ਕਵਿਤਰੀ ਮਨਦੀਪ ਔਲਖ ਦੇ ਕਾਵਿ-ਸੰਗ੍ਰਹਿ 'ਗਰਲਜ਼ ਹੋਸਟਲ' ਨੂੰ ਭਾਰਤੀ ਸਾਹਿੱਤ ਅਕਾਡਮੀ (ਯੁਵਾ ਵਰਗ) ਪੁਰਸਕਾਰ ਮਿਲਿਆ
ਲੁਧਿਆਣਾ, 20 ਜੂਨ 2025 - ਭਾਰਤੀ ਸਾਹਿੱਤ ਅਕਾਡਮੀ ਵੱਲੋਂ ਹਰ ਸਾਲ ਦਿੱਤੇ ਜਾਣ ਵਾਲੇ ਸਾਹਿਤ ਅਕਾਦਮੀ ਯੁਵਾ ਪੁਰਸਕਾਰ 2024 ਤਹਿਤ ਪੰਜਾਬੀ ਭਾਸ਼ਾ ਲਈ ਲੁਧਿਆਣਾ ਦੇ ਗੌਰਮਿੰਟ ਕਾਲਿਜ ਵਿੱਚ ਅੰਗਰੇਜ਼ੀ ਪੜ੍ਹਾ ਰਹੀ ਪੰਜਾਬੀ ਕਵਿਤਰੀ ਮਨਦੀਪ ਔਲਖ ਦੇ ਕਾਵਿ-ਸੰਗ੍ਰਹਿ 'ਗਰਲਜ਼ ਹੋਸਟਲ' ਨੂੰ ਪੁਰਸਕਾਰ ਦੇਣ ਦਾ ਐਲਾਨ ਹੌਇਆ ਹੈ।
55 ਕਵਿਤਾਵਾਂ ਵਾਲੀ ਇਸ ਕਾਵਿ ਕਿਤਾਬ ਦੇ ਪਹਿਲੇ ਸੰਸਕਰਣ ਨੂੰ ਸਤਪਾਲ ਤੇ ਪ੍ਰੀਤੀ ਸ਼ੈਲੀ ਵਾਲੀਆ ਦੇ ਪ੍ਰਸਿੱਧ 'ਆਟਮ ਆਰਟ ਪਬਲੀਕੇਸ਼ਨ ਪਟਿਆਲਾ' ਨੇ ਪਿਛਲੇ ਵਰ੍ਹੇ 2024'ਚ ਛਾਪਿਆ ਸੀ। ਪੁਸਤਕ ਦਾ ਦੂਜਾ ਐਡੀਅਨ 'ਊੜਾ ਪ੍ਰਕਾਸ਼ਨ' ਨੇ ਪ੍ਰਕਾਸ਼ਿਤ ਕੀਤਾ ਹੈ।
ਸਾਹਿਤ ਅਕਾਦਮੀ ਯੁਵਾ ਐਵਾਰਡ ਲਈ 35 ਸਾਲ ਤੱਕ ਦੀ ਉਮਰ ਵਾਲੇ ਕਿਸੇ ਉੱਭਰ ਰਹੇ ਤੇ ਸੰਭਾਵਨਾਵਾਂ ਭਰਪੂਰ ਨੌਜਵਾਨ ਸਾਹਿਤਕਾਰ ਨੂੰ 50,000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ।
ਮੁਕਾਬਲੇ'ਚ 'ਗਰਲਜ਼ ਹੋਸਟਲ' ਤੋਂ ਬਿਨਾਂ ਮਨਦੀਪ ਔਲਖ ਦੀ ਹੀ ਦੂਸਰੀ ਕਾਵਿ-ਪੁਸਤਕ 'ਮਨ ਕਸਤੂਰੀ', ਖੁਸ਼ਵੀਰ ਕੌਰ ਢਿੱਲੋਂ ਦਾ ਕਾਵਿ-ਸੰਗ੍ਰਹਿ 'ਸੱਭੇ ਰੰਗ ਗੁਲਾਲ', ਹਰਵਿੰਦਰ ਸਿੰਘ ਰੋਡੇ ਦਾ ਨਾਵਲ 'ਪੌੜੀ', ਸੁਖਦੀਪ ਸਿੰਘ ਔਜਲਾ ਦਾ ਗ਼ਜ਼ਲ-ਸੰਗ੍ਰਹਿ 'ਇੱਕ ਕਮਰੇ ਦਾ ਸ਼ਾਇਰ' ਤੇ ਪਿਛਲੀ ਵਾਰ ਦੀ ਤਰ੍ਹਾਂ ਚਿੱਟਾ ਸਿੱਧੂ ਦੀ ਵਾਰਤਕ ਦੀ ਕਿਤਾਬ 'ਦੋ ਢਾਈ ਸਾਲ' ਸ਼ਾਮਲ ਸਨ।
ਉਪਰੋਕਤ ਪੁਰਸਕਾਰ ਚੁਣਨ ਵਾਲੀ ਜਿਊਰੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਜਸਵਿੰਦਰ ਸਿੰਘ ਸੈਣੀ,ਕਹਾਣੀਕਾਰ ਜਸਵੀਰ ਰਾਣਾ ਤੇ ਲੇਖਕ ਪਰਮਜੀਤ ਸਿੰਘ ਮਾਨ(ਸਮੁੰਦਰਨਾਮਾ)ਸ਼ਾਮਲ ਸਨ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਮੁਕੇਰੀਆ ਨਾਲ ਸਬੰਧਿਤ 33 ਵਰ੍ਹਿਆਂ ਦੀ ਸ਼ਾਇਰਾ ਮਨਦੀਪ ਦਾ ਜਨਮ 11 ਫਰਵਰੀ 1992 ਨੂੰ ਪਿਤਾ ਸ. ਨਰਿੰਦਰ ਸਿੰਘ ਦੇ ਘਰ ਮਾਤਾ ਗੁਰਮੀਤ ਕੌਰ ਦੀ ਕੁੱਖੋਂ ਹੋਇਆ।
ਮੁੱਢਲੀ ਪੜ੍ਹਾਈ ਆਪਣੇ ਸ਼ਹਿਰ ਮੁਕੇਰੀਆ ਤੋਂ ਕਰ ਕੇ ਮਨਦੀਪ ਨੇ ਉੱਚ ਵਿੱਦਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਅਤੇ ਹੁਣ ਪੀ.ਐੱਚ.ਡੀ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਰ ਰਹੀ ਹੈ।
ਔਲਖ ਨੇ 'ਜੈਕਨਾਮਾ' ਨਾਲ ਉਚੇਤੇ ਤੌਰ'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਸਕੂਲ ਸਮੇਂ ਤੋਂ ਹੀ ਲਿਖਣ ਦਾ ਸ਼ੌਕ ਹੈ,ਪਰ ਅੰਤਰਮੁਖੀ ਸੁਭਾਅ ਕਾਰਨ ਉਹਕਾਫ਼ੀ ਬਾਅਦ'ਚ ਛਪਣ ਲੱਗੀ।
2017'ਚ ਚੇਤਨਾ ਪ੍ਰਕਾਸ਼ਨ ਵੱਲੋਂ ਛਾਪੇ ਜਾਂਦੇ ਰਸਾਲੇ 'ਤ੍ਰਿਸ਼ੰਕੂ' ਚ ਮਨਦੀਪ ਪਹਿਲੀ ਵਾਰ ਛਪੀ ਤੇ ਫੇਰ ਉਹਨਾਂ ਦੀਆਂ ਕਵਿਤਾਵਾਂ ਅਰਤਿੰਦਰ ਸੰਧੂ ਵੱਲੋਂ ਪ੍ਰਕਾਸ਼ਤਿ ਕੀਤੇ ਜਾਂਦੇ ਪਰਚੇ 'ਸਾਹਿੱਤਕ ਏਕਮ' ਚ ਛਪੀਆਂ।
ਦੇਸ਼ ਭਗਤ ਯਾਦਗਾਰੀ ਹਾਲ'ਚ ਹੋਣ ਵਾਲੇ ਗਦਰੀ ਬਾਬਿਆਂ ਦੇ ਮੇਲੇ'ਚ ਬੋਲੀ ਕਵਿਤਾ 'ਗ਼ੈਰ-ਮੁਲਖ' ਨੂੰ ਉਹ ਅਭੁੱਲ ਯਾਦ ਮੰਨਦੀ ਹੈ।
ਅੱਜ-ਕੱਲ੍ਹ ਉਹ ਸਰਕਾਰੀ ਕਾਲਜ ਲੁਧਿਆਣਾ'ਚ ਬਤੌਰ ਅਸਿਸਟੈਂਟ ਪ੍ਰੋਫੈਸਰ ਅੰਗਰੇਜ਼ੀ ਵਜੋਂ ਕਰਮਸ਼ੀਲ ਹੈ। ਇਸ ਤੋਂ ਪਹਿਲਾਂ ਮਨਦੀਪ ਔਲਖ ਨੇ ਸਾਢੇ ਪੰਜ ਸਾਲ ਦੇ ਕਰੀਬ ਗੁਰੂ ਨਾਨਕ ਕਾਲਜ ਸੁਖਚੈਨਿਆਣਾ ਸਾਹਿਬ ਫਗਵਾੜਾ ਵਿਖੇ ਪੜ੍ਹਾਇਆ।
ਅੰਤਰਮੁਖੀ ਸੁਭਾਅ ਦੇ ਮਾਲਿਕ ਮਨਦੀਪ ਦੱਸਦੇ ਹਨ ਕਿ ਉਹ ਇਹ ਪੁਰਸਕਾਰ ਮਿਲਣ ਤੋਂ ਬਾਅਦ ਖ਼ੁਸ਼ ਹੈ ਤੇ ਅਜਿਹੇ ਸਨਮਾਨ ਹੌਂਸਲਾ ਅਫ਼ਜਾਈ ਦਿੰਦੇ ਹਨ,ਪਰ ਇਕੱਲੇ ਪੁਰਸਕਾਰ ਹੀ ਤੁਹਾਡੇ ਪਾਏਦਾਰ ਕਵੀ ਜਾਂ ਕਵਿਤਰੀ ਹੋਣ ਦਾ ਮਾਪਦੰਡ ਨਹੀਂ ਹੁੰਦੇ ਹਨ।
ਮਨਦੀਪ ਔਲਖ ਦੀ ਪੁਰਸਕਾਰ ਪ੍ਰਾਪਤ ਪੁਸਤਕ 'ਗਰਲਜ਼ ਹੋਸਟਲ' ਤੋਂ ਬਿਨਾਂ ਪ੍ਰਕਾਸ਼ਿਤ ਹੋਣ ਵਾਲੀ ਦੂਜੀ ਕਿਤਾਬ 'ਮਨ ਕਸਤੂਰੀ' ਹੈ, ਜੋ 2019'ਚ ਚੇਤਨਾ ਪ੍ਰਕਾਸ਼ਨ ਨੇ ਛਾਪੀ ਸੀ।
ਮੁਹੱਬਤ,ਕੁਦਰਤ,ਆਪੇ ਨਾਲ ਜੂਝਦੀਆਂ ਤੇ ਨਾਰੀਵਾਦੀ ਸਰੋਕਾਰਾਂ ਵਾਲੀਆਂ ਔਲਖ ਦੀਆਂ ਕਵਿਤਾਵਾਂ ਦੇ ਕੁਝ ਨਮੂਨੇ ਹੇਠਾਂ ਦਿੱਤੇ ਗਏ ਹਨ:-
1️⃣ ਇਕੱਲਿਆਂ ਸਫ਼ਰ ‘ਤੇ
ਮੈਨੂੰ ਇਕੱਲਿਆਂ ਸਫਰ ‘ਤੇ ਜਾਣ ਦਿਓ
ਮੇਰੇ ਕੋਲੋਂ ਨਹੀਂ ਚੁੱਕਿਆ ਜਾਣਾ
ਫਾਲਤੂ ਸਮਾਨ
ਖਾਨਦਾਨੀ ਇੱਜ਼ਤ
ਜਾਤ, ਧਰਮ ਤੇ ਗੋਤਰ
ਹਾਂ ਸੱਚ
ਕੁੜੀ ਹੋਣ ਦੀ ਮਰਿਆਦਾ ਵੀ
ਮੈਂ ਸਫ਼ਰ 'ਤੇ ਆਪਣੇ ਪੈਰਾਂ ਨਾਲ
ਜਾਣਾ ਚਾਹਾਂ
ਆਪਣੀਆਂ ਅੱਖਾਂ ਨਾਲ ਵੀ
ਆਸ ਪਾਸ ਦੀ ਵਿਆਖਿਆ ਕਰਦੀ ਦੂਜੀ ਜ਼ਬਾਨ ਵੀ ਨਹੀਂ ਲਿਜਾਣੀ ਮੈਂ
ਨਾ ਹੀ ਖਾਣ ਪੀਣ ਤੇ ਠਹਿਰਨ ਵਿਚ
ਕਿਸੇ ਹੋਰ ਦੀ ਮਰਜ਼ੀ
ਮੈਨੂੰ ਨਹੀਂ ਪਸੰਦ ਬੱਸ ਵਿਚ
ਬਿਗਾਨੇ ਮਰਦਾਂ ਦੀ ਛੋਹ ਤੋਂ
ਬਚਾਉਣ ਬਹਾਨੇ
ਖਿੜਕੀ ਵੱਲ ਬਿਠਾਇਆ ਜਾਣਾ
ਨਾ ਹੀ ਖਾਣ ਪੀਣ ਵੇਲੇ
ਕਿਸੇ ਹੋਰ ਦਾ ਆਰਡਰ ਕੀਤਾ ਖਾਣਾ
ਤੇ ਫਿਰ ਸਿਫ਼ਤ ਵੀ ਕਰਨੀ
ਮੈਂ ਆਪਣੇ ਕੁੜੀ ਹੋਣ ਦਾ
ਭਾਰੀ ਬੋਝ ਲਾਹ ਕੇ
ਬੱਸ ਵਿਚ ਬਹਿਣਾ ਹੈ
ਪਹਾੜੀ ਸ਼ਹਿਰ ਦੇ ਚੌਕ ਵਿਚ
ਬਰੈਡ ਆਮਲੇਟ ਖਾਣਾ ਹੈ
ਤੇ ਦੇਵਦਾਰਾਂ ਨਾਲ
ਗੱਲਾਂ ਕਰਨੀਆਂ ਹਨ
ਉਨ੍ਹਾਂ ਦੀ ਭਾਸ਼ਾ ਵਿਚ
ਸਰਦ ਹਵਾਵਾਂ ਨੂੰ
ਆਪਣੇ ਚਿਹਰੇ 'ਤੇ ਮਹਿਸੂਸ ਕਰਨਾ
ਝਰਨੇ ਦੇ ਦੂਧੀਆ ਪਾਣੀ ਵਿਚ
ਪੈਰ ਡੋਬ ਕੇ ਬੈਠਣਾ ਹੈ
ਅਣਜਾਣ ਯਾਤਰੂਆਂ ਨਾਲ ਕਰਨੀਆਂ ਹਨ ਗੱਲਾਂ
ਜੋ ਨਹੀਂ ਕੀਤੀਆਂ ਗਈਆਂ ਮੇਰੇ ਨਾਲ
ਉਨ੍ਹਾਂ ਰਾਹਾਂ ਦੀ ਧੂੜ ਨਾਲ ਲਥਪਥ ਹੋਣਾ ਹੈ ਮੈਂ
ਜਿਨ੍ਹਾਂ 'ਤੇ ਜੰਗਲੀ ਜਾਨਵਰਾਂ ਦੇ
ਚਿਤਾਵਨੀ ਬੋਰਡ ਲੱਗੇ ਹਨ
ਕਿਸੇ ਗੈਸਟ ਹਾਊਸ ਜਾਂ
ਹੋਟਲ ਦੀ ਥਾਂ
ਗੁੰਮਨਾਮ ਪਿੰਡ ਦੇ
ਅਨਜਾਣ ਲੋਕਾਂ ਦੇ
ਜਰਜਰੇ ਘਰ ਵਿਚ
ਪਹਾੜੀ ਔਰਤਾਂ ਦੀਆਂ
ਬਣਾਈਆਂ ਗਧੋਲੀਆਂ ਵਿਚ
ਸੌਂ ਕੇ ਵਰ੍ਹਿਆਂ ਦੀ ਥਕਾਨ
ਉਤਾਰਨੀ ਹੈ ਮੈਂ
ਮੈਂ ਇਕੱਲਿਆਂ ਸਫ਼ਰ ਕਰਨਾ ਹੈ
ਆਪਣੇ ਆਪ ਨੂੰ ਵੀ ਪਿਛਾਂਹ ਛੱਡ ਕੇ
(ਗਰਲਜ਼ ਹੋਸਟਲ)
2️⃣ ਭੱਜੋ ਵੀਰੋ ਵੇ
ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ
ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ
ਨਿੱਕੀ ਹੁੰਦੀ ਇਸ ਬੋਲੀ 'ਤੇ ਨੱਚਦੀ
ਤਾਂ ਖੇਤੋਂ ਮੁੜਿਆ ਬਾਪੂ ਹੱਸਦਾ ਹੱਸਦਾ
ਮੈਨੂੰ ਗਲ਼ ਨਾਲ ਲਾ ਲੈਂਦਾ
ਤੇ ਕਹਿੰਦਾ
“ਆਪਾਂ ਸੱਪ ਦੀ ਸਿਰੀ ਫੇਹ ਦੇਵਾਂਗੇ”
ਬਾਪੂ,
ਜੋ ਸੂਰਜ ਨਾਲੋਂ ਪਹਿਲਾਂ ਉਦੈ ਹੁੰਦਾ
ਛਿਪਣ ਤੋਂ ਬਾਅਦ ਵਿਚ ਘਰ ਮੁੜਦਾ
ਗਰਮੀ, ਸਰਦੀ, ਕੱਕਰ, ਪਾਲਾ, ਬਰਸਾਤ, ਧੁੰਦ
ਇਹ ਸ਼ਬਦ ਬਾਪੂ ਲਈ
ਇੱਕੋ ਜਿਹੇ ਰਹੇ
ਇਨ੍ਹਾਂ ਦਾ ਕੋਈ ਅਸਰ
ਉਸਦੇ ਕਰੜੇ ਹੱਡਾਂ ਉੱਪਰ
ਹੋਇਆ ਹੀ ਨਹੀ ਕਦੇ
ਅੱਜ ਬਾਪੂ ਖੇਤ ਵਿਚ ਨਹੀਂ
ਦਿੱਲੀ ਦੀ ਠਰਦੀ ਰਾਤ ਵਿਚ
ਸੜਕ ਉੱਪਰ ਸੁੱਤਾ ਹੈ
ਉਸਦੇ ਕਰੜੇ ਹੱਥ ਤੇ ਬਿਆਈਆਂ ਵਾਲੇ ਪੈਰ ਹੋਰ ਕਰੜੇ ਹੋ ਗਏ ਹੋਣਗੇ
ਸਵੇਰੇ ਸਿਰ ਦੇ ਕੇਸ ਬੰਨ੍ਹ
ਵਾਹਿਗੁਰੂ ਕਹਿ
ਉੱਠ ਜਾਂਦਾ ਹੋਣਾ ਬਾਪੂ
ਧਰਨੇ ਵਿਚ ਸ਼ਾਮਿਲ ਹੋਣ ਲਈ
ਸਿਰਫ ਆਪਣੇ ਖੇਤਾਂ ਦੀ
ਫ਼ਸਲ ਹੀ ਨਹੀਂ
ਸਾਰੇ ਦੇਸ਼ ਨੂੰ
ਫੂਕਾਂ ਮਾਰਦੇ ਸੱਪ ਤੋਂ ਬਚਾਉਣ ਲਈ
ਫੁੰਕਾਰਦੇ ਸੱਪ ਦੀ ਸਿਰੀ ਫੱਗਣ ਲਈ
(ਗਰਲਜ਼ ਹੋਸਟਲ)
3️⃣ ਰੋਟੀਆਂ ਪਕਾਉਂਦੀ ਮਾਂ
ਰੋਟੀਆਂ ਪਕਾਉਂਦੀ ਮਾਂ
ਕਿੰਨਾ ਮਸ਼ੀਨੀ ਲਗਦੀ ਹੈ
ਪੇੜੇ ਕਰਦੀ, ਵੇਲਦੀ, ਤਵੇ ਉੱਪਰ ਥੱਲਦੀ
ਪੱਕ ਗਈ ਰੋਟੀ ਨੂੰ ਚੋਪੜ ਕੇ ਪੋਣੇ ਵਿਚ ਲਪੇਟਦੀ
ਇਵੇਂ ਦਾ ਮਸ਼ੀਨੀ ਹੋਣਾ ਸਿਖਾਇਆ ਗਿਆ ਹੈ ਉਸਨੂੰ
ਬਚਪਨ ਤੋਂ ਹੀ
ਪਤਾ ਹੀ ਨਹੀਂ ਚੱਲਿਆ
ਕਦੋਂ ਇਸ ਵਿਚ ਸੁਖ ਮਿਲਣ ਲੱਗਾ ਮਾਂ ਨੂੰ
ਗਰਮ ਤਵੇ ਨਾਲ ਏਨੀ ਵਾਰ ਲੂਸੇ ਗਏ ਉਸਦੇ ਪੋਟੇ
ਕਿ ਹੁਣ ਸੇਕ ਹੀ ਨਹੀਂ ਲੱਗਦਾ
ਬਸ ਇਕ ਛਾਲਾ ਹੁੰਦਾ
ਇਕ ਨਿਸ਼ਾਨ ਬਣਦਾ
ਕਦੇ ਉਹ ਵੀ ਨਹੀਂ
ਕਮੀਜ਼ ਦੀ ਬਾਂਹ ਨਾਲ ਮੁੜਕਾ ਪੂੰਝਦੀ ਮਾਂ
ਬੜੀ ਦੇਰ ਤੋਂ ਚੁੱਪ ਚਾਪ
ਲਾਹ ਰਹੀ ਰੋਟੀਆਂ
ਮੈਂ ਉਸਨੂੰ
ਬਹਾਨੇ ਨਾਲ ਬੁਲਾ ਲਿਆ ਹੈ
ਤਾਂ ਜੋ ਮਾਂ
ਮਾਂ ਰਹੇ
ਮਸ਼ੀਨ ਨਾ ਬਣ ਜਾਵੇ
(ਗਰਲਜ਼ ਹੋਸਟਲ)
4️⃣ ਮੈਂ ਸੋਨਾ ਨਹੀਂ
ਮਾਂ ਮੇਰੀ
ਅਕਸਰ ਪਿਆਰ ਜਤਾਉਂਦੀ
ਆਖਦੀ 'ਮੇਰੀ ਧੀ ਤਾਂ ਸੋਨਾ'
ਇਹ ਸੁਣ ਕੇ ਮੈਂ ਖੁਸ਼ ਨਹੀਂ ਹੁੰਦੀ
ਤਿਊੜੀਆਂ ਚੜ ਜਾਂਦੀਆਂ
ਸੇਕ ਨਿਕਲਣ ਲਗਦਾ ਅੱਖਾਂ 'ਚੋਂ
ਮੁੱਠੀਆਂ ਮਿਚ ਜਾਂਦੀਆਂ
ਤੇ ਮੈਨੂੰ ਆਪਣੀ ਹੋਂਦ 'ਤੇ ਖਿੱਝ ਆਉਣ ਲਗਦੀ
ਸੋਨਾ ਕੱਚੀ ਧਾਤ
ਮਹਿੰਗੀ, ਕੀਮਤੀ ਤੇ ਦੁਰਲੱਭ
ਪਾਇਆ ਜਾਂਦਾ ਡੂੰਘੀਆਂ ਖਾਨਾਂ 'ਚ
ਜਿਸ ਤੋਂ ਛਤਰ, ਮੁਕਟ ਤੇ ਗਹਿਣੇ ਬਣਦੇ
ਜਾਂ ਝੂਲਦਾ ਤਾਕਤ ਦੇ ਸਿਰ 'ਤੇ
ਧਰਮ ਤੇ ਸਿਆਸਤ ਨੂੰ ਕਰਦਾ ਛਾਂ
ਮੈਂ ਕਦੇ ਨਹੀਂ ਚਾਹਿਆ ਸੋਨਾ ਬਣਨਾ
ਮੈਂ ਤਾਂ ਲੋਹਾ ਬਣਨਾ ਚਾਹਿਆ ਹਮੇਸ਼ਾ
ਨਿੱਗਰ ਧਾਤ
ਮਿੱਟੀ ਵਿਚ ਮਿਲਦੇ ਜਿਸਦੇ ਕਣ
ਪੱਕਾ ਪੀਡਾ ਰੰਗ
ਲੋਹਾ ਜਿਸ ਤੋਂ ਹਥਿਆਰ ਵੀ ਬਣਦੇ
ਤੇ ਹਥੌੜੇ ਵੀ
ਦਾਤਰੀ ਵੀ ਬਣਦੀ
ਵੇ ਸੂਈ ਵੀ
ਲੋਹਾ ਜਿਸਨੂੰ ਪਤਾ ਹੁੰਦੀ
ਮਿਹਨਤ ਤੇ ਪਸੀਨੇ ਦੀ ਕੀਮਤ
ਜੋ ਅੱਗ ਵਿੱਚ ਤਪਦਾ,ਲਾਲ ਹੁੰਦਾ
ਹੋਰ ਨਿੱਗਰ ਹੋ ਕੇ ਨਿਕਲਦਾ
ਬਹੁਤ ਸਾਰੀਆਂ ਸੱਟਾਂ ਖਾਂਦਾ
ਤੇ ਹੋਰ ਫੈਲਦਾ
ਮੈਨੂੰ ਚੰਗਾ ਲੱਗਦਾ
ਲੋਹਾ ਹੋਣਾ
ਚੰਗਾ ਲੱਗਦਾ
ਖੇਤ ਤੋਂ ਲੈ ਕੇ ਰਣ-ਖੇਤਰ ਤੱਕ ਜੂਝਣਾ
ਦਿਲ ਕਰਦਾ ਮਾਂ ਦੇ ਸ਼ਬਦ ਬਦਲ ਦੇਵਾਂ
ਤੇ ਉਸ ਕੋਲੋਂ ਸੋਨਾ ਹੋਣ ਦਾ ਵਰ ਨਹੀਂ
ਲੋਹਾ ਹੋਣ ਦਾ ਸਰਾਪ ਮੰਗ ਲਵਾਂ
(ਮਨ ਕਸਤੂਰੀ)
5️⃣ ਜਾਮਾ ਮਸਜਿਦ ਦੇ ਕਬੂਤਰ
ਦਿੱਲੀ ਦੇ ਭੀੜ ਭਰੇ ਇਲਾਕੇ ਵਿਚ
ਉੱਚੀ ਥਾਂ ਤੇ ਖਲੋਤੀ ਮਾਣਮੱਤੀ
ਜਾਮਾ ਮਸਜਿਦ ਦੇ ਗੁੰਬਦਾਂ 'ਤੇ ਬੈਠੇ ਕਬੂਤਰ
ਮੈਨੂੰ ਇਤਿਹਾਸ ਦਾ ਰੂਪਕ ਜਾਪਦੇ ਹਨ
ਇਤਿਹਾਸ ਦੇ ਪੰਨਿਆਂ ਤੇ ਇਸਲਾਮੀ ਆਮਦਕਾਰਾਂ ਦੇ ਘੋੜਿਆਂ ਦੀ ਪੈੜ ਸਾਕਾਰ ਹੋ ਜਾਂਦੀ ਹੈ
ਉਨ੍ਹਾਂ ਦੀਆਂ ਜਿੱਤਾਂ ਚਮਕਦੀਆਂ ਹਨ
ਉਹ ਲੋਕ ਇਸਲਾਮ ਦੇ ਝੰਡੇ ਹੇਠ ਆ ਜਾਂਦੇ ਹਨ
ਜਿਨ੍ਹਾਂ ਨੂੰ ਧਰਮ-ਪੋਥੀ ਅਛੂਤ ਦੱਸਦੀ ਸੀ
ਜਾਮਾ ਮਸਜਿਦ ਦੇ ਕਬੂਤਰ ਸ਼ਾਨ ਤੇ ਸ਼ਾਂਤੀ ਨਾਲ ਗੁੰਬਦਾਂ 'ਤੇ ਬੈਠੇ ਹਨ
ਇਤਿਹਾਸ ਦਾ ਪੰਨਾ ਪਰਤ ਕੇ
ਜਾਮਾ ਮਸਜਿਦ ਤੋਂ ਬਾਬਰੀ ਤਕ ਆ ਜਾਂਦਾ ਹੈ
ਇਸਲਾਮਕ ਹੋਣਾ
ਅੱਤਵਾਦੀ ਹੋਣਾ ਹੋ ਜਾਂਦਾ ਹੈ
ਹਜ਼ਾਰਾਂ ਨਫਰਤੀ ਅੱਖਾਂ ਝਾਕਦੀਆਂ ਹਨ
ਜਾਮਾ ਮਸਜਿਦ ਦੇ ਕਬੂਤਰ ਉੱਡ ਕੇ
ਵਿਹੜੇ ਚ ਆ ਬੈਠੇ ਹਨ ਡਰੇ-ਡਰੇ
ਇਤਿਹਾਸ ਦਾ ਵਰਕਾ
ਗੋਧਰਾ 'ਤੇ ਆ ਟਿਕਿਆ ਹੈ
ਅੱਗਜ਼ਨੀ, ਧੂੰਆਂ, ਬਲਾਤਕਾਰ,ਕਤਲ
ਜਾਮਾ ਮਸਜਿਦ ਦੇ ਕਬੂਤਰ ਮੰਦਰ ਚੋਂ ਆਉਣ ਲੱਗੀ ਤਿੱਖੀ ਆਵਾਜ਼ ਨਾਲ
ਡਰ ਕੇ ਉੱਡ ਗਏ ਹਨ
ਪਤਾ ਨਹੀਂ ਕਿੱਧਰ
(ਮਨ ਕਸਤੂਰੀ)
6️⃣ ਮੈਂ ਵੀ ਫ਼ੈਜ਼ ਹਾਂ
(ਫ਼ੈਜ਼ ਅਹਿਮਦ ਫ਼ੈਜ਼ ਦੇ ਜਨਮ ਦਿਨ 'ਤੇ ਉਸਨੂੰ ਯਾਦ ਕਰਦਿਆਂ)
ਸਰਗੋਧਾ ਜੇਲ੍ਹ ਦੀ ਉਸ ਬੈਰਕ ਨੂੰ
ਅੱਜ ਵੀ ਫ਼ੈਜ਼ ਯਾਦ ਹੋਵੇਗਾ
ਜੋ ਨੀਮ ਹਨੇਰੇ ਵਿਚ ਜ਼ਿੰਦਾਂਨਾਮਾ ਦੀਆਂ ਕਵਿਤਾਵਾਂ ਗੁਣਗੁਣਾਉਂਦਾ ਸੀ
ਜੋ ਰੂਸੀ ਇਨਕਲਾਬ ਤੋਂ ਲੈ ਕੇ
ਆਪਣੀ ਬੇਟੀ ਦੀ ਸਾਲਗਿਰਹ ਤਕ
ਲਿਖਦਾ ਸੀ ਨਜ਼ਮਾਂ
ਪੂਰੇ ਸਿਦਕ ਤੇ ਸ਼ਿੱਦਤ ਨਾਲ
ਜੋ ਫੌਜੀ ਸ਼ਾਸਕ ਦੇ ਵਿਰੋਧ ਵਿਚ
ਤਾਜ-ਤਖ਼ਤ ਉਛਾਲਣ ਦੀ ਗੱਲ ਕਰਦਾ
ਰਕੀਬ ਨੂੰ ਆਪਣੀ ਮਹਿਬੂਬ ਦੀਆਂ
ਸੁਰਖ਼ ਗੱਲ੍ਹਾਂ ਬਾਰੇ ਦਸਦਾ ਸੀ
ਅੱਜ
ਫ਼ੈਜ਼ ਇਕ ਹਜੂਮ ਦੇ ਬੁੱਲ੍ਹਾਂ ਉੱਪਰ ਥਿਰਕਦਾ ਹੈ
ਸਿਆਣੇ ਤਨਖਾਹੀਏ ਪ੍ਰੋਫੈਸਰ
ਫ਼ੈਜ਼ ਦੀ ਕਵਿਤਾ ਦਾ ਅਪਰੇਸ਼ਨ ਕਰਕੇ
ਧਰਮ ਵਿਰੋਧੀ ਅੰਤੜੀਆਂ
ਲੱਭ ਰਹੇ ਹਨ
ਮੈਂ ਫ਼ੈਜ਼ ਨੂੰ ਪੜ੍ਹ ਰਹੀ ਹਾਂ
ਉਸਦੀ ਕਵਿਤਾ ਮੇਰੇ ਲਹੂ ਚ ਘੁਲ਼ ਰਹੀ ਹੈ
ਸਵੇਰੇ ਮੈਂ ਜਾਗਾਂਗੀ
ਤਾਂ ਫ਼ੈਜ਼ ਹੋਵਾਂਗੀ
ਮੇਰੇ ਮੱਥੇ ਉੱਪਰ ਉਕਰਿਆ ਹੋਵੇਗਾ
ਹਮ ਦੇਖੇਂਗੇ......
(ਗਰਲਜ਼ ਹੋਸਟਲ)
7️⃣ ਸਭ ਤੋਂ ਵੱਡੀ ਗਾਹਲ
( ਵੰਦਨਾ ਕਟਾਰੀਆ ਦੇ ਨਾਮ)
ਤੇਰੇ ਘਰ ਅੱਗੇ ਜਾਤੀਸੂਚਕ ਗਾਹਲਾਂ ਦਿੰਦੀ ਇਹ ਭੀੜ
ਤੇਰੇ ਤੋਂ ਹਾਰ ਚੁੱਕੇ ਲੋਕਾਂ ਦਾ ਹਜੂਮ ਹੈ ਵੰਦਨਾ
ਤੇਰੇ ਵਲੋਂ ਕੀਤੇ ਗੋਲ
ਫੱਟਿਆਂ 'ਤੇ ਨਹੀਂ
ਇਨ੍ਹਾਂ ਦੇ ਜਾਤੀ ਗੌਰਵ ਤੇ ਵੱਜੇ ਸਨ
ਸਦੀਆਂ ਤੱਕ ਲਤਾੜੇ ਤੇ ਕਬਰੀਂ ਸੁੱਤੇ ਤੇਰੇ ਪੁਰਖਿਆਂ ਦੇ ਸੰਗਲ
ਤੂੰ ਹਥੌੜੇ-ਛੈਣੀ ਨਾਲ ਨਹੀਂ
ਹਾਕੀ ਨਾਲ ਢਿੱਲੇ ਕਰ ਦਿੱਤੇ ਸਨ
ਤੂੰ ਆਪਣੀ ਬਸਤੀ ਦੀ
ਸੀਮਾ ਉਲੰਘ ਜਾ ਪੁੱਜੀ ਸੀ
ਨੀਲੇ ਮੈਦਾਨ ਦੇ ਮੰਚ ਉੱਪਰ
ਇਸ ਹਜੂਮ ਕੋਲ਼ ਤੇਰੇ ਲਈ
ਸਭ ਤੋਂ ਵੱਡੀ ਗਾਹਲ
ਹੁਣ ਰੰਡੀ ਜਾਂ ਛਿਨਾਲ ਨਹੀਂ ਹੈ
ਨਾ ਇਨ੍ਹਾਂ ਦੀ ਨਜ਼ਰ ਵਿਚ ਤੇਰਾ ਔਰਤ-ਜੂਨ ਹੋਣਾ ਸਭ ਤੋਂ ਵੱਡਾ ਜੁਰਮ ਹੈ
ਤੇਰੇ ਲਈ ਬਣਾਈਆਂ ਮਰਿਆਦਾ ਦੀਆਂ ਰੱਸੀਆਂ
ਹੁਣ ਤੈਨੂੰ ਰੋਕਣ ਲਈ ਨਾਕਾਫੀ ਹਨ
ਔਰਤ ਹੋਣ ਨੂੰ ਤੂੰ ਉਸ ਉਚਾਈ ਉੱਪਰ ਲੈ ਆਂਦਾ ਹੈ
ਕਿ ਓਥੇ ਇਨ੍ਹਾਂ ਦੀਆਂ ਗਾਹਲਾਂ ਸੁਣਦੀਆਂ ਹੀ ਨਹੀਂ
ਇਹ ਭੀੜ ਤੇਰੀ ਜਾਤ ਨੂੰ ਗਾਹਲਾਂ ਦੇ ਕੇ
ਤਲਾਸ਼ ਰਹੀ ਹੈ
ਸਭ ਤੋਂ ਵੱਡੀ ਗਾਹਲ ਨੂੰ
(ਗਰਲਜ਼ ਹੋਸਟਲ)
'ਜੈਕਨਾਮਾ' ਮਨਦੀਪ ਔਲਖ ਨੂੰ ਉਸਦੀ ਇਸ ਪ੍ਰਾਪਤੀ ਲਈ ਮੁਬਾਰਕਬਾਦ ਕਹਿੰਦਾ ਹੋਇਆ ਭਵਿੱਖ'ਚ ਹੋਰ ਚੰਗੇ ਦੀ ਆਸ ਕਰਦਾ ਹੈ।