ਸਿਧਾਰਥ ਵਰਧਰਾਜਨ ਤੇ ਹੋਰ ਉੱਘੇ ਪੱਤਰਕਾਰਾਂ ਵਿਰੁੱਧ ‘ਰਾਜਧ੍ਰੋਹ’ ਦੇ ਕੇਸ ਰੱਦ ਕੀਤੇ ਜਾਣ - ਜਮਹੂਰੀ ਫਰੰਟ
ਚੰਡੀਗੜ੍ਹ : ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਕਨਵੀਨਰਾਂ ਡਾ.ਪਰਮਿੰਦਰ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਉੱਘੇ ਪੱਤਰਕਾਰਾਂ ਸਿਧਾਰਥ ਵਰਧਰਾਜਨ ਅਤੇ ਕਰਨ ਥਾਪਰ ਵਿਰੁੱਧ ਰਾਜਧ੍ਰੋਹ (ਬੀਐੱਨਐੱਸ ਧਾਰਾ 152) ਅਤੇ ਹੋਰ ਸੰਗੀਨ ਧਾਰਾਵਾਂ ਲਾ ਕੇ ਐੱਫਆਈਆਰ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
‘ਦ ਵਾਇਰ’ ਦੇ ਬਾਨੀ ਸੰਪਾਦਕ ਸਿਧਾਰਥ ਵਰਧਰਾਜਨ ਅਤੇ ਕਰਨ ਥਾਪਰ ਕੌਮਾਂਤਰੀ ਪੱਧਰ ’ਤੇ ਮਕਬੂਲ ਪੱਤਰਕਾਰ ਹਨ ਅਤੇ ਅਸਾਮ ਪੁਲਿਸ ਵੱਲੋਂ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਉਨ੍ਹਾਂ ਵਿਰੁੱਧ ਰਾਜਧ੍ਰੋਹ ਦੀ ਧਾਰਾ ਤਹਿਤ ਦੋ ਮਹੀਨੇ ’ਚ ਦੂਜੀ ਐੱਫਆਈਆਰ ਦਰਜ ਕਰਨ ਤੋਂ ਜ਼ਾਹਿਰ ਹੈ ਕਿ ‘ਦ ਵਾਇਰ’ ਵਰਗੇ ਆਨਲਾਈਨ ਨਿਊਜ਼ ਪੋਰਟਲਾਂ ਦੀ ਬੇਬਾਕ ਪੱਤਰਕਾਰੀ ਭਗਵਾ ਹਕੂਮਤ ਨੂੰ ਅੱਖ ਦੇ ਰੋੜ ਵਾਂਗ ਚੁਭਦੀ ਹੈ।
ਭਾਜਪਾ ਦੀ ਲੀਡਰਸ਼ਿੱਪ ਹਰ ਹਰਬਾ ਵਰਤਕੇ ਉੱਘੇ ਪੱਤਰਕਾਰਾਂ ਦੀ ਜ਼ੁਬਾਨਬੰਦੀ ਕਰਨਾ ਚਾਹੁੰਦੀ ਹੈ ਕਿਉਂਕਿ ਉਨ੍ਹਾਂ ਦੀਆਂ ਮਿਆਰੀ ਆਲੋਚਨਾਤਮਕ ਟਿੱਪਣੀਆਂ ਆਰਐੱਸਐੱਸ-ਭਾਜਪਾ ਦੇ ਫਿਰਕੂ ਫਾਸ਼ੀ ਪ੍ਰੋਜੈਕਟ ਦਾ ਪਰਦਾਫਾਸ਼ ਕਰਦੀਆਂ ਹਨ ਅਤੇ ਭਾਰਤ ਦੇ ਰਾਜਨੀਤਕ ਹਾਲਾਤਾਂ ਨੂੰ ਸਮਝਣ ਲਈ ਉਨ੍ਹਾਂ ਉੱਪਰ ਦੁਨੀਆ ਭਰ ਵਿਚ ਭਰੋਸਾ ਕੀਤਾ ਜਾਂਦਾ ਹੈ। 12 ਅਗਸਤ ਨੂੰ ਸੁਪਰੀਮ ਕੋਰਟ ਨੇ ਨਵੇਂ ਦੇਸ਼ਦ੍ਰੋਹ ਕਾਨੂੰਨ ਦੀ ਸੰਵਿਧਾਨਕਤਾ ਨੂੰ ਚੁਣੌਤੀ ਦੇਣ ਵਾਲੀ ‘ਦ ਵਾਇਰ’ ਦੀ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ ਸੀ ਅਤੇ ਜੁਲਾਈ ਮਹੀਨੇ ਓਪਰੇਸ਼ਨ ਸਿੰਦੂਰ ਬਾਰੇ ‘ਦ ਵਾਇਰ’ ਦੀ ਰਿਪੋਰਟ ਨੂੰ ਆਧਾਰ ਬਣਾਕੇ ਅਦਾਰੇ ਵਿਰੁੱਧ ਅਸਾਮ ਵਿਚ ‘ਰਾਜਧ੍ਰੋਹ’ ਦਾ ਜੋ ਬਦਲਾਲਊ ਕੇਸ ਦਰਜ ਕੀਤਾ ਗਿਆ ਉਸ ਵਿੱਚ ਸਿਧਾਰਥ ਵਰਧਰਾਜਨ ਸਮੇਤ ਸੰਬੰਧਤ ਪੱਤਰਕਾਰਾਂ ਨੂੰ ਅਸਾਮ ਪੁਲਿਸ ਦੁਆਰਾ ਕੀਤੀ ਜਾਣ ਵਾਲੀ ਕਿਸੇ ਵੀ 'ਦੰਡਾਤਮਕ ਕਾਰਵਾਈ' ਤੋਂ ਸੁਰੱਖਿਆ ਪ੍ਰਦਾਨ ਕੀਤੀ ਸੀ। ਸੁਪਰੀਮ ਕੋਰਟ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਸੇ ਦਿਨ, ਗੁਹਾਟੀ ਅਪਰਾਧ ਸ਼ਾਖਾ ਵੱਲੋਂ ਰਾਜ ਪੁਲਿਸ ਦੁਆਰਾ ‘ਰਾਜਧੋ੍ਰਹ’ ਦੀ ਧਾਰਾ ਲਾ ਕੇ ਦਰਜ ਕੀਤੀ ਇਕ ਨਵੀਂ ਐੱਫਆਈਆਰ ਵਿੱਚ ਵਰਧਰਾਜਨ ਅਤੇ ਕਰਨ ਥਾਪਰ ਨੂੰ ਸਮਨ ਜਾਰੀ ਕਰਨਾ ਦਰਸਾਉਂਦਾ ਹੈ ਕਿ ਰਾਜਕੀ ਜਬਰ ਦਾ ਸੰਦ ਬਣਕੇ ਕੰਮ ਕਰਦੇ ਪੁਲਿਸ ਅਧਿਕਾਰੀਆਂ ਦੇ ਮਨਸ਼ੇ ਬੇਬਾਕ ਪੱਤਰਕਾਰਾਂ ਦੀ ਸੰਘੀ ਨੱਪਣ ਦੇ ਹਨ। ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ ਪੱਤਰਕਾਰਾਂ ਅਤੇ ਹੋਰ ਚਿੰਤਕਾਂ ਦੀ ਜ਼ੁਬਾਨਬੰਦੀ ਕਰਨ ਦੀ ਜਾਬਰ ਨੀਤੀ ਬੰਦ ਕੀਤੀ ਜਾਵੇ, ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲੇ ਬੰਦ ਕੀਤੇ ਜਾਣ ਅਤੇ ‘ਦ ਵਾਇਰ’ ਵਿਰੁੱਧ ਦਰਜ ਸਾਰੀਆਂ ਐੱਫਆਈਆਰ ਤੁਰੰਤ ਰੱਦ ਕੀਤੀਆਂ ਜਾਣ।