ਜਗਤ ਪੰਜਾਬੀ ਸਭਾ ਵੱਲੋਂ 11ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼
* ਸੰਤ ਸੀਚੇਵਾਲ ਵੱਲੋਂ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਮਾਂ ਬੋਲੀ ਤੇ ਵਾਤਾਵਰਣ ਨੂੰ ਬਚਾਉਣ ਦਾ ਸੱਦਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 28 ਜੂਨ 2025 - ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੈਨੇਡਾ ਵਿੱਚ 11ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਉਦਘਾਟਨ ਕਰਦਿਆ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਵਾਤਾਵਰਣ ਨੂੰ ਬਚਾਉਣ ਲਈ ਮੋਹਰੀ ਭੂਮਿਕਾ ਨਿਭਾਉਣ। ਸੰਤ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਬਚੇਗਾ ਤਾਂ ਹੀ ਮਾਂ ਬੋਲੀ ਬਚੇਗੀ। ਤਿੰਨ ਦਿਨਾ ਵਰਲਡ ਪੰਜਾਬੀ ਕਾਨਫਰੰਸ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਕਰਵਾਈ ਜਾ ਰਹੀ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਭਰ ਨੂੰ ਹਵਾ, ਪਾਣੀ ਤੇ ਧਰਤੀ ਨੂੰ ਸਤਿਕਾਰ ਦੇਣ ਦਾ ਸੁਨੇਹਾ ਦਿੱਤਾ ਸੀ। ਉਹਨਾਂ ਕਿਹਾ ਕਿ ਅੱਜ ਜਿੱਥੇ ਸੰਯੁਕਤ ਰਾਸ਼ਟਰ ਖੇਤਰੀ ਭਸ਼ਾਵਾਂ ਦੇ ਖਤਮ ਹੋਣ ਬਾਰੇ ਫਿਰਕਮੰਦ ਹੈ ਉੱਥੇ ਹੀ ਵੱਧ ਰਹੀ ਆਲਮੀ ਤਪਸ਼ ਨੂੰ ਘਟਾਉਣ ਦੀ ਯਤਨਾਂ ਵਿੱਚ ਵੀ ਲੱਗਾ ਹੋਇਆ ਹੈ। ਉਹਨਾਂ ਵਰਲਡ ਪੰਜਾਬੀ ਕਾਨਫ਼ਰੰਸ ਕਰਵਾਉਣ ਲਈ ਸਮੱੁਚੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਕਿ ਉਹ ਸੱਤ ਸੁਮੰਦਰੋਂ ਪਾਰ ਰਹਿ ਕਿ ਵੀ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਬਤੌਰ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਜੀ ਦਾ ਇਹ ਪਹਿਲਾ ਕੈਨੇਡਾ ਦਾ ਦੌਰਾ ਹੈ।
ਇਸਤੋਂ ਪਹਿਲਾਂ ਖਾਲਸਾ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਸ਼ਮਾ ਰੌਸ਼ਨ ਕਰਨ ਦੀ ਰਸਮ ਹਰਕੀਰਤ ਸਿੰਘ ਡਿਪਟੀ ਮੇਅਰ, ਸੇਂਟ ਮਰੂਨੀ (ਡਿਪਟੀ ਮੇਅਰ ਮਿਸੀਸਾਗਾ), ਅਮਨਜੋਤ ਸਿੰਘ ਸੰਧੂ (ਐਮ.ਪੀ), ਅਮਨਦੀਪ ਕੌਰ ਸੋਢੀ (ਐਮ.ਪੀ), ਮਾਨਯੋਗ ਮਨਿੰਦਰ ਸਿੰਘ ਸਿੱਧੂ, ਪਾਲਵਨੰਤੀ (ਰੀਜ਼ਨਲ ਕੌਂਸਲਰ ਬਰੈਂਪਟਨ) ਨੇ ਕੀਤੀ। ਜਗਤ ਪੰਜਾਬੀ ਸਭਾ ਵੱਲੋਂ ਹਰਕੀਰਤ ਸਿੰਘ ਡਿਪਟੀ ਮੇਅਰ ਨੂੰ ਪੰਜਾਬੀ ਨਾਇਕ ਦਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਕਾਨਫ਼ਰੰਸ ਦੇ ਸਾਰੇ ਸਪਾਂਸਰਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਤਾਹੀਰ ਅਸਲਮ ਗੋਰਾ ਨੇ ਹਾਜ਼ਰੀਨ ਨੂੰ ਜੀ ਆਇਆ ਨੂੰ ਆਖਿਆ ਅਤੇ ਤਰਲੋਚਨ ਸਿੰਘ ਅਟਵਾਲ ਪ੍ਰਧਾਨ ਕਾਨਫਰੰਸ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਪਹਿਲੇ ਅਕਾਦਮਿਕ ਸੈਸ਼ਨ ਵਿੱਚ ਮੁੱਖ ਭਾਸ਼ਣ ਡਾ. ਮਨਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੇ ਦਿੱਤਾ। ਉਹਨਾਂ ਨੇ ਪੰਜਾਬੀ ਦੀ ਵਰਤਮਾਨ ਸਥਿਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਸੈਸ਼ਨ ਦੇ ਦੂਸਰੇ ਬੁਲਾਰੇ ਪਿਆਰਾ ਸਿੰਘ ਕੁੱਦੋਵਾਲ ਸਨ ਜਿਨ੍ਹਾਂ ਨੇ ਗਦਰੀ ਯੋਧਿਆਂ ਦੇ ਆਜ਼ਾਦੀ ਵਿੱਚ ਯੋਗਦਾਨ ਬਾਰੇ ਚਾਨਣਾ ਪਾਇਆ।