ਨਿਰੰਤਰ ਸ਼ਬਦ ਸਾਧਨਾ ਤੇ ਅਧਿਐਨ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਮਾਰਗ ਨੂੰ ਸਮਝ ਸਕਦੇ ਹਾਂ— ਗਿਆਨੀ ਪਿੰਦਰਪਾਲ ਸਿੰਘ
ਲੁਧਿਆਣਾਃ 11 ਮਈ 2025- ਵਿਸ਼ਵ ਵਿੱਚ ਗੁਰੂ ਗਰੰਥ ਸਾਹਿਬ ਤੇ ਮਾਣ ਮੱਤੀ ਸਿੱਖ ਵਿਰਾਸਤ ਨੂੰ ਕਥਾ ਰਾਹੀਂ ਪ੍ਰਚਾਰਨ ਪ੍ਰਸਾਰਨ ਵਾਲੇ ਵਿਦਵਾਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਬੀਮਾਰਪੁਰਸੀ ਮੌਕੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਨਿਰੰਤਰ ਸ਼ਬਦ ਸਾਧਨਾ ਤੇ ਅਧਿਐਨ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਮਾਰਗ ਨੂੰ ਸਮਝਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਦੀਆਂ ਪੁਰਾਣੀ ਗਿਆਨ ਪਰੰਪਰਾ ਅਤੇ ਜੀਵਨ ਜਾਚ ਨੂੰ ਜਿਵੇਂ ਸ਼੍ਰੀ ਗੁਰੂ ਗਰੰਥ ਸਾਹਿਬ ਨੇ ਸੰਭਾਲਿਆ ਤੇ ਭਵਿੱਖ ਪੀੜ੍ਹੀਆਂ ਨੂੰ ਸਦੀਵੀ ਤੌਰ ਤੇ ਸੌਂਪਿਆ ਹੈ, ਉਸ ਨੂੰ ਸਮਝਣ ਤੇ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਰਦੂ ਤੇ ਫ਼ਾਰਸੀ ਭਾਸ਼ਾ ਦੇ ਗਿਆਨ ਕੇਂਦਰ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਵਿਕਸਤ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਸ਼ਬਦ ਦੀ ਅੰਦਰੂਨੀ ਜਾਣਕਾਰੀ ਗ੍ਰਹਿਣ ਕਰ ਸਕੀਏ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗਿਆਨੀ ਪਿੰਦਰਪਾਲ ਸਿੰਘ ਜੀ, ਗਿਆਨੀ ਗੁਰਵਿੰਦਰ ਸਿੰਘ ਕਥਾਵਾਚਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੱਰੀ(ਕੈਨੇਡਾ) ਤੇ ਸਾਬਕਾ ਮੰਤਰੀ ਸ. ਮਲਕੀਅਤ ਸਿੰਘ ਦਾਖਾ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਮੇਰੀ ਸਿਹਤਯਾਬੀ ਲਈ ਲਗਾਤਾਰ ਅਰਦਾਸਾਂ ਕੀਤੀਆਂ ਅਤੇ ਮੈਨੂੰ ਲਗਾਤਾਰ ਹੌਸਲਾ ਦੇ ਕੇ ਕਸ਼ਟ ਵਿੱਚੋਂ ਨਿਕਲਣ ਦਾ ਹੌਸਲਾ ਦਿੱਤਾ। ਉਨ੍ਹਾਂ ਦੱਸਿਆ ਕਿ ਦੋਹਾਂ ਗੋਡਿਆਂ ਦੀ ਸਰਜਰੀ ਉਪਰੰਤ ਉਹ ਹਰ ਰੋਜ਼ ਸਿਹਤਮੰਦ ਹੋ ਰਹੇ ਹਨ। ਮੇਰੇ ਸ਼ੁਭ ਚਿੰਤਕਾਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਦੀ ਲੋੜ ਨਹੀਂ ਕਿਉਂਕਿ ਫਿਜ਼ਿਉਥਰੈਪੀ ਕਾਰਨ ਹਰ ਰੋਜ਼ ਸਿਹਤਯਾਬ ਹੋ ਰਿਹਾ ਹਾਂ।
ਉਨ੍ਹਾਂ ਗਿਆਨੀ ਪਿੰਦਰਪਾਲ ਸਿੰਘ, ਗਿਆਨੀ ਗੁਰਵਿੰਦਰ ਸਿੰਘ ਤੇ ਸ. ਮਲਕੀਅਤ ਸਿੰਘ ਦਾਖਾ ਨੂੰ ਆਪਣੀ ਪਿਛਲੇ 50 ਸਾਲ ਦੌਰਾਨ ਕੀਤੀ ਗ਼ਜ਼ਲ ਰਚਨਾ ਦਾ ਸੰਪੂਰਨ ਸੰਗ੍ਰਹਿ “ਅੱਖਰ ਅੱਖਰ ਭੇਂਟ ਕੀਤਾ।