ਸ਼ਹੀਦ ਕਿਰਨਜੀਤ ਕੌਰ ਦੇ 12 ਅਗਸਤ ਨੂੰ ਹੋਣ ਵਾਲੇ 28ਵੇਂ ਬਰਸੀ ਸਮਾਗ਼ਮ ਦੀਆਂ ਤਿਆਰੀਆਂ ਮੁਕੰਮਲ
ਅਸ਼ੋਕ ਵਰਮਾ
ਮਹਿਲਕਲਾਂ, 11 ਅਗਸਤ 2025 :ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ 28ਵੇਂ ਬਰਸੀ ਸਮਾਗਮ ਦੀਆਂ ਯਾਦਗਾਰ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਅਗਵਾਈ ਵਿੱਚ ਸ਼ੁਰੂ ਹੋਈ ਮੁਹਿੰਮ ਨੇ ਮਹਿਲਕਲਾਂ ਘਰ ਘਰ ਦਸਤਕ ਦੇਣ ਤੋਂ ਬਾਅਦ ਦਾਣਾ ਮੰਡੀ ਵਿੱਚ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਯਾਦਗਾਰ ਕਮੇਟੀ ਮਹਿਲਕਲਾਂ ਦੇ ਆਗੂਆਂ ਦੀ ਅਗਵਾਈ ਵਿੱਚ ਦਰਜਣਾਂ ਨੌਜਵਾਨ ਮੁੰਡੇ ਕੁੜੀਆਂ ਨੇ 12 ਦਿਨ ਲਗਾਤਾਰ ਇਸ ਮੁਹਿੰਮ ਦਾ ਹਿੱਸਾ ਬਣ ਨਵੀਂ ਵਿਲੱਖਣ ਦਿੱਖ ਪ੍ਰਦਾਨ ਕੀਤੀ ਹੈ। ਹਰ ਘਰ ਦੇ ਚੁੱਲ੍ਹੇ ਚੌਂਕੇ ਤੱਕ ਦਸਤਕ ਦੇਕੇ ਇਨ੍ਹਾਂ ਨੌਜਵਾਨਾਂ ਨੇ ਲੀਫਲੈੱਟ ਦੇਕੇ ਥੋੜੇ ਥੋੜੇ ਸਮੇਂ ਲਈ ਵਿਚਾਰ ਵੀ ਸਾਂਝੇ ਕੀਤੇ ਗਏ ਹਨ। ਕੱਲ੍ਹ ਹੋਣ ਵਾਲੇ ਸਮਾਗਮ ਦੀਆਂ ਹਰ ਪੱਖੋਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਸਮੇਂ ਯਾਦਗਾਰ ਕਮੇਟੀ ਦੇ ਆਗੂਆਂ ਮਨਜੀਤ ਧਨੇਰ, ਜਰਨੈਲ ਸਿੰਘ ਚੰਨਣਵਾਲ, ਪ੍ਰੇਮ ਕੁਮਾਰ, ਗੁਰਮੇਲ ਸਿੰਘ ਠੁੱਲੀਵਾਲ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਨੇ ਕਿਹਾ ਕਿ ਇਸ ਵਾਰ 'ਮਹਿਲਕਲਾਂ ਲੋਕ ਘੋਲ - ਜਬਰ ਜ਼ੁਲਮ ਖਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ' ਤੇ ਅਧਾਰਿਤ ਜਸਪਾਲ ਮਾਨਖੇੜਾ ਦਾ ਲਿਖਿਆ ਨਾਵਲ 'ਹਵੇਲੀਆਲਾ' ਲੋਕ ਅਰਪਣ ਕੀਤਾ ਜਾਵੇਗਾ। ਤਿੰਨ ਦਹਾਕੇ ਦੀ ਕਰੀਬ ਲੰਬਾ ਅਰਸਾ ਬੀਤ ਜਾਣ ਨਾਲ ਲੋਕਾਂ ਦੇ ਸਰੋਕਾਰਾਂ ਨਾਲ ਜੁੜੀਆਂ ਉਨ੍ਹਾਂ ਅਹਿਮ ਘਟਨਾਵਾਂ ਦੀ ਮਹੱਤਤਾ ਬਰਕਰਾਰ ਰਹਿੰਦੀ ਹੈ, ਜਿਨ੍ਹਾਂ ਦੀ ਚੇਤੰਨ ਅਗਵਾਈ ਵਿਗਿਆਨਕ ਵਿਚਾਰਾਂ ਨੂੰ ਪ੍ਰਣਾਇਆ ਅਦਾਰਾ/ਸੰਸਥਾ ਕਰਦੀ ਹੋਵੇ। ਮਹਿਲਕਲਾਂ ਲੋਕ ਘੋਲ ਦੀ ਲੋਅ 28 ਸਾਲ ਇਸੇ ਕਰਕੇ ਮੱਧਮ ਨਹੀਂ ਕਿਉਂਕਿ ਮੌਜੂਦਾ ਦੌਰ ਸਮੇਂ ਵਧ ਰਹੀਆਂ ਚੁਣੌਤੀਆਂ ਸੰਗ ਭਿੜਨ ਲਈ ਪਹਿਲਾਂ ਨਾਲੋਂ ਕਿਤੇ ਵਧਕੇ ਅਜਿਹੇ ਲੋਕ ਘੋਲਾਂ ਦੀ ਮਹੱਤਤਾ ਹੈ।
ਆਗੂਆਂ ਕਿਹਾ ਕਿ ਅੱਜ ਵੀ ਔਰਤਾਂ ਖ਼ਿਲਾਫ਼ ਵਧ ਰਿਹਾ ਜ਼ਬਰ-ਜੁਲਮ, ਵਧ ਰਹੀ ਗੈਰ ਬਰਾਬਰੀ, ਨਸ਼ਿਆਂ ਦਾ ਸੰਕਟ, ਬੇਰੁਜ਼ਗਾਰੀ, ਲੈਂਡ ਪੂਲਿੰਗ ਪਾਲਿਸੀ, ਵਾਤਾਵਰਨ ਦਾ ਸੰਕਟ, ਪ੍ਰਮਾਣੂ ਜ਼ੰਗ ਦਾ ਖ਼ਤਰਾ, ਮੋਦੀ ਹਕੂਮਤ ਦਾ ਫ਼ਿਰਕੂ ਫਾਸ਼ੀ ਹੱਲਾ, ਭਗਵੰਤ ਮਾਨ ਦਾ ਮਿਹਨਤਕਸ਼ ਤਬਕਿਆਂ ਉੱਪਰ ਜ਼ਬਰ ਅਜਿਹੇ ਮਸਲੇ ਦਰਪੇਸ਼ ਹਨ, ਜਿਨ੍ਹਾਂ ਖਿਲਾਫ਼ ਮਹਿਲਕਲਾਂ ਲੋਕ ਘੋਲ ਦੀ ਤਰਜ਼ 'ਤੇ'ਵਿਸ਼ਾਲ ਜਨ ਅਧਾਰ ਵਾਲੀ ਲੋਕ ਟਾਕਰੇ ਦੀ ਲਹਿਰ' ਦੀ ਉਸਾਰੀ ਕਰਨ ਦੀ ਲੋੜ ਹੈ। ਔਰਤਾਂ ਖਿਲਾਫ਼ ਜ਼ਬਰ ਜ਼ੁਲਮ ਵਿਅਕਤੀਗਤ ਨਾਲੋਂ ਵੱਧ ਢਾਂਚਾਗਤ ਜ਼ਬਰ ਹੈ। ਹਰ ਖੇਤਰ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਇਨ੍ਹਾਂ ਹਾਲਾਤਾਂ ਵਿੱਚੋਂ ਲੰਘਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਔਰਤਾਂ ਦੀ ਮੁਕੰਮਲ ਮੁਕਤੀ ਦਾ ਸਵਾਲ ਮਹਿਜ਼ ਕਿਸੇ ਇੱਕ ਘਟਨਾ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਨਾਲ ਹੱਲ ਨਹੀਂ ਹੋ ਸਕਦਾ।
ਉਹਨਾਂ ਕਿਹਾ ਕਿ ਇਸ ਜਾਬਰ ਪ੍ਰਬੰਧ ਨੂੰ ਬਦਲ ਕੇ ਨਵਾਂ ਜਮਹੂਰੀ ਲੋਕ ਪ੍ਰਬੰਧ ਦੀ ਸਿਰਜਣਾ ਕਰਨ ਨਾਲ ਹੋਇਆ ਹੈ। ਇਸ ਸਮੇਂ ਜੱਗਾ ਸਿੰਘ, ਅਮਨਦੀਪ ਮਹਿਲਕਲਾਂ, ਅਜਮੇਰ ਸਿੰਘ ਕਾਲਸਾਂ, ਅਮਨਦੀਪ ਸਿੰਘ ਰਾਏਸਰ, ਸੱਤਪਾਲ ਸਿੰਘ ਸਹਿਜੜਾ,ਆਦਿ ਆਗੂਆਂ ਨੇ ਯਾਦਗਾਰ ਕਮੇਟੀ ਦੇ ਆਗੂਆਂ ਨੂੰ ਪਿੰਡ ਵੱਲੋਂ ਵਿਸ਼ਵਾਸ ਦਿਵਾਇਆ ਕਿ ਮਹਿਲਕਲਾਂ ਦੇ ਲੋਕ ਘੋਲ ਦੀ ਮੁੱਢ ਤੋਂ ਹੀ ਢਾਲ ਅਤੇ ਤਲਵਾਰ ਬਣੇ ਹੋਏ ਹਨ। ਵਿਸ਼ਵਾਸ ਦਿਵਾਇਆ ਕਿ ਇਸ ਵਾਰ ਦੇ ਬਰਸੀ ਸਮਾਗਮ ਵਿੱਚ ਮਹਿਲਕਲਾਂ ਤੋਂ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਮਰਦ ਔਰਤਾਂ ਦੇ ਕਾਫ਼ਲੇ ਪੁੱਜਣਗੇ। ਇਸ ਸਮੇਂ ਭਾਅ ਜੀ ਗੁਰਸ਼ਰਨ ਸਿੰਘ ਦਾ ਬੂਟਾ, ਲੋਕ ਕਲਾ ਮੰਚ (ਹਰਕੇਸ਼ ਚੌਧਰੀ) ਵੱਲੋਂ ਪ੍ਰਸਿੱਧ ਨਾਨਕ 'ਧਰਤ ਵੰਗਾਰੇ ਤਖ਼ਤ ਨੂੰ' ਪੇਸ਼ ਕੀਤਾ ਜਾਵੇਗਾ। ਲੁਧਿਆਣਾ ਸਨਅਤੀ ਮਜ਼ਦੂਰਾਂ ਦੇ ਨੌਜਵਾਨ ਬੱਚੇ ਕੋਰਿਓਗ੍ਰਾਫੀ ਵੀ ਪੇਸ਼ ਕਰਨਗੇ।