← ਪਿਛੇ ਪਰਤੋ
ਪਤਨੀ ਨੂੰ ਕਤਲ ਕਰਨ ਵਾਲਾ ਪਤੀ ਅਸਲੇ ਸਮੇਤ ਗ੍ਰਿਫਤਾਰ ਅਸ਼ੋਕ ਵਰਮਾ ਬਠਿੰਡਾ, 20 ਅਗਸਤ 2025 :ਬਠਿੰਡਾ ਪੁਲਿਸ ਨੇ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਪੱਕਾ ਕਲਾਂ ’ਚ ਗੋਲੀ ਮਾਰਕੇ ਆਪਣੀ ਪਤਨੀ ਨੂੰ ਕਤਲ ਕਰਨ ਦੇ ਮਾਮਲੇ ’ਚ ਮੁਲਜਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਲਾਇਸੰਸੀ ਅਸਲਾ ਵੀ ਬਰਾਮਦ ਕੀਤਾ ਹੈ। ਮੁਲਜਮ ਪਤੀ ਦੀ ਪਛਾਣ ਜਗਸੀਰ ਸਿੰਘ ਉਰਫ ਸੀਰਾ ਪੁੱਤਰ ਝੰਡਾ ਸਿੰਘ ਵਾਸੀ ਪੱਕਾ ਕਲਾਂ ਵਜੋਂ ਹੋਈ ਹੈ। ਕਤਲ ਦਾ ਕਾਰਨ ਘਰੇਲੂ ਕਲੇਸ਼ ਬਣਿਆ ਹੈ ਜਿਸ ਦੇ ਚੱਲਦਿਆਂ ਜਗਸੀਰ ਸਿੰਘ ਨੇ ਮੰਗਲਵਾਰ ਨੂੰ ਆਪਣੀ ਪਤਨੀ ਤੇ ਗੋਲੀ ਚਲਾ ਦਿੱਤੀ ਜਿਸ ਦੇ ਸਿੱਟੇ ਵਜੋਂ ਉਹ ਗੰਭੀਰ ਜਖਮੀ ਹੋ ਗਈ ਸੀ। ਮ੍ਰਿਤਕਾ ਦੀ ਉਮਰ ਆਪਣੇ ਪਤੀ ਨਾਲੋਂ ਕਰੀਬ 8 ਸਾਲ ਜਿਆਦਾ ਸੀ ਜੋ ਜਗਸੀਰ ਸਿੰਘ ਨੂੰ ਅੰਦਰੋ ਅੰਦਰੀ ਚੁਭਦੀ ਆ ਰਹੀ ਸੀ ਅਤੇ ਇਸੇ ਕਾਰਨ ਹੀ ਪ੍ਰੀਵਾਰ ਵਿੱਚ ਦੋਵਾਂ ਜੀਆਂ ਵਿਚਕਾਰ ਨਿੱਤ ਦਿਨ ਹੀ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਇਸ ਦੇ ਚੱਲਦਿਆਂ ਕਈ ਵਾਰ ਮਾਮਲਾ ਪੰਚਾਇਤਾਂ ’ਚ ਵੀ ਗਿਆ ਲੇਕਿਨ ਆਪਸੀ ਕਲੇਸ਼ ਖਤਮ ਨਾਂ ਹੋ ਸਕਿਆ। ਸੋਮਵਾਰ ਨੂੰ ਵੀ ਜਦੋਂ ਆਪਸ ’ਚ ਝਗੜਾ ਹੋਇਆ ਤਾਂ ਗੁੱਸੇ ’ਚ ਆਏ ਜਗਸੀਰ ਸਿੰਘ ਨੇ ਆਪਣਾ ਲਾਈਸੰਸੀ ਪਿਸਤੌਲ ਕੱਢਿਆ ਅਤੇ ਪਤਨੀ ਜਸਪ੍ਰੀਤ ਕੌਰ ਤੇ ਤਿੰਨ ਗੋਲੀਆਂ ਚਲਾ ਦਿੱਤੀਆਂ। ਜਖਮੀ ਮਾਂ ਨੂੰ ਲੈਕੇ ਲੜਕਾ ਪ੍ਰਭਜੋਤ ਸਿੰਘ ਏਮਜ਼ ਹਸਪਤਾਲ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਦਾ ਕਰੀਬ 16 ਸਾਲ ਪਹਿਲਾਂ ਜਸਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਦੋਵਾਂ ਦੇ ਇੱਕ ਲੜਕਾ ਪ੍ਰਭਜੋਤ ਸਿੰਘ ਹੈ ਜਿਸ ਦੀ ਉਮਰ 15 ਸਾਲ ਹੈ। ਜਗਸੀਰ ਸਿੰਘ ਆਪਣੀ ਪਤਨੀ ਨਾਲੋਂ 8 ਸਾਲ ਛੋਟਾ ਹੈ ਜਿਸ ਕਰਕੇ ਉਹ ਸ਼ੁਰੂ ਤੋਂ ਹੀ ਉਸ ਨੂੰ ਪਸੰਦ ਨਹੀਂ ਕਰਦਾ ਸੀ ਇਸੇ ਕਾਰਨ ਹੀ ਘਰ ’ਚ ਦੋਵਾਂ ਵਿਚਕਾਰ ਅਕਸਰ ਲੜਾਈ ਰਹਿੰਦੀ ਸੀ ਜੋ ਸੋਮਵਾਰ ਨੂੰ ਖੂਨੀ ਰੂਪ ਧਾਰਨ ਕਰ ਗਈ। ਐਸਪੀ ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ ਮ੍ਰਿਤਕਾ ਜਸਪ੍ਰੀਤ ਕੌਰ ਉਰਫ ਚਰਨਜੀਤ ਕੌਰ ਦੇ ਲੜਕੇ ਪ੍ਰਭਜੋਤ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਇਸ ਕਤਲ ਸਬੰਧੀ ਥਾਣਾ ਸੰਗਤ ’ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਦਈ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਮਾਂ ਨੂੰ ਉਸ ਦੇ ਪਿਤਾ ਨੇ 32 ਬੋਰ ਦੇ ਲਾਈਸੰਸੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਡੀਐਸਪੀ ਦਿਹਾਤੀ ਹਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਜਗਸੀਰ ਸਿੰਘ ਉਰਫ ਸੀਰਾ ਨੂੰ ਕਾਬੂ ਕਰ ਲਿਆ ਅਤੇ ਉਸ ਨੇ ਆਪਣੀ ਪਤਨੀ ਨੂੰ ਕਤਲ ਕਰਨ ਲਈ ਵਰਤਿਆ ਮੋਟਰਸਾਈਕਲ, 32 ਬੋਰ ਦਾ ਪਿਸਤੌਲ , ਇੱਕ ਜਿੰਦਾ ਕਾਰਤੂਸ ਖੇਤ ਵਾਲੇ ਕੋਠੇ ਚੋਂ ਬਰਾਮਦ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਜਗਸੀਰ ਸਿੰਘ ਉਰਫ ਸੀਰਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਇਸ ਦੌਰਾਨ ਅਗਲੀ ਪੁੱਛਗਿਛ ਕੀਤੀ ਜਾਏਗੀ।
Total Responses : 985