ਰਾਜ ਮਲਹੋਤਰਾ ਆਈ.ਏ.ਐਸ. ਸਟੱਡੀ ਗਰੁੱਪ ਅੰਦਰ 500 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਦਾਖਲਾ: ਸਪੀਕਰ ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ, 20 ਅਗਸਤ 2025:
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੀ.ਸੀ.ਐਸ. ਪ੍ਰੀਖਿਆ ਦੇ ਚਾਹਵਾਨ ਉਮੀਦਵਾਰਾਂ ਨੂੰ ਮੁਫ਼ਤ ਸਿੱਖਿਆ ਅਤੇ ਕੋਚਿੰਗ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਈ.ਏ.ਐਸ. ਸਟੱਡੀ ਗਰੁੱਪ ਦੇ ਰਾਜ ਮਲਹੋਤਰਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਪੀ.ਸੀ.ਐਸ. ਪ੍ਰੀਖਿਆ ਦੇ ਚਾਹਵਾਨ ਉਮੀਦਵਾਰਾਂ ਨੂੰ ਮੁਫ਼ਤ ਕੋਚਿੰਗ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਸਬੰਧੀ, ਆਈ.ਏ.ਐਸ. ਸਟੱਡੀ ਗਰੁੱਪ ਚੰਡੀਗੜ੍ਹ ਦੇ ਰਾਜ ਮਲਹੋਤਰਾ ਨੇ ਪੰਜਾਬ ਵਿਧਾਨ ਸਭਾ ਸਪੀਕਰ ਦੇ ਪ੍ਰਸਤਾਵ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਪੀ.ਸੀ.ਐਸ. (ਕਾਰਜਕਾਰੀ) ਸ਼ੁਰੂਆਤੀ ਪ੍ਰੀਖਿਆ-2025 (ਜਨਰਲ ਸਟੱਡੀਜ਼ ਅਤੇ ਸੀ.ਐਸ.ਏ.ਟੀ.) ਦੀ ਤਿਆਰੀ ਲਈ ਪੰਜਾਬ ਦੇ ਸਾਰੇ ਚਾਹਵਾਨ ਉਮੀਦਵਾਰਾਂ ਨੂੰ ਮੁਫ਼ਤ ਕੋਚਿੰਗ ਪ੍ਰਦਾਨ ਕਰਨਗੇ। ਇਸ ਕੋਰਸ ਦੀ ਮਿਆਦ 45 ਦਿਨ ਹੋਵੇਗੀ।
ਸਪੀਕਰ ਨੇ ਦੱਸਿਆ ਕਿ ਦੋ ਦਿਨਾਂ ਵਿੱਚ ਸੂਬੇ ਭਰ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਪੀ.ਸੀ.ਐਸ. (ਕਾਰਜਕਾਰੀ) ਪ੍ਰੀਖਿਆ ਦੀ ਤਿਆਰੀ ਲਈ ਰਾਜ ਮਲਹੋਤਰਾ ਆਈ.ਏ.ਐਸ. ਸਟੱਡੀ ਗਰੁੱਪ, ਚੰਡੀਗੜ੍ਹ ਵਿੱਚ ਦਾਖਲਾ ਲਿਆ ਹੈ। ਰਜਿਸਟ੍ਰੇਸ਼ਨ ਲਈ, ਵਿਦਿਆਰਥੀ 9814711661 'ਤੇ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦਾ ਨਾਅਰਾ ਲਿਖ ਕੇ ਵਟਸਐਪ ਮੈਸੇਜ ਭੇਜ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਇਸ ਪਹਿਲਕਦਮੀ ਵਿੱਚ ਸ਼ਾਮਲ ਹੋਣ ਅਤੇ ਆਪਣੀ ਕਿਸਮਤ ਬਦਲਣ ਲਈ ਪ੍ਰੇਰਿਤ ਕੀਤਾ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਮੌਕਾ ਨਹੀਂ ਹੈ, ਸਗੋਂ ਚਾਹਵਾਨ ਉਮੀਦਵਾਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਕ ਅਜਿੱਤ ਯਾਤਰਾ ਦੀ ਸ਼ੁਰੂਆਤ ਹੈ। ਇਸ ਪਹਿਲਕਦਮੀ ਤਹਿਤ, ਪੰਜਾਬ ਦੇ ਨੌਜਵਾਨਾਂ ਦੀ ਸਖ਼ਤ ਮਿਹਨਤ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਅਤੇ ਸਫਲਤਾ ਦੇ ਨਵੇਂ ਰਿਕਾਰਡ ਸਥਾਪਤ ਹੋਣਗੇ।
ਸਪੀਕਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬਹੁਤ ਸਾਰੇ ਵਿਦਿਆਰਥੀ ਪ੍ਰਾਈਵੇਟ ਕੋਚਿੰਗ ਸੰਸਥਾਵਾਂ ਦੀਆਂ ਫੀਸਾਂ ਨਹੀਂ ਭਰ ਸਕਦੇ ਕਿਉਂਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਘਰੇਲੂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਸਾਡੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦਾ ਹਰ ਨੌਜਵਾਨ ਮਿਆਰੀ ਸਿੱਖਿਆ ਪ੍ਰਾਪਤ ਕਰੇ ਅਤੇ ਆਪਣੀ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰੇ ਜੋ ਮੁਫ਼ਤ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਕੇ ਉਨ੍ਹਾਂ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਏਗਾ।