ ਨੂੰ ਜੱਥੇਬੰਦੀ ਵਿੱਚ ਸੂਬਾ ਸਕੱਤਰ ਦੇ ਅਹੁਦੇ ਨਾਲ ਨਿਵਾਜਿਆ ਹੈ।
ਸ਼ਹਿਰ ਦੇ ਵੱਡੀ ਗਿਣਤੀ ਲੋਕ ਇਸੇ ਕਰਕੇ ਆਖਦੇ ਹਨ ਕਿ ਸੋਨੂੰ ਮਹੇਸ਼ਵਰੀ ਨੇ ਲੋਕ ਸੰਘਰਸ਼ਾਂ ਦਾ ਤਮਾਸ਼ਾ ਸੱਚਮੁਚ ਘਰ ਫੂਕ ਕੇ ਹੀ ਦੇਖਿਆ ਹੈ। ਅੱਜ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ , ਵਪਾਰ ਮੰਡਲ ਬਠਿੰਡਾ ਦੇ ਪ੍ਰਧਾਨ ਜੀਵਨ ਗੋਇਲ ਅਤੇ ਸਵਰਨਕਾਰ ਸੰਘ ਦੇ ਨਾਮਵਰ ਆਗੂ ਕਰਤਾਰ ਸਿੰਘ ਜੌੜਾ ਨੇ ਸੋਨੂੰ ਮਹੇਸ਼ਵਰੀ ਨੂੰ ਵਪਾਰ ਮੰਡਲ ਪੰਜਾਬ ਦੇ ਸੂਬਾ ਸਕੱਤਰ ਦੀ ਨਿਯੁਕਤੀ ਦਾ ਪੱਤਰ ਸੌਂਪਿਆ। ਸੋਨੂੰ ਦੇ ਮੋਢਿਆਂ ਤੇ ਇਸ ਵੱਡੇ ਅਹੁਦੇ ਦੀ ਪੰਜਾਲੀ ਟਿਕਦਿਆਂ ਹੀ ਵਪਾਰੀਆਂ ਅਤੇ ਸਮਾਜਿਕ ਸੰਸਥਾਵਾਂ ’ਚ ਖੁਸ਼ੀਆਂ ਦਾ ਮਹੌਲ ਬਣ ਗਿਆ ਹੈ।
ਵਪਾਰੀ ਧਿਰਾਂ ਨੇ ਸੋਨੂੰ ਮਹੇਸ਼ਵਰੀ ਨੂੰ ਇਸ ਨਿਯੁਕਤੀ ਪ੍ਰਤੀ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਉਹ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਸੋਨੂੰ ਮਹੇਸ਼ਵਰੀ ਨੇ ਇਸ ਫੈਸਲੇ ਪ੍ਰਤੀ ਸੂਬਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਆਪਣੀ ਜਿੰਮੇਵਾਰੀ ਇਮਾਨਦਾਰੀ, ਪਾਰਦਰਸ਼ਿਤਾ , ਸਮਰਪਣ ,ਸੰਸਥਾ ਦੀ ਮਜ਼ਬੂਤੀ ਅਤੇ ਵਪਾਰੀਆਂ ਦੀ ਭਲਾਈ ਲਈ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀ ਭਲਾਈ ਲਈ ਉਹ ਸਰਕਾਰ ਤੋਂ ਹਰ ਸੰਭਵ ਸਹਿਯੋਗ ਹਾਸਲ ਕਰਨ ਦਾ ਯਤਨ ਕਰਨਗੇ।
ਇਸ ਮੌਕੇ ਵਪਾਰੀ ਆਗੂ ਜੀਵਨ ਗੋਇਲ ਨੇ ਕਿਹਾ ਕਿ ਵਪਾਰੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਸ਼ਹਿਰ ਦੇ ਜਮੀਨ ਨਾਲ ਜੁੜੇ ਨੌਜਵਾਨ ਨੂੰ ਸੂਬਾ ਪੱਧਰ ਤੇ ਇਹ ਮਹੱਤਵਪੂਰਨ ਕਾਰਜ ਮਿਲਿਆ ਹੈ । ਉਨ੍ਹਾਂ ਕਿਹਾ ਕਿ ਵਪਾਰ ਮੰਡਲ ਸੋਨੂੰ ਮਹੇਸ਼ਵਰੀ ਦੀ ਯੋਗਤਾ, ਤਜ਼ਰਬੇ ਅਤੇ ਜੱਥੇਬੰਦਕ ਯੋਗਤਾ ਦਾ ਲਾਹਾ ਮਿਲੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਵਪਾਰੀ ਸੋਨੂੰ ਮਹੇਸ਼ਵਰੀ ਦੇ ਮੋਢੇ ਨਾਲ ਮੋਢਾ ਜੋੜਕੇ ਚੱਲਣਗੇ ਅਤੇ ਉਨ੍ਹਾਂ ਦੀ ਅਗਵਾਈ ਹੇਠ ਵਪਾਰੀ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਨਿਕਲੇਗਾ ਅਤੇ ਜੱਥੇਬੰਦੀ ਹੋਰ ਮਜ਼ਬੂਤ ਹੋਵੇਗੀ।