ਯੂਰਪ ਵਿੱਚ ਪੰਜਾਬੀ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਪੰਜਾਬੀ ਪ੍ਰੇਮੀਆਂ ਨੇ ਚੁੱਕਿਆ ਵੱਡਾ ਕਦਮ, ਪੜ੍ਹੋ ਵੇਰਵਾ
ਇਟਲੀ, 1 ਜੁਲਾਈ 2025: ਯੂਰਪੀ ਪੰਜਾਬੀ ਲੇਖਕ ਭਾਈਚਾਰੇ ਵਲੋਂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯੂਰਪ ਵਿਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਸੰਦਰਭ ਵਿੱਚ ਯੂਰਪੀ ਪੰਜਾਬੀ ਕਾਨਫ਼ਰੰਸਾਂ ਤੇ ਸਾਂਝੀਆਂ ਇਕੱਤਰਤਾਵਾਂ ਵੀ ਕੀਤੀਆਂ ਗਈਆਂ। ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਯੂਰਪੀ ਮੁਲਕਾਂ ਵਿੱਚ ਪੰਜਾਬੀ ਸਾਹਿਤ ਅਤੇ ਬੋਲੀ ਲਈ ਸਾਂਝਾ ਮੰਚ ਉਸਾਰ ਕੇ ਇਸ ਖਿੱਤੇ ਵਿੱਚ ਪੰਜਾਬੀ ਸਾਹਿਤ ਅਤੇ ਪੰਜਾਬੀ ਬੋਲੀ ਦੇ ਪ੍ਰਚਾਰ, ਪ੍ਰਸਾਰ ਅਤੇ ਬੇਹਤਰੀ ਲਈ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕੀਤਾ ਗਿਆ ਹੈ। ਇਸ ਸੰਗਠਨ ਨੂੰ ਯੂਰਪੀ ਪੰਜਾਬੀ ਲਿਟਰੇਰੀ ਅਕਾਡਮੀ (EPLA ਐਪਲਾ) ਦਾ ਨਾਮ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਇਸਦੇ ਸਬੰਧ ਵਿੱਚ ਸਰਗਰਮ ਯੂਰਪੀ ਪੰਜਾਬੀ ਲੇਖਕਾਂ ਵਲੋਂ ਇਟਲੀ, ਜਰਮਨ ਅਤੇ ਬਰਤਾਨੀਆ ਵਿੱਚ ਕਾਫੀ ਸਮੇਂ ਤੋਂ ਸਾਂਝੀਆਂ ਇੱਕਤਰਤਾਵਾਂ ਕੀਤੀਆਂ ਗਈਆਂ ਤੇ ਫ਼ੈਸਲਾ ਲਿਆ ਗਿਆ। ਸਰਬ ਸੰਮਤੀ ਨਾਲ ਹੋਏ ਇਸ ਸਾਹਿਤਿਕ ਅਕਾਦਮੀ ਦੇ ਗਠਨ ਵਿੱਚ ਬਲਵਿੰਦਰ ਸਿੰਘ ਚਾਹਲ ਯੂ ਕੇ ਨੂੰ ਪ੍ਰਧਾਨ , ਮੀਤ ਪ੍ਰਧਾਨ ਵਜੋਂ ਗੁਰਪ੍ਰੀਤ ਕੌਰ ਗਾਇਦੂ ਗ੍ਰੀਸ ਅਤੇ ਰੂਪ ਦਵਿੰਦਰ ਕੌਰ ਯੂ ਕੇ, ਦਲਜਿੰਦਰ ਸਿੰਘ ਰਹਿਲ ਇਟਲੀ ਜਰਨਲ ਸਕੱਤਰ, ਅਮਜਦ ਆਰਫੀ ਜਰਮਨ ਖਜ਼ਾਨਚੀ ਅਤੇ ਪ੍ਰੋ ਜਸਪਾਲ ਸਿੰਘ ਨੂੰ ਮੁੱਖ ਸਲਾਹਕਾਰ ਦੀਆਂ ਸੇਵਾਵਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਜਲਦੀ ਹੀ ਇਸ ਸੰਗਠਨ ਵੱਲੋਂ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀ ਚਿੰਤਕਾਂ, ਬੁੱਧੀਜੀਵੀਆਂ ਅਤੇ ਸਾਹਿਤ ਸਭਾਵਾਂ ਤੇ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਕੇ ਯੂਰਪ ਵਿੱਚ ਪੰਜਾਬੀ ਸਾਹਿਤ ਅਤੇ ਪੰਜਾਬੀ ਬੋਲੀ ਦੀ ਬੇਹਤਰੀ ਲਈ ਕਾਰਜ ਅਰੰਭੇ ਜਾਣਗੇ।