Babushahi Special: ਆਪਣੀ ਹੀ ਸਰਕਾਰ ਖਿਲਾਫ ‘ਟਿੰਡ ’ਚ ਕਾਨਾ’ ਪਾਈ ਰੱਖਣ ਕਰਕੇ ਮੁੱਕਿਆ ‘ਕੁੰਵਰ ਵਿਜੇ ਦਾ ਸਿਆਸੀ ਪ੍ਰਤਾਪ’
ਅਸ਼ੋਕ ਵਰਮਾ
ਬਠਿੰਡਾ,29 ਜੂਨ 2025:ਅੰਮ੍ਰਿਤਸਰ ਉੱਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਵਿਜੀਲੈਂਸ ਵੱਲੋਂ ਕੀਤੀ ਗ੍ਰਿਫਤਾਰੀ ਦਾ ਵਿਰੋਧ ਅਤੇ ਹਮੇਸ਼ਾ ਸਰਕਾਰ ਦੀ ‘ਟਿੰਡ ਵਿੱਚ ਕਾਨਾ’ ਪਾਈ ਰੱਖਣ ਦਾ ਖਮਿਆਜਾ ਭੁਗਤਣਾ ਪਿਆ ਹੈ। ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਨਾਲ ਸਬੰਧਤ ਕਮੇਟੀ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜ ਸਾਲ ਲਈ ਪਾਰਟੀ ਤੋਂ ਮੁੱਅਤਲ ਕਰ ਦਿੱਤਾ ਹੈ। ਇਹ ਪਹਿਲਾ ਮੌਕੇ ਨਹੀਂ ਜਦੋਂ ਕੁੰਵਰ ਨੇ ਸਰਕਾਰ ਦੀ ਵਿਰੋਧਤਾ ਕੀਤੀ ਹੋਵੇ ਬਲਕਿ ਭਗਵੰਤ ਮਾਨ ਸਰਕਾਰ ਆਉਣ ਤੋਂ ਬਾਅਦ ਉਹ ਪੰਜਾਬ ਸਰਕਾਰ ਦੇ ਨੀਤੀ ਪ੍ਰੋਗਰਾਮਾਂ ਦੀ ਅਕਸਰ ਅਲੋਚਨਾ ਕਰਦੇ ਆ ਰਹੇ ਸਨ। ਰੌਚਕ ਪਹਿਲੂ ਹੈ ਕਿ ਮਹੱਤਵਪੂਰਨ ਮਾਮਲਿਆਂ ਤੇ ਜਦੋਂ ਪਾਰਟੀ ਇੱਕ ਮੋਰੀ ਨਿਕਲਦੀ ਸੀ ਪਰ ਕੁੰਵਰ ਵਿਜੇ ਪ੍ਰਤਾਪ ਦਾ ਸਟੈਂਡ ਬਾਕੀਆਂ ਨਾਲੋਂ ਵੱਖਰਾ ਹੀ ਹੁੰਦਾ ਸੀ।

ਹੁਣ ਜਦੋਂ ਵਿਜੀਲੈਂਸ ਨੇ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਤਾਂ ਜਿੱਥੇ ਸਮੁੱਚੀ ਪਾਰਟੀ ਪੰਜਾਬ ਸਰਕਾਰ ਦੀ ਪਿੱਠ ਤੇ ਖਲੋਤੀ ਹੋਈ ਸੀ ਉੱਥੇ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਗ੍ਰਿਫਤਾਰੀ ਨੂੰ ਲੈਕੇ ਸਰਕਾਰ ਹੀ ਕਟਹਿਰੇ ’ਚ ਖੜ੍ਹਾ ਦਿੱਤੀ ਜਿਸ ਨੂੰ ਪਾਰਟੀ ਹਾਈਕਮਾਂਡ ਨੇ ਗੰਭੀਰਤਾ ਨਾਲ ਲੈਂਦਿਆਂ ਆਪਣੇ ਹੀ ਵਿਧਾਇਕ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਕਹਿਣਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਤਾਂ ਤਕਰੀਬਨ ਹਰ ਮੁੱਦੇ ਤੇ ਪਾਰਟੀ ਨਾਲੋਂ ਵੱਖਰੀ ਲਾਈਨ ਹੁੰਦੀ ਸੀ ਜੋਕਿ ਸਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਨੇ ਉਨ੍ਹਾਂ ਨੂੰ ਸੋਚ ਵਿਚਾਰ ਕਰਨ ਲਈ ਕਾਫੀ ਸਮਾਂ ਦਿੱਤਾ ਸੀ ਪਰ ਜਦੋਂ ਉਨ੍ਹਾਂ ਦੇ ਜਿਆਦਾਤਰ ਖਾਸ ਤੌਰ ’ਤੇ ਅਹਿਮ ਮਾਮਲਿਆਂ ’ਚ ਸੁਰ ਆਪਣੀ ਹੀ ਹਕੂਮਤ ਖਿਲਾਫ ਤਿੱਖੇ ਰਹੇ ਤਾਂ ਇਹ ਅਣਕਿਆਸਿਆ ਫੈਸਲਾ ਲੈਣਾ ਪਿਆ ਹੈ।
ਹਲਕਾ ਉੱਤਰੀ ਦੇ ਵਿਧਾਇਕ ਡਾ: ਕੁੰਵਰ ਵਿਜੇ ਪ੍ਰਤਾਪ ਸਿੰਘ ਅਕਤੂਬਰ 2023 ਦੌਰਾਨ ਪਹਿਲੀ ਵਾਰ ਉਦੋਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕਰਨ ਕਰਕੇ ਆਪਣੀ ਹੀ ਸਰਕਾਰ ਤੇ ਸਵਾਲ ਚੁੱਕ ਦਿੱਤੇ ਸਨ। ਆਪਣੇ ਫੇਸਬੁੱਕ ਪੇਜ ’ਤੇ ਪੋਸਟ ਸ਼ੇਅਰ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਮੇਰੇ ਤੋਂ ਸਭ ਤੋਂ ਵੱਡੀ ਗਲਤੀ ਇਹ ਹੋਈ ਕਿ ਮੈ ਉਨ੍ਹਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਰਾਜਨੀਤੀ ਦਾ ਸ਼ਿਕਾਰ ਹੋ ਗਿਆ। ਪੋਸਟ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਤੱਕ ਕੋਈ ਫੈਸਲਾ ਨਹੀਂ ਹੋ ਜਾਂਦਾ ਲੜਾਈ ਜਾਰੀ ਰਹੇਗੀ। ਕੁਵੰਰ ਵਿਜੇ ਪ੍ਰਤਾਪ ਸਿੰਘ ਨੇ ਉਦੋਂ ਆਪਣੇ ਫੇਸਬੁੱਕ ਪੇਜ ’ਤੇ ਇੱਕ ਵੀਡੀਓ ਜਾਰੀ ਕੀਤੀ ਸੀ ਅਤੇ ਵਿਅੰਗਮਈ ਟਿੱਪਣੀਆਂ ਕੀਤੀਆਂ ਸਨ ਤੇ ਕਾਰਵਾਈ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਗ੍ਰਹਿ ਮੰਤਰੀ ਹੋਣ ਦਾ ਮਿਹਣਾ ਵੀ ਮਾਰਿਆ ਸੀ।
ਫੇਸਬੁੱਕ ਪੋਸਟ ’ਚ ਉਨ੍ਹਾਂ ਕਿਹਾ ਸੀ ,‘ਮੈਂ ਨਿੱਜੀ ਵਕੀਲਾਂ ਨੂੰ ਨਾਲ ਲੈਕੇ ਅਦਾਲਤਾਂ ਵਿੱਚ ਪੈਰਵਾਈ ਕਰ ਰਿਹਾ ਹਾਂ। ਮੈਨੂੰ ਜਾਣਬੁੱਝ ਕੇ ਜਲੀਲ ਕੀਤਾ ਜਾ ਰਿਹਾ ਹੈ। ਦੋਸ਼ੀ ਸਰਕਾਰੀ ਤੰਤਰ ਤੇ ਹਾਵੀ ਹੋ ਗਏ। ਪੰਜਾਬੀਆਂ ਦੇ ਨਾਲ ਧੋਖਾ ਹੋ ਗਿਆ ਹੈ। ਲੇਕਿਨ ਆਖ਼ਰੀ ਫੈਸਲਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੋਣਾ ਹੈ। ਮੇਰੀ ਜੰਗ ਜਾਰੀ ਰਹੇਗੀ, ਹਰ ਤਸ਼ੱਦਦ ਸਹਿਣ ਲਈ ਤਿਆਰ ਹਾਂ। ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੂੰ ਵਿਰੋਧੀ ਧਿਰਾਂ ਦੀਆਂ ਤਲਖ ਟਿੱਪਣੀਆਂ ਅਤੇ ਜਨਤਕ ਤੌਰ ਤੇ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਗੰਭੀਰ ਮਾਮਲੇ ਨੂੰ ਲੈਕੇ ਪੰਜਾਬ ਸਰਕਾਰ ਦੀ ਵੱਡੇ ਪੱਧਰ ਤੇ ਕਿਰਕਿਰੀ ਹੋਣ ਬਾਵਜੂਦ ਆਮ ਆਦਮੀ ਪਾਰਟੀ ਨੇ ਕੁੰਵਰ ਵੱਲੋਂ ਸੁਧਾਰ ਲਿਆਉਣ ਦੀ ਉਮੀਦ ਵਿੱਚ ਆਪਣੇ ਵਿਧਾਇਕ ਖਿਲਾਫ ਕਾਰਵਾਈ ਤੋਂ ਪਾਸਾ ਵੱਟ ਲਿਆ ਸੀ।
ਇਸ ਦੇ ਉਲਟ ਜਨਵਰੀ 2025 ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬਿਨਾਂ ਨਾਮ ਲਿਆਂ ਆਮ ਆਦਮੀ ਪਾਰਟੀ ਦੇ ਕੁੱਝ ਆਗੂਆਂ ’ਤੇ ਨਗਰ ਨਿਗਮ ਦੀ ਚੋਣ ਜਿੱਤੇ ਕੌਂਸਲਰਾਂ ਦੀ ਖ਼ਰੀਦੋ-ਫਰੋਖ਼ਤ ਕਰਨ ਦੇ ਦੋਸ਼ ਲਾ ਦਿੱਤੇ ਜਿਸ ਨੇ ਲੀਡਰਸ਼ਿਪ ਨੂੰ ਸੁੰਨ ਕਰਕੇ ਰੱਖ ਦਿੱਤਾ ਸੀ। ਗੱਲ ਇੱਥੇ ਹੀ ਖਤਮ ਨਹੀਂ ਹੋਈ ਬਲਕਿ ਕੁੰਵਰ ਨੇ ਕੈਪਟਨ ਸਰਕਾਰ ਦੌਰਾਨ 2020 ਵਿੱਚ ਮਾਝੇ ਅਤੇ 2024 ’ਚ 20 ਵਿਅਕਤੀਆਂ ਦੀ ਜਾਨ ਲੈਣ ਵਾਲੇ ਸੰਗਰੂਰ ਜਿਲ੍ਹੇ ਵਿੱਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਹਵਾਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪਣੀ ਹੀ ਸਰਕਾਰ ’ਤੇ ਰਾਜਨੀਤੀ-ਪੁਲੀਸ-ਸ਼ਰਾਬ ਮਾਫੀਆ ਗਠਜੋੜ ਰੋਕਣ ਵਿਚ ਅਸਫਲ ਰਹਿਣ ਦੇ ਦੋਸ਼ ਲਾ ਦਿੱਤੇ। ਉਨ੍ਹਾਂ ਮੁੱਖ ਮੰਤਰੀ ਨੂੰ ਕਤਲ ਦਾ ਕੇਸ ਦਰਜ ਕਰਨ ਸਬੰਧੀ ਪਹਿਲਾਂ ਦਿੱਤੇ ਬਿਆਨ ਤੇ ਖਰਾ ਉੱਤਰਨ ਦੀ ਨਸੀਹਤ ਤੱਕ ਦੇ ਦਿੱਤੀ ਫਿਰ ਵੀ ਪਾਰਟੀ ਚੁੱਪ ਰਹੀ ਸੀ।
ਅਨੁਸ਼ਾਸ਼ਨਹੀਣਤਾ ਬਰਦਾਸਤ ਨਹੀਂ
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਬਠਿੰਡਾ ਦਾ ਕਹਿਣਾ ਸੀ ਕਿ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਸਮੁੱਚਾ ਪੰਜਾਬ , ਭਗਵੰਤ ਮਾਨ ਸਰਕਾਰ ਦੇ ਹੱਕ ’ਚ ਖਲੋਤਾ ਹੈ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਮਜੀਠੀਆ ਦੇ ਹੱਕ ’ਚ ਖਲੋਣਾ ਸਿਰੇ ਦੀ ਅਨੁਸ਼ਾਸ਼ਹੀਣਤਾ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪਣੀ ਗੱਲ ਪਾਰਟੀ ਪਲੇਟਫਾਰਮ ਜਾਂ ਮੁੱਖ ਮੰਤਰੀ ਕੋਲ ਰੱਖੀ ਜਾ ਸਕਦੀ ਸੀ ਪਰ ਉਹ ਤਾਂ ਹਮੇਸ਼ਾ ਹੀ ਆਪਣੀ ਸਰਕਾਰ ਖਿਲਾਫ ਭਗਤਦੇ ਆ ਰਹੇ ਹਨ ਜਿਸ ਕਰਕੇ ਪਾਰਟੀ ਨੂੰ ਅਨੁਸ਼ਾਸ਼ਨ ਬਣਾਕੇ ਰੱਖਣ ਲਈ ਇਹ ਸਖਤ ਫੈਸਲਾ ਲੈਣਾ ਪਿਆ ਹੈ।