ਇੰਡਸਟਰੀਅਲ ਏਰੀਏ 'ਚ ਲੱਗੀ ਭਿਆਨਕ ਅੱਗ, 9 ਮਹੀਨੇ ਦੀ ਬੱਚੀ ਦੀ ਮੌਤ
Babushahi Bureau
ਮੋਹਾਲੀ, 30 ਜੂਨ 2025 – ਮੋਹਾਲੀ ਦੇ ਇੰਡਸਟਰੀਅਲ ਖੇਤਰ ਫੇਜ਼ 5 'ਚ ਇਕ ਯੂਨਿਟ ਵਿੱਚ ਲੱਗੀ ਭਿਆਨਕ ਅੱਗ ਕਾਰਨ 9 ਮਹੀਨੇ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇਕ ਮਹਿਲਾ ਸਮੇਤ ਦੋ ਵਿਅਕਤੀ ਗੰਭੀਰ ਝੁਲਸ ਗਏ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਪਹਿਲੀ ਜਾਣਕਾਰੀ ਮੁਤਾਬਕ, ਇਹ ਅੱਗ ਬਿਜਲੀ ਦੇ ਬੋਰਡ ਉੱਤੇ ਲਗੀਆਂ ਨੰਗੀਆਂ ਤਾਰਾਂ ਕਾਰਨ ਹੋਏ ਸ਼ਾਰਟ ਸਰਕਟ ਤੋਂ ਲੱਗੀ। ਇਸ ਕਾਰਨ ਬਿਜਲੀ ਵਿਭਾਗ ਦੀ ਨਲਾਇਕੀ ਸਾਮ੍ਹਣੇ ਆਈ ਹੈ।
ਦੂਜੇ ਪਾਸੇ, ਫਾਇਰ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਉਠ ਰਹੇ ਹਨ, ਕਿਉਂਕਿ ਘਟਨਾ ਵਾਲੀ ਥਾਂ ਤੇ ਕਿਸੇ ਤਰ੍ਹਾਂ ਦੀ ਫਾਇਰ ਸੇਫਟੀ ਜਾਂ ਉਪਕਰਨ ਦੀ ਪੂਰਵ ਜਾਂਚ ਨਹੀਂ ਕੀਤੀ ਗਈ ਸੀ।
ਇਲਾਕਾ ਨਿਵਾਸੀਆਂ ਅਨੁਸਾਰ, ਜੇਕਰ ਸੰਬੰਧਤ ਵਿਭਾਗ ਵੱਲੋਂ ਸਮੇਂ ਸਿਰ ਜਾਂਚ ਅਤੇ ਸੁਰੱਖਿਆ ਉਪਚਾਰ ਕੀਤੇ ਜਾਂਦੇ ਤਾਂ ਇਹ ਵੱਡਾ ਹਾਦਸਾ ਰੁਕ ਸਕਦਾ ਸੀ। ਘਟਨਾ ਤੋਂ ਬਾਅਦ ਲੋਕਾਂ 'ਚ ਰੋਸ ਹੈ ਅਤੇ ਜਵਾਬਦੇਹੀ ਦੀ ਮੰਗ ਕੀਤੀ ਜਾ ਰਹੀ ਹੈ।