ਛੁੱਟੀਆਂ ਦਾ ਨਾਮ ਸੁਣਦੇ ਹੀ ਹਰ ਵਿਦਿਆਰਥੀ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਚਾਹੇ ਉਹ ਗਰਮੀ ਦੀਆਂ ਹੋਣ ਜਾਂ ਸਰਦੀ ਦੀਆਂ, ਛੁੱਟੀਆਂ ਹਮੇਸ਼ਾ ਬੱਚਿਆਂ ਲਈ ਖੇਡਾਂ, ਮਨੋਰੰਜਨ ਅਤੇ ਆਰਾਮ ਦਾ ਸਮਾਂ ਲੈ ਕੇ ਆਉਂਦੀਆਂ ਹਨ। ਪਰ ਜਿਵੇਂ ਹੀ ਇਹ ਛੁੱਟੀਆਂ ਮੁਕਦੀਆਂ ਹਨ, ਸਾਰਿਆਂ ਨੂੰ ਮੁੜ ਤੋਂ ਸਕੂਲ ਦੇ ਦਿਨ ਯਾਦ ਆਉਂਦੇ ਹਨ। ਹਣ ਜਦੋਂ 1 ਜੁਲਾਈ ਦਿਨ ਮੰਗਲਵਾਰ ਤੋਂ ਸਕੂਲ ਖੁੱਲ੍ਹ ਰਹੇ ਹਨ ਤਾਂ “ਬੱਚਿਓ! ਛੁੱਟੀਆਂ ਤੋਂ ਬਾਅਦ ਚਲੋ ਸਕੂਲ ਚੱਲੀਏ” ਇਹ ਇੱਕ ਸੱਦਾ ਹੈ, ਜੋ ਸਾਨੂੰ ਫਿਰ ਤੋਂ ਗਿਆਨ ਦੀ ਦੁਨੀਆ ਵੱਲ ਵਾਪਸ ਲੈ ਕੇ ਜਾ ਰਿਹਾ ਹੈ। ਇਹ ਦੁਬਾਰਾ ਸਕੂਲ ਨਾਲ ਜੁੜਨ ਦੀ ਪ੍ਰਕਿਰਿਆ ਵੀ ਹੈ।
ਬੱਚਿਆਂ ਨੂੰ ਜਦੋਂ ਇਹ ਯਾਦ ਆਉਂਦਾ ਹੈ ਕਿ ਉਨ੍ਹਾਂ ਕੱਲ੍ਹ ਤੋਂ ਫਿਰ ਸਕੂਲ ਜਾਣਾ ਹੈ ਤਾਂ ਇੱਕਦਮ ਉਹਨਾਂ ਨੂੰ ਫ਼ਿਕਰ ਜਿਹਾ ਲੱਗ ਜਾਂਦਾ ਹੈ। ਉਹ ਕਾਹਲੀ-ਕਾਹਲੀ ਆਪਣਾ ਬਸਤਾ, ਹੋਰ ਲੋੜੀਂਦਾ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਕੰਮ ਸੰਭਾਲਣ ਲੱਗਦੇ ਹਨ। ਰਿਸ਼ਤੇਦਾਰੀ ਵਿੱਚ ਗਏ ਬੱਚਿਆਂ ਦੀ ਵਾਪਸੀ ਸ਼ੁਰੂ ਹੋ ਜਾਂਦੀ ਹੈ। ਜਿੱਥੇ ਛੁੱਟੀਆਂ ਹੋਣ 'ਤੇ ਉਹਨਾਂ ਬੜੀ ਖੁਸ਼ੀ ਮਨਾਈ ਹੁੰਦੀ ਹੈ, ਉੱਥੇ ਦੁਬਾਰਾ ਸਕੂਲ ਜਾਣ 'ਤੇ ਉਹ ਥੋੜ੍ਹਾ ਮਾਯੂਸ ਵੀ ਹੁੰਦੇ ਹਨ। ਪਰ ਮਾਪਿਆਂ ਅਤੇ ਅਧਿਆਪਕਾਂ ਦੀ ਪ੍ਰੇਰਨਾ ਉਹਨਾਂ ਦੀ ਮਾਨਸਿਕਤਾ ਨੂੰ ਸਕੂਲ ਨਾਲ ਜੋੜ ਦਿੰਦੀ ਹੈ। ਜਿੱਥੇ ਉਹ ਆਪਣੀ ਪੜ੍ਹਾਈ ਨੂੰ ਨਵੇਂ ਸਿਰੇ ਤੋਂ ਫਿਰ ਆਰੰਭ ਕਰ ਲੈਂਦੈ ਹਨ।
*ਛੁੱਟੀਆਂ ਦੀ ਖ਼ੁਸ਼ੀ ਅਤੇ ਲਾਭ:-*
ਛੁੱਟੀਆਂ ਵਿਦਿਆਰਥੀਆਂ ਲਈ ਇੱਕ ਤਰ੍ਹਾਂ ਦੀ ਆਤਮ-ਮੰਥਨ ਦੀ ਵਿਲੱਖਣ ਮੌਕਾ ਹੁੰਦੀਆਂ ਹਨ। ਇਸ ਸਮੇਂ ਦੌਰਾਨ ਉਹ ਆਪਣੀਆਂ ਪਸੰਦ ਦੀਆਂ ਗਤਿਵਿਧੀਆਂ ਵਿੱਚ ਹਿੱਸਾ ਲੈਂਦੇ ਹਨ। ਆਪਣੀਆਂ ਰੁਚੀਆਂ ਨੂੰ ਨਿਖਾਰਦੇ ਹਨ ਅਤੇ ਆਤਮ-ਵਿਕਾਸ ਵੱਲ ਧਿਆਨ ਦਿੰਦੇ ਹਨ। ਕਈ ਬੱਚੇ ਇਸ ਸਮੇਂ ਦੌਰਾਨ ਕਿਤਾਬਾਂ ਪੜ੍ਹਦੇ ਹਨ, ਕਈ ਕਲਾ ਜਾਂ ਸੰਗੀਤ ਦੀ ਸਿਖਲਾਈ ਲੈਂਦੇ ਹਨ ਅਤੇ ਕਈ ਘੁੰਮਣ-ਫਿਰਣ ਜਾਂ ਪਰਿਵਾਰ ਨਾਲ ਸਮਾਂ ਬਿਤਾਉਂਦੇ ਹਨ। ਇਹ ਸਾਰਾ ਕੁਝ ਉਹਨਾਂ ਲਈ ਵਿਲੱਖਣ ਅਤੇ ਸਿੱਖਣ ਭਰਪੂਰ ਹੁੰਦਾ ਹੈ।
*ਪਰ ਛੁੱਟੀਆਂ ਦੇ ਬਾਅਦ...?*
ਜਿਵੇਂ ਹੀ ਛੁੱਟੀਆਂ ਖ਼ਤਮ ਹੁੰਦੀਆਂ ਹਨ ਤਾਂ ਇੱਕ ਵਾਰੀ ਤਾਂ ਬੱਚਿਆਂ ਨੂੰ ਚੰਗਾ ਨਹੀਂ ਲੱਗਦਾ ਕਿ ਉਹ ਮੁੜ ਸਕੂਲ ਜਾਣ, ਕਿਉਂ ਕਿ ਇੱਕ ਤਾਂ ਉਹਨਾਂ ਨੂੰ ਘਰ ਰਹਿਣ ਦੀ ਆਦਤ ਬਣ ਚੁੱਕੀ ਹੁੰਦੀ ਹੈ। ਦੂਜਾ ਆਲਸ, ਰੁਟੀਨ ਵਿੱਚ ਤਬਦੀਲੀ, ਨਵਾਂ ਟਾਈਮਟੇਬਲ, ਹੋਮਵਰਕ ਅਤੇ ਅਧਿਐਨ ਦੀ ਲੰਬੀ ਲੜੀ ਉਨ੍ਹਾਂ ਨੂੰ ਡਰਾਉਣੀ ਲੱਗਦੀ ਹੈ। ਪਰ ਇਹ ਸਮਾਂ ਸੱਚੀ ਤਲਵਾਰ ਦੀ ਤੀਖਣੀ ਕੱਟ ਦੇਖਣ ਦਾ ਹੁੰਦਾ ਹੈ। ਜਿੱਥੇ ਇਕ ਪਾਸੇ ਆਰਾਮ ਸੀ, ਉੱਥੇ ਹੁਣ ਮਿਹਨਤ ਦੀ ਲੋੜ ਹੈ। ਇਸੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰੀਏ ਕਿ ਉਹ ਛੁੱਟੀਆਂ ਤੋਂ ਬਾਅਦ ਵੀ ਉਤਸ਼ਾਹ ਨਾਲ ਸਕੂਲ ਵੱਲ ਵਾਪਸ ਆਉਣ ਅਤੇ ਨਿਰਵਿਘਨਤਾ ਸਹਿਤ ਆਪਣੀ ਪੜ੍ਹਾਈ ਨਾਲ ਜੁੜਨ।
*ਸਕੂਲ ਇੱਕ ਗਿਆਨ ਦਾ ਮੰਦਰ:-*
ਸਕੂਲ ਸਿਰਫ਼ ਇਕ ਇਮਾਰਤ ਨਹੀਂ ਹੁੰਦੀ, ਇਹ ਇੱਕ ਅਜਿਹਾ ਪਵਿੱਤਰ ਸਥਾਨ ਹੈ ਜਿੱਥੇ ਬੱਚੇ ਸਿਰਫ਼ ਪਾਠ ਹੀ ਨਹੀਂ ਪੜ੍ਹਦੇ, ਸਗੋਂ ਜੀਵਨ ਦੇ ਮੁੱਢਲੇ ਸਬਕ ਵੀ ਸਿੱਖਦੇ ਹਨ। ਇੱਥੇ ਉਨ੍ਹਾਂ ਨੂੰ ਅਨੁਸ਼ਾਸਨ, ਸਹਿਯੋਗ, ਸਹਿਣਸ਼ੀਲਤਾ, ਸਤਿਕਾਰ, ਸਮੇਂ ਦੀ ਮਹੱਤਤਾ, ਸੱਚਾਈ, ਜ਼ਿੰਦਗੀ ਦੇ ਮੁੱਲ, ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ। ਛੁੱਟੀਆਂ ਤੋਂ ਬਾਅਦ ਜਦੋਂ ਬੱਚੇ ਮੁੜ ਸਕੂਲ ਚ ਆਉਂਦੇ ਹਨ ਤਾਂ ਉਹ ਤਰੋ-ਤਾਜ਼ਾ ਹੁੰਦੇ ਹਨ। ਉਹਨਾਂ ਵਿੱਚ ਇੱਕ ਨਵੀਂ ਊਰਜਾ ਦਾ ਆਗਾਜ਼ ਹੁੰਦਾ ਹੈ।
*ਨਵਾਂ ਸੈਸ਼ਨ-ਨਵੀਂ ਸ਼ੁਰੂਆਤ:-*
ਛੁੱਟੀਆਂ ਤੋਂ ਬਾਅਦ ਆਉਣ ਵਾਲਾ ਨਵਾਂ ਸੈਸ਼ਨ ਨਵੀਂਆਂ ਉਮੀਦਾਂ, ਨਵੇਂ ਅਧਿਆਪਕ, ਨਵੀਆਂ ਕਿਤਾਬਾਂ ਅਤੇ ਨਵੇਂ ਸਮਾਚਾਰਾਂ ਨਾਲ ਭਰਿਆ ਹੋਇਆ ਹੁੰਦਾ ਹੈ। ਇਹ ਸਮਾਂ ਪਿਛਲੇ ਸੈਸ਼ਨ ਦੀਆਂ ਗਲਤੀਆਂ ਤੋਂ ਸਿੱਖਣ ਦਾ ਹੁੰਦਾ ਹੈ। ਇਸੇ ਸਮੇਂ ਦੌਰਾਨ ਬੱਚੇ ਨਵੀਆਂ ਯੋਜਨਾਵਾਂ ਬਣਾ ਕੇ ਅੱਗੇ ਵਧ ਸਕਦੇ ਹਨ। ਸਕੂਲ ਦੀ ਪਹਿਲੀ ਦਿਨ ਦੀ ਚਮਕਦਾਰ ਹਵਾ, ਸਾਫ਼ ਯੂਨੀਫਾਰਮ, ਨਵੀਂਆਂ ਕਾਪੀਆਂ ਅਤੇ ਪੁਰਾਣੇ ਦੋਸਤਾਂ ਨਾਲ ਮੁਲਾਕਾਤ ਆਦਿ ਵੀ ਇਹ ਸਭ ਕੁਝ ਬੱਚਿਆਂ ਦੀ ਉਤਸ਼ਾਹ ਦੀ ਭਾਵਨਾ ਨੂੰ ਵਧਾਉਂਦੇ ਹਨ।
*ਮਨੋਵਿਗਿਆਨਕ ਪੱਖ:-*
ਬਹੁਤ ਵਾਰੀ ਛੋਟੇ ਬੱਚੇ ਛੁੱਟੀਆਂ ਤੋਂ ਬਾਅਦ ਸਕੂਲ ਜਾਣ ਤੋਂ ਡਰਦੇ ਹਨ। ਇਸ ਡਰ ਨੂੰ ਦੂਰ ਕਰਨ ਲਈ ਮਾਪੇ ਅਤੇ ਅਧਿਆਪਕਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੋ ਜਾਂਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਨਰਮੀ ਨਾਲ ਗੱਲ ਕਰਕੇ, ਉਨ੍ਹਾਂ ਨੂੰ ਸਕੂਲ ਦੀਆਂ ਚੰਗੀਆਂ ਗੱਲਾਂ ਯਾਦ ਕਰਵਾਉਣ। ਅਧਿਆਪਕ ਵੀ ਬੱਚਿਆਂ ਲਈ ਪਹਿਲੇ ਦਿਨ ਹੌਲੀ-ਹੌਲੀ ਰੁਟੀਨ ਸ਼ੁਰੂ ਕਰਨ, ਉਨ੍ਹਾਂ ਦੀ ਮਨ ਦੀ ਹਾਲਤ ਨੂੰ ਸਮਝਣ ਅਤੇ ਉਹਨਾਂ ਨੂੰ ਪ੍ਰੇਰਨਾ ਦੇਣ। ਬੱਚਿਆਂ ਨਾਲ ਛੁੱਟੀਆਂ ਦੌਰਾਨ ਬਿਤਾਏ ਮਹੱਤਵਪੂਰਨ ਪਲਾਂ ਬਾਰੇ ਗੱਲਬਾਤ ਕਰਨ, ਇਸ ਤਰਾਂ ਕਰਨ ਨਾਲ ਇੱਕ-ਦੋ ਦਿਨਾਂ ਵਿੱਚ ਪੜ੍ਹਾਈ ਦਾ ਸੁਖਾਵਾਂ ਮਾਹੌਲ ਬਣ ਜਾਵੇਗਾ ਅਤੇ ਪੜ੍ਹਾਈ ਦਾ ਰੁਟੀਨ ਆਪਣੇ-ਆਪ ਸ਼ੁਰੂ ਹੋ ਜਾਵੇਗਾ।
*ਸਕੂਲ ਦੇ ਪਹਿਲੇ ਦਿਨ ਦੀ ਮਹੱਤਤਾ:-*
ਬੱਚਿਆਂ ਦੀ ਜ਼ਿੰਦਗੀ ਵਿੱਚ ਸਕੂਲ ਦਾ ਪਹਿਲਾ ਦਿਨ ਇਕ ਯਾਦਗਾਰੀ ਪਲ ਹੁੰਦਾ ਹੈ। ਛੁੱਟੀਆਂ ਤੋਂ ਬਾਅਦ ਜਦ ਉਹ ਮੁੜ ਆਪਣੀ ਕਲਾਸ ਵਿੱਚ ਜਾਂਦੇ ਹਨ ਤਾਂ ਉਹਨਾਂ ਦੇ ਮਨ ਵਿੱਚ ਕਈ ਉਲਝਣਾਂ ਹੁੰਦੀਆਂ ਹਨ ਕਿ ਅਧਿਆਪਕ ਉਹਨਾਂ ਨੂੰ ਕੀ ਕਹਿਣਗੇ ? ਕਲਾਸ ਦੇ ਵਿਦਿਆਰਥੀ ਕਿਵੇਂ ਹੋਣਗੇ ? ਪਰ ਜਿਵੇਂ ਹੀ ਕਲਾਸ ਸ਼ੁਰੂ ਹੁੰਦੀ ਹੈ, ਸਾਰੇ ਡਰ ਹੌਲੇ-ਹੌਲੇ ਦੂਰ ਹੋ ਜਾਂਦੇ ਹਨ। ਜਮਾਤ ਦਾ ਵਾਤਾਵਰਨ ਸਾਜਗਾਰ ਬਣਨਾ ਸ਼ੁਰੂ ਹੋ ਜਾਂਦਾ ਹੈ। ਸਹਿਜੇ- ਸਹਿਜੇ ਪੜ੍ਹਾਈ ਆਪਣੇ ਠੀਕ ਰਾਹ 'ਤੇ ਚੱਲ ਪੈਂਦੀ ਹੈ।
*ਸਖਤ ਮਿਹਨਤ ਸਫਲਤਾ ਦੀ ਕੁੰਜੀ:-*
ਇਕ ਚੰਗੇ ਵਿਦਿਆਰਥੀ ਲਈ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਸਭ ਤੋਂ ਵਧੀਆ ਸਾਥੀ ਹੁੰਦੇ ਹਨ। ਛੁੱਟੀਆਂ ਤੋਂ ਬਾਅਦ ਜਦੋਂ ਅਸੀਂ ਮੁੜ ਪੜ੍ਹਾਈ ਦੀ ਦੁਨੀਆਂ ਵਿੱਚ ਕਦਮ ਰੱਖਦੇ ਹਾਂ ਤਾਂ ਸਾਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਅਸੀਂ ਨਵੀਂ ਉਮੀਦ ਅਤੇ ਨਵੇਂ ਉਦੇਸ਼ ਨਾਲ ਆਪਣਾ ਅਧਿਐਨ ਸ਼ੁਰੂ ਕਰਾਂਗੇ। ਸਖ਼ਤ ਮਿਹਨਤ ਦੇ ਨਜ਼ਰੀਏ ਨਾਲ ਕੀਤੀ ਪੜ੍ਹਾਈ ਜੀਵਨ 'ਚ ਨਵਾਂ ਰੰਗ ਭਰ ਦਿੰਦੀ ਹੈ। ਇਹ ਵਿਦਿਆਰਥੀ ਵਰਗ ਨੂੰ ਸਫ਼ਲਤਾ ਦੀ ਪੌੜ੍ਹੀ ਦੇ ਬਿਲਕੁੱਲ ਨਜ਼ਦੀਕ ਲੈ ਜਾਂਦੀ ਹੈ। ਜਿੱਥੋਂ ਕਿ ਉਹਨਾਂ ਨੇ ਤਰੱਕੀ ਅਤੇ ਵਿਕਾਸ ਦੀ ਨਵੀਂ ਉਡਾਣ ਭਰਨੀ ਹੁੰਦੀ ਹੈ।
*ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ:-*
ਇਹ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਸਕੂਲ ਵਾਪਸੀ ਦੌਰਾਨ ਉਤਸ਼ਾਹਿਤ ਕਰਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਸਮਾਂ ਬੱਚਿਆਂ ਨਾਲ ਗੁਜ਼ਾਰਨ, ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣਨ ਅਤੇ ਉਨ੍ਹਾਂ ਨੂੰ ਸਮਝਾਉਣ ਕਿ ਸਕੂਲ ਜਾਣਾ ਕਿਵੇਂ ਉਨ੍ਹਾਂ ਦੇ ਭਵਿੱਖ ਲਈ ਫਾਇਦੇਮੰਦ ਹੈ। ਅੱਜ ਕੱਲ੍ਹ ਸੋਸ਼ਲ ਮੀਡੀਏ ਦਾ ਯੁੱਗ ਹੈ। ਅਧਿਆਪਕ ਵਟਸ ਐਪ ਜ਼ਰੀਏ ਬਣੇ ਕਲਾਸ ਦੇ ਗਰੁੱਪਾਂ ਰਾਹੀ ਵਿਦਿਆਰਥੀਆ ਨੂੰ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਸਕੂਲ ਆਉਣ ਲਈ ਪ੍ਰੇਰਿਤ ਕਰਨ। ਸੋ ਦੋਵੇਂ ਤਰ੍ਹਾਂ ਨਾਲ ਕੀਤੇ ਗਏ ਇਹ ਯਤਨ ਬੱਚਿਆਂ ਨੂੰ ਮੁੜ ਸਕੂਲ ਨਾਲ ਜੁੜਨ ਲਈ ਇੱਕ ਸਾਰਥਕ ਰੋਲ ਨਿਭਾਉਣਗੇ।
*ਸਕੂਲ- ਮਿੱਤਰਤਾ ਅਤੇ ਖੇਡਾਂ ਦਾ ਕੇਂਦਰ:-*
ਸਕੂਲ ਸਿਰਫ਼ ਪੜ੍ਹਨ ਦੀ ਥਾਂ ਨਹੀਂ, ਸਗੋਂ ਇਹ ਮਿੱਤਰਤਾ, ਸਾਂਝ, ਖੇਡਾਂ ਅਤੇ ਮਨੋਰੰਜਨ ਦਾ ਵੀ ਕੇਂਦਰ ਹੁੰਦਾ ਹੈ। ਦੋਸਤਾਂ ਨਾਲ ਗੱਲਾਂ ਕਰਨੀਆਂ, ਇਕੱਠੇ ਖੇਡਾਂ ਖੇਡਣੀਆਂ, ਸਮੂਹਿਕ ਪ੍ਰੋਜੈਕਟ ਤੇ ਕੰਮ ਕਰਨਾ ਆਦਿ। ਇਹ ਸਭ ਕੁਝ ਬੱਚਿਆਂ ਦੇ ਮਨੋਵਿਗਿਆਨਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸੋ ਛੁੱਟੀਆਂ ਤੋਂ ਬਾਅਦ ਸਕੂਲ ਵਾਪਸੀ ਸਿਰਫ਼ ਇੱਕ ਰੁਟੀਨ ਦੀ ਸ਼ੁਰੂਆਤ ਹੀ ਨਹੀਂ, ਸਗੋਂ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ। ਇਹ ਇੱਕ ਅਜਿਹੀ ਯਾਤਰਾ ਜੋ ਸਾਨੂੰ ਗਿਆਨ, ਤਜ਼ਰਬਾ, ਦੋਸਤੀ ਅਤੇ ਉੱਚੇ ਆਦਰਸ਼ ਵੱਲ ਲੈ ਜਾਂਦੀ ਹੈ। ਬੱਚਿਆਂ ਨੂੰ ਛੁੱਟੀਆਂ ਤਾਂ ਹਰ ਸਾਲ ਅਤਿ ਦਰਜ਼ੇ ਦੀ ਗਰਮੀ, ਸਰਦੀ ਤੋਂ ਬਚਾਉਣ ਲਈ ਅਤੇ ਮੌਸਮ ਦੇ ਹਿਸਾਬ ਨਾਲ ਹੁੰਦੀਆਂ ਰਹਿੰਦੀਆ ਹਨ। ਪਰ ਉਸ ਤੋਂ ਬਾਅਦ ਜਾਣਾ ਤਾਂ ਅਕਸਰ ਸਕੂਲ ਹੀ ਹੁੰਦਾ ਹੈ। ਇਸ ਲਈ ਬੱਚਿਆਂ ਦੀ ਮਾਨਸਿਕਤਾ ਨੂੰ ਅਗਾਉਂ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਕੂਲ ਜਾਣ ਲਈ ਤਿਆਰ-ਬਰ-ਤਿਆਰ ਕਰਨਾ ਚਾਹੀਦਾ ਹੈ। ਇਹ ਅਧਿਆਪਕਾਂ ਅਤੇ ਮਾਪਿਆਂ ਦੋਵਾਂ ਦਾ ਸਾਂਝਾ ਫ਼ਰਜ਼ ਬਣਦਾ ਹੈ। ਇਸ ਸੱਦੇ ਨਾਲ ਨਾ ਸਿਰਫ਼ ਅਸੀਂ ਆਪਣੇ ਅਧਿਐਨ ਵੱਲ ਹੀ ਵਾਪਸ ਨਹੀਂ ਮੁੜਦੇ ਹਾਂ, ਸਗੋਂ ਆਪਣੇ ਸੁਨਿਹਰੇ ਭਵਿੱਖ ਦੀ ਰਚਨਾ ਵੀ ਕਰਦੇ ਹਾਂ।

-
ਬੇਅੰਤ ਸਿੰਘ ਮਲੂਕਾ , (ਸਟੇਟ ਐਵਾਰਡੀ) ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ)
******
98720-89538
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.