ਜਬਰਦਸਤ ਬਾਰਸ਼ ਅਤੇ ਹੜ੍ਹਾਂ ਦੀ ਚਿਤਾਵਨੀ ਜਾਰੀ
IMD ਨੇ ਜੁਲਾਈ 2025 ਲਈ ਆਮ ਤੋਂ ਵੱਧ ਮੀਂਹ ਦੀ ਭਵਿੱਖਬਾਣੀ ਕੀਤੀ, ਪੂਰਬੀ-ਮੱਧ ਖੇਤਰ ਲਈ ਹੜ੍ਹ ਦੀ ਚੇਤਾਵਨੀ
ਨਵੀਂ ਦਿੱਲੀ, 1 ਜੁਲਾਈ 2025 : ਭਾਰਤ ਮੌਸਮ ਵਿਭਾਗ (IMD) ਨੇ ਐਲਾਨ ਕੀਤਾ ਹੈ ਕਿ ਜੁਲਾਈ 2025 ਵਿੱਚ ਦੇਸ਼ ਭਰ ਵਿੱਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। IMD ਦੇ ਅਨੁਸਾਰ, ਜੁਲਾਈ ਮਹੀਨੇ ਵਿੱਚ ਮੀਂਹ ਦੀ ਮਾਤਰਾ ਲੰਬੇ ਸਮੇਂ ਦੇ ਔਸਤ (LPA) ਦੇ 106% ਤੋਂ ਵੀ ਵੱਧ ਰਹੇਗੀ। ਇਹ ਖ਼ਬਰ ਕਿਸਾਨਾਂ ਅਤੇ ਪੇਂਡੂ ਅਰਥਵਿਵਸਥਾ ਲਈ ਉਤਸ਼ਾਹਜਨਕ ਹੈ, ਕਿਉਂਕਿ ਜੁਲਾਈ ਮੁੱਖ ਮਾਨਸੂਨ ਮਹੀਨਾ ਹੈ ਅਤੇ ਖਰੀਫ਼ ਫਸਲਾਂ ਦੀ ਬਿਜਾਈ ਲਈ ਸਭ ਤੋਂ ਅਹਿਮ ਸਮਾਂ ਹੁੰਦਾ ਹੈ।
ਖੇਤਰੀ ਚੇਤਾਵਨੀਆਂ ਅਤੇ ਹੜ੍ਹ ਦਾ ਖ਼ਤਰਾ :
IMD ਨੇ ਚੇਤਾਵਨੀ ਦਿੱਤੀ ਹੈ ਕਿ ਉੱਤਰਾਖੰਡ, ਹਰਿਆਣਾ-ਚੰਡੀਗੜ੍ਹ-ਦਿੱਲੀ, ਪੂਰਬੀ ਮੱਧ ਭਾਰਤ (ਓਡੀਸ਼ਾ, ਛੱਤੀਸਗੜ੍ਹ, ਵਿਦਰਭ, ਮਹਾਰਾਸ਼ਟਰ ਦੇ ਕੁਝ ਹਿੱਸੇ ਵਿੱਚ ਹੜ੍ਹ ਵਰਗੀ ਸਥਿਤੀ ਹੋ ਸਕਦੀ ਹੈ।
ਕਈ ਨਦੀਆਂ ਦੇ ਬੇਸਿਨ ਅਤੇ ਪਹਾੜੀ ਇਲਾਕਿਆਂ ਵਿੱਚ ਵਾਧੂ ਮੀਂਹ ਕਾਰਨ ਪਾਣੀ ਦੇ ਭੰਡਾਰਾਂ ਦੀ ਨਿਗਰਾਨੀ ਜ਼ਰੂਰੀ ਹੈ, ਤਾਂ ਜੋ ਸਮੇਂ-ਸਿਰ ਵਾਧੂ ਪਾਣੀ ਛੱਡਿਆ ਜਾ ਸਕੇ।
ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਤੋਂ ਵੱਧ ਜਾਂ ਆਮ ਮੀਂਹ ਹੋਵੇਗਾ। ਉੱਤਰ-ਪੂਰਬੀ ਭਾਰਤ, ਪੂਰਬੀ ਭਾਰਤ ਦੇ ਕਈ ਹਿੱਸੇ, ਦੱਖਣੀ ਪ੍ਰਾਇਦੀਪੀ ਭਾਰਤ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਖੇਤਰ ਆਮ ਤੋਂ ਘੱਟ ਮੀਂਹ ਦੇਖ ਸਕਦੇ ਹਨ।
ਤਾਪਮਾਨ ਭਵਿੱਖਬਾਣੀ :
ਜੁਲਾਈ ਵਿੱਚ ਕਈ ਖੇਤਰਾਂ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਆਮ ਤੋਂ ਘੱਟ ਰਹੇਗਾ। ਪਰ ਉੱਤਰ-ਪੂਰਬੀ ਭਾਰਤ, ਦੱਖਣੀ ਪ੍ਰਾਇਦੀਪ ਅਤੇ ਕੁਝ ਹੋਰ ਖੇਤਰਾਂ ਵਿੱਚ ਘੱਟੋ-ਘੱਟ ਤਾਪਮਾਨ ਆਮ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ।
ਦੱਖਣ-ਪੱਛਮੀ ਮੌਨਸੂਨ ਨੇ ਇਸ ਵਾਰ 24 ਮਈ ਨੂੰ ਕੇਰਲਾ ਵਿੱਚ ਦਾਖਲ ਹੋ ਕੇ 29 ਜੂਨ ਤੱਕ ਪੂਰੇ ਦੇਸ਼ ਨੂੰ ਕਵਰ ਕਰ ਲਿਆ, ਜੋ ਆਮ ਤੌਰ 'ਤੇ 8 ਜੁਲਾਈ ਹੁੰਦਾ ਹੈ।