ਗੀਤ ਸੰਗ੍ਰਹਿ 'ਪੋਹਲੀ ਦੇ ਫੁੱਲ' 'ਤੇ ਵਿਚਾਰ ਚਰਚਾ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਮਈ 2025 - ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਦੇ ਵਿਹੜੇ ਸਵਪਨ ਫਾਊਂਡੇਸ਼ਨ, ਪਟਿਆਲਾ (ਰਜਿ.) ਵੱਲੋਂ ਮਿਤੀ 07.05.2025 ਨੂੰ ਉੱਘੇ ਸ਼ਾਇਰ ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ 'ਪੋਹਲੀ ਦੇ ਫੁੱਲ' 'ਤੇ ਵਿਚਾਰ ਚਰਚਾ ਕਰਵਾਈ ਗਈ। ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਰਵਾਈ ਜਾ ਰਹੀ ਵਿਚਾਰ ਚਰਚਾ ਦੇ ਮਨੋਰਥ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕਿਹਾ ਸਾਨੂੰ ਮਾਣ ਹੈ ਅਸੀਂ ਇਸ ਤਰ੍ਹਾਂ ਦੇ ਉੱਚ ਪੱਧਰੀ ਸਮਾਗਮ ਦਾ ਹਿੱਸਾਂ ਹਾਂ। ਉਹਨਾਂ ਗੀਤ ਸੰਗ੍ਰਹਿ ਬਾਰੇ ਵੀ ਕੁਝ ਗੱਲਾਂ ਸਾਂਝੀਆਂ ਕੀਤੀਆਂ। ਇਸ ਉਪਰੰਤ ਸ਼ਾਇਰ ਸੁਰਜੀਤ ਸੁਮਨ ਹੋਰਾਂ ਨੇ ਵਿਚਾਰ ਚਰਚਾ ਦਾ ਆਗਾਜ਼ ਕਰਦੇ ਹੋਏ ਕਿਹਾ ਕਿ ਇਸ ਗੀਤ ਸੰਗ੍ਰਹਿ ਵਿੱਚ ਸਮਾਜਿਕ ਮੁੱਦੇ ਗੰਭੀਰਤਾ ਨਾਲ ਉਭਾਰੇ ਗਏ ਹਨ।
'ਪੋਹਲੀ ਦੇ ਫੁੱਲ' ਗੀਤ ਸੰਗ੍ਰਹਿ ਦੀ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦੇ ਹੋਏ ਉੱਘੇ ਆਲੋਚਕ ਡਾ. ਰਾਜਿੰਦਰਪਾਲ ਬਰਾੜ ਨੇ ਗੀਤਕਾਰੀ ਦਾ ਇਤਿਹਾਸ ਸਾਂਝਾ ਕਰਦੇ ਹੋਏ ਗੀਤ ਦੇ ਪੱਛੜ ਜਾਣ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਧਰਮ ਕੰਮੇਆਣਾ ਦੀ ਗੀਤਕਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਧਰਮ ਦੀ ਸ਼ਾਇਰੀ ਹੋਸ਼ ਤੇ ਜੋਸ਼ ਦਾ ਸੁਮੇਲ ਹੈ। ਉਹਨਾਂ ਅਗਾਂਹ ਕਿਹਾ ਕਿ ਇਹ ਕਹਿਣਾ ਗ਼ਲਤ ਹੈ ਕਿ ਗੀਤ ਸਿਰਫ਼ ਭਾਵਨਾਵਾਂ ਦਾ ਵਹਿਣ ਹੈ ਤੇ ਇਸ ਵਿੱਚ ਕੋਈ ਵਿਚਾਰ ਨਹੀਂ ਹੁੰਦਾ। ਉਹਨਾਂ ਹੋਰ ਜੋੜਦਿਆਂ ਕਿਹਾ ਕਿ ਧਰਮ ਕੋਲ਼ ਸੁਰ ਲੈਅ ਤਾਲ ਕੁਦਰਤੀ ਹੈ ਜੋ ਇਸ ਦੇ ਗੀਤਾਂ ਨੂੰ ਹੋਰ ਸੁਣਨਯੋਗ ਬਣਾਉਂਦੇ ਹਨ।
ਗੀਤ ਸੰਗ੍ਰਹਿ ਦੇ ਲੇਖਕ ਧਰਮ ਕੰਮੇਆਣਾ ਨੇ ਕਿਹਾ ਕਿ ਸਾਹਿਤ ਦੇ ਕਿਲ੍ਹੇ ਦਾ ਨਿਰਮਾਣ ਕਰਨਾ ਸੌਖਾ ਨਹੀਂ ਹੈ। ਉਹਨਾਂ ਆਪਣੇ ਸਾਹਿਤਕ ਜੀਵਨ ਬਾਰੇ ਵਿਸਥਾਰ ਸਹਿਤ ਦੱਸਿਆ।ਉਹਨਾਂ ਵਿਦਿਆਰਥੀਆਂ ਨੂੰ ਉਦਾਹਰਨਾਂ ਸਹਿਤ ਜੀਵਨ ਦੇ ਕਈ ਪੱਖ ਸਮਝਾਏ। ਆਖ਼ਰ ਵਿੱਚ ਉਹਨਾਂ ਕੁਝ ਗੀਤ ਤਰੁੰਨਮ ਵਿਚ ਵੀ ਗਾਏ।ਮੁੱਖ ਮਹਿਮਾਨ ਪ੍ਰੋ. ਅਤੈ ਸਿੰਘ ਨੇ ਪੰਜਾਬੀ ਗੀਤਕਾਰੀ ਦੇ ਇਤਿਹਾਸਕ ਪਰਿਪੇਖ ਬਾਰੇ ਗੱਲ ਕੀਤੀ। ਉਹਨਾਂ ਅਗਾਂਹ ਕਿਹਾ ਕਿ ਧਰਮ ਕੰਮੇਆਣਾ ਅਸਲ ਵਿੱਚ ਕਵੀ ਹੈ, ਗੀਤਕਾਰੀ ਵਿੱਚ ਉਹ ਬਾਅਦ ਵਿੱਚ ਆਇਆ। ਉਹਨਾਂ ਕੰਮੇਆਣਾ ਦੀ ਗੀਤਕਾਰੀ ਦੇ ਕਈ ਅਣਛੋਹੇ ਨੁਕਤੇ ਵੀ ਸਾਂਝੇ ਕੀਤੇ।
ਸਮਾਗਮ ਦਾ ਮੁੱਖ ਸੁਰ ਭਾਸ਼ਣ ਦਿੰਦੇ ਹੋਏ ਪੰਜਾਬੀ ਯੂਨੀਵਰਸਿਟੀ ਤੋਂ ਉੱਘੀ ਆਲੋਚਕ ਡਾ. ਵੀਰਪਾਲ ਕੌਰ ਸਿੱਧੂ ਨੇ ਕਿਹਾ ਕਿ ਧਰਮ ਕੰਮੇਆਣਾ ਦੇ ਗੀਤਾਂ ਨੂੰ ਲਗਭਗ ਸਾਰੇ ਪ੍ਰਮੁੱਖ ਗਾਇਕਾਂ ਨੇ ਗਾਇਆ ਹੈ। ਉਹਨਾਂ ਕਿਹਾ ਕਿ ਕੰਮੇਆਣਾ ਮਾਨਵਵਾਦੀ ਸ਼ਾਇਰ ਹੈ; ਉਹ ਪੇਂਡੂ ਸਭਿਆਚਾਰ ਨੂੰ ਬੜੀ ਕਲਾਤਮਕਤਾ ਨਾਲ ਪੇਸ਼ ਕਰਨ ਵਾਲ਼ਾ ਸ਼ਾਇਰ ਹੈ। ਉਹਨਾਂ ਅਗਾਂਹ ਕਿਹਾ 'ਪੋਹਲੀ ਦੇ ਫੁੱਲ’ ਕੰਡੇ ਵੀ ਚੋਭਦੇ ਨੇ ਤੇ ਫੁੱਲ ਦੀ ਛੋਹ ਵੀ ਦਿੰਦੇ ਨੇ। ਪ੍ਰੋ. ਜਲੌਰ ਸਿੰਘ ਖੀਵਾ ਨੇ ਧਰਮ ਕੰਮੇਆਣਾ ਨਾਲ ਆਪਣੇ ਦੋਸਤਾਨਾ ਸਬੰਧਾਂ ਦੀ ਗੱਲ ਕਰਦੇ ਹੋਏ ਉਹਨਾਂ ਦੀ ਸਿਰਜਣਾ ਦੇ ਕਈ ਭੇਦ ਖੋਲ੍ਹੇ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਹਰਵਿੰਦਰ ਸਿੰਘ ਨੇ ਗੀਤ ਪ੍ਰਤੀ ਆਪਣੀ ਫਿਕਰਮੰਦੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਗੀਤ ਸਾਡੀ ਰਹਿਤਲ ਨਾਲ ਜੁੜਿਆ ਹੈ, ਅਸੀਂ ਹੋਰ ਸਾਹਿਤਕ ਸ਼ਾਇਰੀ ਦੀਆਂ ਸਿਨਫ਼ਾਂ ਦੇ ਆਉਣ ਨਾਲ ਇਸ ਨੂੰ ਵਿਸਾਰ ਦਿੱਤਾ ਹੈ। ਉਹਨਾਂ ਅਗਾਂਹ ਕਿਹਾ ਕਿ ਧਰਮ ਕੰਮੇਆਣਾ ਲੋਕਾਂ ਅਤੇ ਹਾਲ਼ੀਆਂ-ਪਾਲ਼ੀਆਂ ਦਾ ਸ਼ਾਇਰ ਹੈ।
ਸਮਾਗਮ ਦੇ ਆਖ਼ਰ ਵਿੱਚ ਸਵਪਨ ਫਾਊਂਡੇਸ਼ਨ, ਪਟਿਆਲਾ (ਰਜਿ.) ਦੇ ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਅਗਾਂਹ ਕਿਹਾ ਕਿ ਜਲਦੀ ਹੀ ਉਹਨਾਂ ਦੇ ਮੰਚ ਵੱਲੋਂ ਗੀਤਕਾਰੀ ਬਾਰੇ ਇਕ ਵੱਡਾ ਸੈਮੀਨਾਰ ਕਰਵਾਇਆ ਜਾਵੇਗਾ। ਮੰਚ ਸੰਚਾਲਨ ਫਾਊਂਡੇਸ਼ਨ ਦੇ ਜਨਰਲ ਸਕੱਤਰ ਅਤੇ ਲੇਖਕ ਜਗਦੀਪ ਸਿੱਧੂ ਨੇ ਕੀਤਾ। ਇਸ ਸਮਾਗਮ ਵਿੱਚ ਪਰਵਾਸੀ ਸ਼ਾਇਰ ਗੁਰਦੇਵ ਚੌਹਾਨ, ਪਾਲ ਅਜਨਬੀ, ਗੁਰਦੀਪ ਸਿੰਘ, ਮੰਦਰ ਗਿੱਲ, ਪਿਆਰਾ ਸਿੰਘ ਰਾਹੀ, ਲਾਭ ਸਿੰਘ ਲਹਿਲੀ, ਧਰਮਿੰਦਰ ਸੇਖੋਂ, ਧਿਆਨ ਸਿੰਘ ਕਾਹਲੋਂ, ਲਕਸ਼ਮੀ ਸਿੱਧੂ,ਗਾਇਕ ਪਵਨਦੀਪ, ਭੁਪਿੰਦਰ ਮਲਿਕ, ਹਜ਼ਾਰਾ ਸਿੰਘ ਚੀਮਾ ਆਦਿ ਨੇ ਸ਼ਿਰਕਤ ਕੀਤੀ।ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।