ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂ ਵਾਲ ਦੇ ਨਾਵਲ ‘ਮੁੜ ਆਈ ਬਹਾਰ’ ਉੱਪਰ ਹੋਈ ਵਿਚਾਰ ਚਰਚਾ
ਇਟਲੀ 6 ਮਈ 2025 - ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂ ਵਾਲ ਦੇ ਨਾਵਲ ‘ਮੁੜ ਆਈ ਬਹਾਰ’ ਉੱਪਰ ਆਨ ਲਾਈਨ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਵੱਖ ਵੱਖ ਸਾਹਿਤਕ ਚਿੰਤਕ ਅਤੇ ਆਲੋਚਕਾਂ ਨੇ ਹਿੱਸਾ ਲਿਆ। ਜਿਹਨਾਂ ਵਿੱਚ ਮੋਹਨ ਸਿੰਘ ਮੋਤੀ, ਪ੍ਰਿੰਸੀਪਲ ਹਰਸ਼ਰਨ ਕੌਰ, ਡਾ ਅੰਮ੍ਰਿਤਪਾਲ ਕੌਰ ਕਲੇਰ ਅਤੇ ਮੁਖਤਿਆਰ ਸਿੰਘ ਚੰਦੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਕਰਮਵਾਰ ਨਾਵਲ ਦੇ ਵੱਖ-ਵੱਖ ਰੂਪਾਂ ਜਿਵੇਂ ਵਿਸ਼ਾ ਵਸਤੂ, ਬਣਤਰ - ਬੁਣਤਰ ,ਕਹਾਣੀ, ਪਾਤਰ ਉਸਾਰੀ, ਸਮਾਂ- ਸਥਾਨ ਆਦਿ ਉੱਪਰ ਨਿੱਠ ਕੇ ਚਰਚਾ ਕੀਤੀ। ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਸ਼ਬਦਾਂ ਵਿੱਚ ਜਿੱਥੇ ਸਭ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਉੱਥੇ ਬਿੰਦਰ ਕੋਲੀਆਂ ਵਾਲ ਦੇ ਸਾਹਿਤਕ ਸਫ਼ਰ ਬਾਰੇ ਵੀ ਦੱਸਦਿਆਂ ਕਿਹਾ ਕਿ ਬਿੰਦਰ ਕੋਲੀਆਂ ਵਾਲ ਨਿਰੰਤਰਤਾ ਨਾਲ ਲਿਖਣ ਵਾਲਾ ਅਣਥੱਕ ਲੇਖਕ ਹੈ ਜਿਸ ਤੋਂ ਪੰਜਾਬੀ ਸਾਹਿਤ ਨੂੰ ਬਹੁਤ ਉਮੀਦਾਂ ਹਨ। ਮੋਹਨ ਸਿੰਘ ਮੋਤੀ ਨੇ ਬੋਲਦੇ ਹੋਏ ਕਿਹਾ ਕਿ ਨਾਵਲ ਦੀ ਵਿਸ਼ੇਸ਼ਤਾ ਹੈ ਇਸ ਵਿੱਚ ਆਲੋਪ ਹੋ ਰਹੇ ਪੰਜਾਬੀ ਦੇ ਸ਼ਬਦਾਂ ਦੀ ਬਹੁਤ ਸਾਰਥਿਕ ਵਰਤੋਂ ਕੀਤੀ ਗਈ ਹੈ।
ਉਹਨਾਂ ਹੋਰ ਵੀ ਕਿਹਾ ਨਾਵਲ ਪੇਂਡੂ ਕਿਸਾਨੀ ਜ਼ਿੰਦਗੀ ਦੇ ਕਈ ਦਹਾਕਿਆਂ ਜ਼ਿੰਦਗੀ ਉੱਪਰ ਚਾਨਣਾ ਪਾਉਂਦਾ ਲਗਾਤਾਰ ਸਫ਼ਰ ਕਰਦਾ ਹੈ । ਹਰਸ਼ਰਨ ਕੌਰ ਨੇ ਨਾਵਲ ਦਾ ਵਿਸ਼ਾ ਵਸਤੂ , ਸਮਾਂ ਸਥਾਨ ਤੇ ਬਣਤਰ ਬੁਣਤਰ ਬਾਰੇ ਆਪਣੇ ਗਹਿਰੇ ਅਨੁਭਵ ਸਾਂਝੇ ਕੀਤੇ। ਅੰਮ੍ਰਿਤਪਾਲ ਕੌਰ ਕਲੇਰ ਨੇ ਨਾਵਲ ਉੱਤੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਇਸ ਵਿਚ ਔਰਤ ਦੇ ਕਿਰਦਾਰ ਨੂੰ ਬਹੁਤ ਮਜ਼ਬੂਤੀ ਨਾਲ ਪੇਸ਼ ਕਰਦੇ ਦੱਸਿਆ ਗਿਆ ਹੈ ਕਿ ਔਰਤ ਘਰ ਦਾ ਮਜ਼ਬੂਤ ਥੰਮ ਹੁੰਦੀ ਹੈ। ਉਹ ਚਾਹੇ ਤਾਂ ਹਿੰਮਤ ਨਾਲ ਪ੍ਰੀਵਾਰ ਨੂੰ ਹਰ ਸੰਕਟ ਵਿੱਚੋਂ ਕੱਢ ਸਕਦੀ ਹੈ। ਮੁਖਤਿਆਰ ਸਿੰਘ ਚੰਦੀ ਨੇ ਨਾਵਲ ਦੇ ਵੱਖ-ਵੱਖ ਪਹਿਲੂਆਂ ਤੇ ਗੱਲ ਕਰਨ ਤੋਂ ਇਲਾਵਾ ਬਾਕੀ ਬੁਲਾਰਿਆਂ ਦੀ ਗੱਲਬਾਤ ਨੂੰ ਵੀ ਆਪਣੀ ਚਰਚਾ ਦਾ ਕੇਂਦਰ ਬਿੰਦੂ ਬਣਾ ਕੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ।
ਅੰਤ ਵਿੱਚ ਨਾਵਲ ਮੁੜ ਆਈ ਬਹਾਰ ਦੇ ਲੇਖਕ ਬਿੰਦਰ ਕੋਲੀਆਂਵਾਲ ਨੇ ਇਸ ਵਿਚਾਰ ਚਰਚਾ ਉਪਰ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਉਸ ਨੂੰ ਸਾਰੀ ਵਿਚਾਰ ਚਰਚਾ ਤੋਂ ਬਹੁਤ ਕੁੱਝ ਸਿੱਖਣ ਸਮਝਣ ਤੇ ਵਿਚਾਰਨ ਲਈ ਮਿਲਿਆ। ਜਿਸਨੂੰ ਉਹ ਅਗਲੀਆਂ ਲਿਖਤਾਂ ਵਿੱਚ ਹੋਰ ਵੀ ਬੇਹਤਰੀ ਨਾਲ ਸਾਂਝਿਆਂ ਕਰੇਗਾ। ਇਸ ਸਾਰੀ ਵਿਚਾਰ ਚਰਚਾ ਦਾ ਸੰਚਾਲਨ ਦਲਜਿੰਦਰ ਰਹਿਲ ਵੱਲੋਂ ਕੀਤਾ ਗਿਆ। ਜਿਨ੍ਹਾਂ ਨੇ ਨਾਵਲ ਅਤੇ ਬਿੰਦਰ ਕੋਲੀਆਂਵਾਲ ਦੇ ਹੋਰ ਸਾਹਿਤਕ ਕਾਰਜਾਂ ਦੀ ਵੀ ਸਰਾਹਨਾ ਕੀਤੀ । ਇਸ ਵਿਚਾਰ ਚਰਚਾ ਵਿੱਚ ਹੋਰਨਾਂ ਤੋਂ ਇਲਾਵਾ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਮੀਤ ਪ੍ਰਧਾਨ ਗੁਰਮੀਤ ਮੱਲ੍ਹੀ, ਰਾਣਾ ਅਠੌਲਾ, ਜਸਵਿੰਦਰ ਕੌਰ ਮਿੰਟੂ, ਕਰਮਜੀਤ ਕੌਰ ਰਾਣਾ, ਰਾਜੂ ਹਠੂਰੀਆ , ਪ੍ਰੋ ਜਸਪਾਲ ਸਿੰਘ ਅਤੇ ਸਿੱਕੀ ਝੱਜੀ ਪਿੰਡ ਵਾਲਾ ਆਦਿ ਹਾਜ਼ਰ ਹੋਏ।